ਯੈੱਸ ਪੰਜਾਬ
ਲੁਧਿਆਣਾ, 4 ਦਸੰਬਰ, 2022:
ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸਮਝੇ ਜਾਂਦੇ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਸਨਿਚਰਵਾਰ ਨੂੰ ਲੁਧਿਆਣਾ ਦੀ ਇਕ ਅਦਾਲਤ ਵੱਲੋਂ ਖ਼ਾਰਜ ਕਰ ਦਿੱਤੀ ਗਈ।
ਮੰਡੀਆਂ ਵਿੱਚੋਂ ਅਨਾਜ ਦੀ ਢੋਆ ਢੁਆਈ ਸੰਬੰਧੀ ਟਰਾਂਸਪੋਰਟ ਟੈਂਡਰ ਘੋਟਾਲੇ ਵਿੱਚ ਸ਼ਾਮਲ ਤੇਲੂ ਰਾਮ ਲਈ ਹੁਣ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਰਾਹ ਹੀ ਬਚਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਪੀ.ਏ.ਇੰਦਰਜੀਤ ਸਿੰਘ ਇੰਦੀ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਹੋ ਚੁੱੱਕੀਆਂ ਹਨ। ਸਾਬਕਾ ਮੰਤਰੀ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਯਾਦ ਰਹੇ ਕਿ ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਹੀ ਤੇਲੂ ਰਾਮ ਦੀ ਹੋਈ ਸੀ ਜਿਸ ਮਗਰੋਂ ਵਿਜੀਲੈਂਸ ਨੇ ਕੜੀ ਨਾਲ ਕੜੀ ਜੋੜਦਿਆਂ ਬਾਅਦ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਇਕ ‘ਸੈਲੂਨ’ ਵਿੱਚੋਂ ਉਸ ਵੇਲੇ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਸੀ ਜਦ ਉਹ ਉੱਥੇ ਆਪਣੇ ਵਾਲਾਂ ਦੀ ‘ਕਟਿੰਗ’ ਕਰਵਾ ਰਹੇ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ