29 C
Delhi
Friday, May 10, 2024
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਨੇ ਹੋਲਾ ਮਹੱਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

DSGMC observes Hola Mohalla with religious fervour

ਯੈੱਸ ਪੰਜਾਬ
ਨਵੀਂ ਦਿੱਲੀ, 9 ਮਾਰਚ, 2023:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮਹੱਲਾ ਦਾ ਤਿਓਹਾਰ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਪ੍ਰੋਗਰਾਮ ਹੋਏ ਤੇ ਮੁੱਖ ਪ੍ਰੋਗਰਾਮ ਗੁਰਦੁਆਰਾ ਦਮਦਮਾ ਸਾਹਿਬ ਵਿਚ ਹੋਇਆ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1699 ਵਿਚ ਖਾਲਸਾ ਦੀ ਸਾਜਨਾ ਤੋਂ ਬਾਅਦ ਸੰਨ 1700 ਵਿਚ ਗੁਰੂ ਸਾਹਿਬ ਨੇ ਹੋਲੇ ਮਹੱਲਾ ਮਨਾਉਣ ਦੀ ਸ਼ੁਰੂਆਤ ਕੀਤੀ।

ਉਹਨਾਂ ਦੱਸਿਆ ਕਿ ਬੇਸ਼ੱਕ ਹੋਲੇ ਮਹੱਲੇ ਦੇ ਅਰਥਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਵਿਦਵਾਨਾਂ ਨੇ ਆਪੋ ਆਪਣੀ ਰਾਇ ਦਿੱਤੀ ਹੈ ਪਰ ਅਸਲੀਅਤ ਵਿਚ ਗੁਰੂ ਸਾਹਿਬ ਦਾ ਮਕਸਦ ਖਾਲਸਾ ਪੰਥ ਨੂੰ ਦੁਨੀਆਵੀ ਰੰਗਾਂ ਦੀ ਥਾਂ ਪਰਮਾਤਮਾ ਦੇ ਰੰਗ ਵਿਚ ਜੋੜਨਾ ਸੀ। ਉਹਨਾਂ ਕਿਹਾ ਕਿ ਇਸੇ ਲਈ ਹੋਲੇ ਮਹੱਲੇ ’ਤੇ ਆਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਬਹੁਤ ਵੱਡੀ ਪੱਧਰ ’ਤੇ ਮਨਾਇਆ ਜਾਂਦਾ ਹੈ ਜਿਸ ਵਿਚ ਨਿਹੰਗ ਸਿੰਘ ਆਪਣੇ ਜੌਹਰ ਵਿਖਾਉਂਦੇ ਹਨ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਖਾਲਸਾ ਨਾਲ ਸਬੰਧਤ ਵਿਰਾਸਤ ਨੂੰ ਕੌਮੀ ਰਾਜਧਾਨੀ ਵਿਚ ਮਨਾਉਣ ਦਾ ਉਪਰਾਲਾ ਕੀਤਾ ਹੈ ਜਿਸ ਤਹਿਤ ਖਾਲਸਈ ਖੇਡਾਂ ਦਾ ਆਯੋਜਨ ਕੀਤਾ ਜਾਂਦਾਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਮੇਟੀ ਨੇ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਦਿੱਲੀ ਫਤਿਸ ਦਿਵਸ ਨੂੰ ਮਨਾਉਣ ਲਈ ਹੀ ਲਾਲ ਕਿਲ੍ਹੇ ਨੂੰ ਕੇਸਰੀ ਅਤੇ ਨੀਲੀਆਂ ਲਾਈਟਾਂ ਨਾਲ ਸਜਾਇਆ ਜਾਂਦਾ ਹੈ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੋਲੇ ਮਹੱਲੇ ਦੇ ਪ੍ਰੋਗਰਾਮ ਵਿਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਇਥੇ ਪਹੁੰਚੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਗੁਰੂ ਦੀ ਰਜ਼ਾ ਵਿਚ ਆਪਣੇ ਪਰਵ ਨੂੰ ਮਨਾ ਰਹੇ ਹਾਂ।

ਉਹਨਾਂ ਕਿਹਾ ਕਿ ਅਸੀਂ ਆਪਣਾ ਅਮੀਰ ਇਤਿਹਾਸ ਤੇ ਰਿਵਸਾ ਬੱਚਿਆਂ ਤੱਕ ਲੈ ਕੇ ਜਾਰਹੇ ਹਾਂ। ਉਹਨਾਂ ਦੱਸਿਆ ਕਿ ਕੋਰੋਨਾ ਕਾਲ ਕਾਰਨ ਦੋ ਸਾਲ ਇਹ ਪ੍ਰੋਗਰਾਮ ਨਹੀਂ ਹੋ ਸਕਿਆ ਪਰ ਇਸ ਵਾਰ 8 ਅਤੇ 9 ਅਪ੍ਰੈਲ ਨੂੰ ਫਤਿਹ ਦਿਵਸ ਮਨਾਉਣਾ ਹੈ ਜਿਸਨੂੰ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜਿਹਨਾਂ ਦਾ 300 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਨਾਲ ਹੀ ਅਕਾਲੀ ਬਾਬਾ ਫੂਲਾ ਸਿੰਘ ਜੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬੁੱਢਾ ਦਲ ਦੇ ਮੁਖੀ ਰਹੇ ਹਨ, ਉਹਨਾਂ ਦਾ 200 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਉਹਨਾਂ ਨੂੰ ਸਮਰਪਿਤ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਕਮੇਟੀ ਨੇ ਫੈਸਲਾ ਲਿਆ ਹੈ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸ਼ੁਰੂਆਤ ਹੋਈ ਤੇ 6 ਅਪ੍ਰੈਲ ਨੂੰ ਉਥੋਂ ਹੀ ਨਗਰ ਕੀਰਤਨ ਸਜਾਇਆ ਜਾਵੇਗਾ ਜੋ 7 ਅਪ੍ਰੈਲ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਸਮਾਪਤ ਹੋਵੇਗਾ। ਉਹਨਾਂ ਦੱਸਿਆ ਕਿ ਇਸ ਵਿਚ ਨਿਹੰਗ ਸਿੰਘ ਜਥੇਬੰਦੀਆਂ ਤੇ ਪੰਥ ਦੀਆਂ ਹੋਰ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ।

ਉਹਨਾਂ ਇਹਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖਿਆ ਦੇ ਖੇਤਰ ਵਿਚ ਵੱਡੇ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਰ ਜਿਥੇ 120 ਸੀਟਾਂ ਇੰਜੀਨੀਅਰਿੰਗ ਦੀਆਂ ਮਿਲੀਆਂ ਹਨ, ਸਾਨੂੰ ਆਸ ਹੈ ਕਿ ਇਹਨਾਂ ਦੀ ਗਿਣਤੀ 300 ਤੱਕ ਹੋ ਜਾਵੇਗੀ। ਇਸਦੇ ਨਾਲ ਹੀ ਕਮੇਟੀ ਨੇ ਇਕ ਸਾਲ ਵਿਚ 43 ਕਰੋੜ ਰੁਪਏ ਸਕੂਲਾਂ ਨੂੰ ਦਿੱਤੇ ਹਨ ਤਾਂ ਜੋ ਮੁਲਾਜ਼ਮਾਂ ਨੂੰ ਬਣਦਾ ਹੱਕ ਮਿਲ ਸਕੇ।

ਉਹਨਾਂ ਕਿਹਾ ਕਿ ਮੈਡੀਕਲ ਖੇਤਰ ਵਿਚ ਅਸੀਂ ਸੇਵਾਵਾਂ ਵਿਚ ਵਿਸਥਾਰ ਰਹੇ ਹਾਂ। ਜਿਥੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਸਥਿਤ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਵਿਚ ਹੁਣ ਤੱਕ 30 ਹਜ਼ਾਰ ਤੋਂ ਵੱਧ ਐਮ ਆਰ ਆਈ ਤੇ ਸੀ ਟੀ ਸਕੈਨ ਹੋਏ ਹਨ ਜਦੋਂ ਕਿ ਦੁਨੀਆਂ ਵਿਚ ਕਿਸੇ ਵੀ ਸੈਂਟਰ ਵਿਚ ਇੰਨੀ ਐਮ ਆਰ ਆਈ ਨਹੀਂ ਹੋਈ ਹੁੰਦੀ।

ਉਹਨਾਂ ਕਿਹਾ ਕਿ ਇਥੇ ਸਿਰਫ 50 ਰੁਪਏ ਵਿਚ ਐਮ ਆਰ ਆਈ ਹੋ ਰਹੀ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਬਾਲਾ ਸਾਹਿਬ ਵਿਚ ਡਾਇਲਸਿਸ ਦੀਆਂ ਸੇਵਾਵਾਂ ਮੁਫਤ ਚਲ ਰਹੀਆਂ ਤੇ ਰੋਜ਼ਾਨਾ ਸੈਂਕੜਾਂ ਦੀ ਗਿਣਤੀ ਵਿਚ ਮਰੀਜ਼ ਡਾਇਲਸਿਸ ਕਰਵਾ ਕੇ ਜਾਂਦੇ ਹਨ।

ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਕੈਂਸਰ ਦਾ ਪਤਾ ਲਾਉਣ ਵਾਸਤੇ ਟੀ ਸੀਰੀਜ਼ ਕੰਪਨੀ ਨੇ 10 ਕਰੋੜ ਰੁਪਏ ਦੀ ਪੈਟ ਸਕੈਨ ਮਸ਼ੀਨ ਦੇਣ ਦਾ ਇਕਰਾਰ ਕੀਤਾ ਹੈ। ਇਹ ਮਸ਼ੀਨ ਆਰਡਰ ਦੇਣ ਦੇ 6 ਮਹੀਨਿਆਂ ਵਿਚ ਵਿਚ ਆ ਜਾਵੇਗੀ ਤੇ ਸੰਗਤਾਂ ਨੂੰ ਇਹ ਸਹੂਲਤ ਉਪਲਬਧ ਹੋਵੇਗੀ।ਉਹਨਾਂ ਇਸ ਮੌਕੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਤੌਰ ’ਤੇ ਬਣਾਏ ਕਿਤਾਬਚੇ ਨੂੰ ਵੀ ਰਿਲੀਜ਼ ਕੀਤਾ।

ਇਸ ਮੌਕੇ ਦਿੱਲੀ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION