ਅੱਜ-ਨਾਮਾ
ਸਿਆਸਤ ਹੋਰ ਤੋਂ ਹੋਰ ਆ ਗਰਮ ਹੁੰਦੀ,
ਵਧਦਾ ਜਾਵੇ ਪਿਆ ਹੋਰ ਵਿਗਾੜ ਮੀਆਂ।
ਬੋਲਣ ਲੀਡਰ ਤਾਂ ਭਾਸ਼ਣ ਵੀ ਗਰਮ ਡਾਢੇ,
ਦਿਲੋਂ ਜਿਸ ਤਰ੍ਹਾਂ ਨਿਕਲਿਆ ਸਾੜ ਮੀਆਂ।
ਉੱਲੂ ਬਾਰੇ ਅਖਾਉਤਾਂ ਹਨ ਕਈ ਸੁਣੀਆਂ,
ਇਹ ਵੀ ਓਦਾਂ ਪਏ ਭਾਲਣ ਉਜਾੜ ਬੇਲੀ।
ਫਿਕਰ ਪਰਜਾ ਦੇ ਕੋਈ ਨਹੀਂ ਕਰਨ ਵਾਲਾ,
ਉਡੀਕਦੇ ਵੋਟਾਂ ਦੀ ਫਸਲ ਦਾ ਝਾੜ ਮੀਆਂ।
ਖਾਂਦੇ ਈ ਜਿਹੜੇ ਸੰਵਿਧਾਨ ਦੀ ਸਹੁੰ ਲੀਡਰ,
ਇਹ ਵੀ ਫੋਕਾ ਹੈ ਸਹੁੰਆਂ ਦਾ ਭਰਮ ਮੀਆਂ।
ਕਾਹਦੀਆਂ ਸਹੁੰਆਂ ਤੇ ਫਰਜ਼ ਦੀ ਸੋਚ ਏਥੇ,
ਕਿਰਦਾਰ ਵਾਸਤੇ ਕੋਈ ਨਹੀਂ ਸ਼ਰਮ ਮੀਆਂ।
-ਤੀਸ ਮਾਰ ਖਾਂ
ਫਰਵਰੀ 28, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ