ਫਿਰੋਜ਼ਪੁਰ, 19 ਦਸੰਬਰ, 2019 –
ਲੋਕਾਂ ਦੀ ਮੰਗ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਆਪਣੀ ਰਿਹਾਇਸ਼ ਝੋਕ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਤੀਜੇ ਦਿਨ ਵੀਰਵਾਰ ਨੂੰ ਵਿਸ਼ੇਸ਼ ਕੈਂਪ ਲਗਾਇਆ। ਵਿਧਾਇਕ ਪਰਮਿੰਦਰ ਸਿੰਘ ਦੀ ਪਤਨੀ ਸਰਦਾਰਨੀ ਇੰਦਰਜੀਤ ਕੌਰ ਖੋਸਾ ਨੇ ਦੱਸਿਆ ਕਿ ਇਸ 3 ਰੋਜ਼ਾ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ 1500 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਲੋਕਾਂ ਨੂੰ ਵਿਕਲਾਂਗਤਾ/ਅੰਗਹੀਣ ਸਰਟੀਫਿਕੇਟ ਦੇਣ ਲਈ ਯੋਗ ਚੁਣਿਆ ਗਿਆ।
ਸਰਦਾਰਨੀ ਇੰਦਰਜੀਤ ਕੌਰ ਖੋਸਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਜਿਹੜੇ ਜ਼ਰੂਰਤਮੰਦ ਦਿਵਿਆਂਗਾਂ ਦੀ ਅੰਗਹੀਣਤਾ ਸਰਟੀਫਿਕੇਟ ਲਈ ਚੋਣ ਹੋਈ ਹੈ, ਉਨ੍ਹਾਂ ਦੇ ਦਿਵਿਆਂਗਤਾ ਸਰਟੀਫਿਕੇਟ ਬਣਨ ਤੋਂ ਬਾਅਦ ਕੰਪਿਊਟਰ ਰਾਹੀਂ ਇਨ੍ਹਾਂ ਯੋਗ ਦਿਵਿਆਂਗ ਬੱਚਿਆਂ ਦਾ ਯੂ.ਡੀ.ਆਈ.ਡੀ. ਕਾਰਡ ਬਣੇਗਾ।
ਜਿਸ ਰਾਹੀਂ ਇਨ੍ਹਾਂ ਦਾ ਇਲਾਜ ਮੁਫ਼ਤ, ਹਾਰਟ ਸਰਜਰੀ, ਪੈਨਸ਼ਨ ਸਕੀਮ, ਨੌਕਰੀ ਵਿੱਚ ਵੀ ਪਹਿਲ, ਅੰਗਹੀਣ ਬੱਚੇ ਤੇ ਨਾਲ ਪਰਿਵਾਰ ਦੇ ਇੱਕ ਜੀਅ ਦਾ ਆਲ ਇੰਡੀਆ ਸਫ਼ਰ ਮੁਫ਼ਤ ਆਦਿ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੇ ਫ਼ਰੀਦਕੋਟ ਦੇ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਵੱਲੋਂ ਇਨ੍ਹਾਂ ਬੱਚਿਆਂ ਦਿਵਿਆਂਗ ਬੱਚਿਆਂ ਨੂੰ ਇਨ੍ਹਾਂ ਦੀ ਅਪੰਗਤਾ ਦੇ ਹਿਸਾਬ ਨਾਲ ਚੈੱਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਇਸ ਤਿੰਨ ਰੋਜ਼ਾ ਕੈਂਪ ਦੌਰਾਨ ਇਹ ਕੋਸ਼ਿਸ਼ ਰਹੀਂ ਹੈ ਕਿ ਕੋਈ ਵੀ ਯੋਗ ਦਿਵਿਆਂਗ ਆਪਣਾ ਦਿਵਿਆਂਗਤਾ ਸਰਟੀਫਿਕੇਟ ਤੋਂ ਵਾਂਝਾ ਨਾ ਰਹੇ ਤੇ ਉਸ ਨੂੰ ਆਪਣਾ ਸਰਟੀਫਿਕੇਟ ਬਣਾਉਣ ਲਈ ਥਾਂ-ਥਾਂ ਗੇੜੇ ਨਾ ਮਾਰਨੇ ਪੈਣ।
ਰਾਧੇ ਰਾਧੇ ਵੈੱਲਫੇਅਰ ਸੋਸਾਇਟੀ ਦੇ ਸ੍ਰੀ. ਚੰਦਰ ਮੋਹਨ ਹਾਂਡਾ ਅਤੇ ਸਰਬੱਤ ਦਾ ਭਲਾ ਤੋਂ ਸ਼ੈਲੀ ਕੰਬੋਜ ਨੇ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਆਪਣੀ ਰਿਹਾਇਸ਼ ਵਿਖੇ ਇਹ ਤਿੰਨ ਰੋਜ਼ਾ ਕੈਂਪ ਲਗਾ ਕੇ ਅੰਗਹੀਣ ਬੱਚਿਆਂ ਦੇ ਉਨ੍ਹਾਂ ਦੀ ਅਪੰਗਤਾ ਦੇ ਹਿਸਾਬ ਨਾਲ ਜੋ ਇਹ ਸਰਟੀਫਿਕੇਟ ਬਣਾਉਣ ਦਾ ਕਾਰਜ ਆਰੰਭਿਆ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।
ਇਸ ਨਾਲ ਇਨ੍ਹਾਂ ਅੰਗਹੀਣ ਬੱਚਿਆਂ ਨੂੰ ਇੱਕੋ ਛੱਤ ਹੇਠਾਂ ਹੀ ਆਪਣੇ ਅੰਗਹੀਣਤਾ ਸਰਟੀਫਿਕੇਟ ਬਣਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਐੱਮ.ਐੱਲ.ਏਜ਼ ਅਤੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਵੱਲੋਂ ਕੀਤੇ ਇਸ ਕਾਰਜ ਤੋਂ ਸੇਧ ਲੈ ਕੇ ਆਪਣੇ ਹਲਕਿਆਂ ਵਿੱਚ ਇਹੋ ਜਿਹੇ ਕੈਂਪ ਲਗਾ ਕੇ ਇਨ੍ਹਾਂ ਅੰਗਹੀਣ ਬੱਚਿਆਂ/ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਇਸ ਮੌਕੇ ਆਰਥੋ ਸਰਜਨ ਡਾ. ਵਿਸ਼ਵਦੀਪ ਗੋਇਲ, ਅੱਖਾਂ ਦੇ ਡਾ. ਦਵਿੰਦਰਪਾਲ ਸਿੰਘ, ਜੋੜਾਂ ਦੇ ਡਾ. ਗੁਰਲਭ ਸਿੰਘ, ਆਡੀਓਲੋਜਿਸਟ ਤੇ ਸਪੀਚ ਥੇਰੇਪਿਸਟ ਡਾ. ਤਜਿੰਦਰ ਸ਼ਰਮਾ ਤੇ ਡਾ. ਅਵਤਾਰ ਸਿੰਘ, ਦਿਮਾਗ਼ੀ ਰੋਗਾਂ ਦੀ ਡਾ. ਰਚਨਾ ਮਿੱਤਲ, ਸਾਈਕੋਲੋਜਿਸਟ ਕਲੀਨੀਕਲ ਡਾ. ਮਮਤਾ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਬਲਵੀਰ ਬਾਠ, ਰਿੰਕੂ ਗਰੋਵਰ, ਸੁਖਵਿੰਦਰ ਸਿੰਘ ਅਟਾਰੀ, ਬਿੱਟੂ ਸਾਂਘਾ, ਰਿਸ਼ੀ ਸ਼ਰਮਾ, ਅਜੇ ਜੋਸ਼ੀ ਅਤੇ ਸੁਪ੍ਰੀਤ ਸਮੇਤ ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ।