ਪਟਿਆਲਾ, 26 ਦਸੰਬਰ, 2019:
ਬੀਤੀ 21 ਦਸੰਬਰ ਨੂੰ ਦੇਵੀਗੜ ਵਿਖੇ ਪੱਤਰਕਾਰ ਸ. ਮੁਖਤਿਆਰ ਸਿੰਘ ਨੌਗਾਂਵਾ ਨੂੰ ਘੇਰਕੇ ਕੁੱਝ ਵਿਅਕਤੀਆਂ ਵੱਲੋਂ ਡੰਡੇ ਸੋਟੀਆਂ ਨਾਲ ਕੀਤੀ ਕੁੱਟਮਾਰ ਦੇ ਦੋਸ਼ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਜੁਲਕਾਂ ਦੇ ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ 21 ਦਸੰਬਰ ਨੂੰ ਸ਼ਾਮ 6:30 ਵਜੇ ਪੱਤਰਕਾਰ ਸ. ਮੁਖਤਿਆਰ ਸਿੰਘ ਨੌਗਾਂਵਾ ਪੁੱਤਰ ਲਾਲ ਸਿੰਘ ਵਾਸੀ ਜਗਜੀਤ ਕਲੋਨੀ ਅੱਡਾ ਦੇਵੀਗੜ ਜੋ ਆਪਣਾ ਦਫਤਰ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੈਸਟ ਹਾਊਸ ਭੰਬੂਆ ਰੋਡ ਦੇਵੀਗੜ ਕੋਲ ਪੱਤਰ ਮੁਖਤਿਆਰ ਸਿੰਘ ਨੌਗਾਂਵਾ ਨੂੰ ਘੇਰ ਕੇ ਉਸਦੀ ਡੰਡੇ ਸੋਟੀਆਂ ਨਾਲ ਕਾਫੀ ਕੁੱਟਮਾਰ ਕੀਤੀ ਜਿਸ ‘ਤੇ ਮੁਕੱਦਮਾ ਨੰਬਰ 161 ਮਿਤੀ 21.12.19 ਥਾਣਾ ਜੁਲਕਾਂ ਵਿਖੇ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਕਰਦਿਆ ਐਸ.ਪੀ. ਸਿਟੀ ਸ਼੍ਰੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ. ਦਿਹਾਤੀ ਸ਼੍ਰੀ ਅਜੈਪਾਲ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੁਲਕਾ ਵੱਲੋ ਇਸ ਕੇਸ ਦੀ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਹਮਲਾਵਰਾਂ ਨੂੰ ਲੱਭਿਆ ਜੋ ਕਿ ਹਮਲਾਵਰ ਹਰਬੰਸ ਸਿੰਘ ਪੁੱਤਰ ਇਸ਼ਰ ਸਿੰਘ, ਰਜੇਸ਼ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਪਿੰਡ ਭਸਮੜਾ ਥਾਣਾ ਜੁਲਕਾ, ਹੇਮ ਰਾਜ ਪੁੱਤਰ ਫਕੀਰ ਚੰਦ ਵਾਸੀ ਦੁਧਨ ਸਾਧਾ ਅਤੇ ਇਕਬਾਲ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਲਲੌਛੀ ਥਾਣਾ ਸਦਰ ਸਮਾਣਾ ਦੋਸੀਆਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਹਮਲੇ ਵਿਚ ਵਰਤੇ ਗਏ ਹਥਿਆਰ ਡੰਡੇ ਸੋਟੀਆ ਨੂੰ ਬਰਾਮਦ ਕੀਤਾ ਗਿਆ।
ਥਾਣਾ ਜੁਲਕਾ ਦੇ ਐਸ.ਐਚ.ਓ. ਨੇ ਦੱਸਿਆ ਕਿ ਇਸ ਮੁਕੱਦਮੇ ਸਬੰਧੀ ਤਫਤੀਸ਼ ਜਾਰੀ ਹੈ ਜੇਕਰ ਇਸ ਮੁਕੱਦਮੇ ਵਿੱਚ ਕੋਈ ਹੋਰ ਵੀ ਸ਼ਾਮਲ ਹੋਇਆ ਤਾਂ ਉਸਨੂੰ ਬਖਸ਼ਿਆ ਨਹੀ ਜਾਵੇਗਾ।