35.6 C
Delhi
Sunday, May 5, 2024
spot_img
spot_img

ਲੜਕੀਆਂ ਕਿਸੇ ਤੋਂ ਘੱਟ ਨਹੀਂ, ਸਮਾਜ ਦੇ ਹਰ ਖ਼ੇਤਰ ਦੀ ਕਰ ਰਹੀਆਂ ਹਨ ਨੁਮਾਇੰਦਗੀ: ਜਿੰਪਾ ਨੇ ਕੁੜੀਆਂ ਦੇ ਸਕੂਲ ਵਿੱਚ ਮਨਾਈ ਲੋਹੜੀ

Cabinet Minister Jimpa celebrates Lohri in Hoshiarpur School

ਯੈੱਸ ਪੰਜਾਬ 
ਹੁਸ਼ਿਆਰਪੁਰ, 13 ਜਨਵਰੀ, 2023 –
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿਚ ਕਿਸੇ ਤੋਂ ਘੱਟ ਨਹੀਂ ਹਨ ਅਤੇ ਉਹ ਸਮਾਜ ਦੇ ਹਰ ਖੇਤਰ ਵਿਚ ਸਫ਼ਲਤਾਪੂਰਵਕ ਨੁਮਾਇੰਦਗੀ ਕਰ ਰਹੀਆਂ ਹਨ। ਉਹ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਚ ਆਯੋਜਿਤ ਲੋਹੜੀ ਤਿਉਹਾਰ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਵਿਦਿਆਰਥਣਾਂ ਨੂੰ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਕੈਬਨਿਟ ਮੰਤਰੀ ਜਿੰਪਾ ਦੀ ਧਰਮ ਪਤਨੀ ਵਿਭਾ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਸਕੂਲ ਵਲੋਂ ਰਵਾਇਤੀ ਢੰਗ ਨਾਲ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਲੜਕੀਆਂ ਦੇ ਬਿਨਾਂ ਸਮਾਜ ਦੀ ਕਲਪਨਾ ਕਰਨਾ ਅਸੰਭਵ ਹੈ, ਇਸ ਲਈ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਵਰਗੀ ਗਲਤ ਸੋਚ ਨੂੰ ਤਿਆਗ ਕੇ ਲੜਕੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਤਾਂ ਹੀ ਸੰਭਵ ਹੋ ਸਕਦਾ ਹੈ, ਜਦ ਲੜਕੀਆਂ ਪੜ੍ਹਾਈ ਕਰਕੇ ਆਪਣਾ ਵਿਕਾਸ ਕਰਨ ਅਤੇ ਆਰਥਿਕ ਤੌਰ ’ਤੇ ਆਜ਼ਾਦ ਹੋ ਕੇ ਸਮਾਜ ਵਿਚ ਸਿਰ ਉਠਾ ਕੇ ਜਿਉਣ।

ਉਨ੍ਹਾਂ ਸਮਾਰੋਹ ਵਿਚ ਹਾਜ਼ਰ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਟੀਚੇ ਨਿਰਧਾਰਤ ਕਰਕੇ ਪੜ੍ਹਾਈ ਕਰਨ ਅਤੇ ਆਪਣਾ ਕਰੀਅਰ ਚੁਣਨ। ਇਸ ਦੌਰਾਨ ਉਨ੍ਹਾਂ ਨੇ ਸਕੂਲ ਪ੍ਰਬੰਧਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨਾਲ ਸਮਾਜ ਵਿਚ ਜਾਗਰੂਕਤਾ ਆਉਂਦੀ ਹੈ, ਇਸ ਲਈ ਸਮੇਂ-ਸਮੇਂ ਸਿਰ ਇਸ ਤਰ੍ਹਾਂ ਦੇ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ। ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੇ ਅੱਗ ਬਾਲ ਕੇ ਲੋਹੜੀ ਦੇ ਸਮਾਰੋਹ ਦੀ ਰਵਾਇਤੀ ਢੰਗ ਨਾਲ ਸ਼ੁਰੂਆਤ ਵੀ ਕੀਤੀ।

ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਅਤੇ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸਾਰਿਆਂ ਦਾ ਮਨ ਮੋਹ ਲਿਆ। ਵਿਦਿਆਰਥਣਾਂ ਦੀਆਂ ਬੋਲੀਆਂ ’ਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ, ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਸਮੇਤ ਹੋਰ ਮਹਿਮਾਨਾਂ ਨੇ ਉਨ੍ਹਾਂ ਨਾਲ ਨੱਚ ਕੇ ਜਿਥੇ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ, ਉਥੇ ਲੋਹੜੀ ਦੀ ਖੁਸ਼ੀ ਵੀ ਮਨਾਈ।

ਕੈਬਨਿਟ ਮੰਤਰੀ ਨੇ ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੂੰ 21 ਹਜ਼ਾਰ ਰੁਪਏ ਲੋਹੜੀ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਹੌਂਸਲਾ-ਅਫਜਾਈ ਵਜੋਂ ਉਨ੍ਹਾਂ ਨੂੰ ਭੇਂਟ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਵਿਚ ਆਡੀਟੋਰੀਅਮ ਬਣਾਉਣ ਦੀ ਮੰਗ ਨੂੰ ਜਲਦ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਲੜਕੀਆਂ ਤਾਂ ਹੀ ਸਮਾਜ ਵਿਚ ਆਪਣਾ ਨਾਮ ਰੌਸ਼ਨ ਕਰ ਸਕਦੀਆਂ ਹਨ, ਜਦ ਉਨ੍ਹਾਂ ਨੂੰ ਪਰਿਵਾਰ ਦਾ ਸਹਿਯੋਗ ਮਿਲੇ, ਇਸ ਲਈ ਉਨ੍ਹਾਂ ਨੇ ਲੜਕੀਆਂ ਦੇ ਮਾਪਿਆਂ ਅਤੇ ਖਾਸ ਕਰਕੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਅਤੇ ਸਹੀ ਦਿਸ਼ਾ ਵਿਚ ਅੱਗੇ ਵੱਧਣ ਦੀ ਪ੍ਰੇਰਨਾ ਦੇਣ।

ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿਚ ਲੜਕੀਆਂ ਆਪਣੀ ਕਾਰਜਕੁਸ਼ਲਤਾ ਦਾ ਲੋਹਾ ਮਨਵਾ ਰਹੀਆਂ ਹਨ। ਅੰਤ ਵਿਚ ਮੁੱਖ ਮਹਿਮਾਨ ਨੇ ਜਿਥੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੂੰਗਫਲੀ ਅਤੇ ਰਿਓੜੀਆਂ ਦੇ ਕੇ ਲੋਹੜੀ ਦੀ ਸ਼ੁਭਕਾਮਨਾਵਾਂ ਦਿੱਤੀਆਂ, ਉਥੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਭਗਵੰਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ, ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ, ਕੌਂਸਲਰ ਮੋਨਿਕਾ ਕਤਨਾ, ਬਲਵਿੰਦਰ ਬਿੰਦੀ, ਵਿਜੇ ਅਗਰਵਾਲ, ਰਾਜੇਸ਼ਵਰ ਦਿਆਲ ਬੱਬੀ, ਵਰਿੰਦਰ ਸ਼ਰਮਾ ਬਿੰਦੂ, ਸਤਵੰਤ ਸਿੰਘ ਸਿਆਣ, ਮਨਜੀਤ ਕੌਰ, ਸੰਤੋਸ਼ ਸੈਣੀ, ਵੀਨਾ, ਮਨਦੀਪ ਕੌਰ, ਚੰਦਨ ਲੱਕੀ ਤੋਂ ਇਲਾਵਾ ਸਕੂਲ ਦੇ ਅਧਿਆਪਕ ਰਵਿੰਦਰ ਕੁਮਾਰ, ਬੀਰਬਲ ਸਿੰਘ, ਸੰਜੀਵ ਅਰੋੜਾ, ਮਧੂ ਸ਼ਰਮਾ, ਰਵਿੰਦਰ ਕੌਰ, ਸ਼ਾਲਨੀ ਅਰੋੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION