ਯੈੱਸ ਪੰਜਾਬ
ਚੰਡੀਗੜ੍ਹ, 11 ਦਸੰਬਰ 2019 –
ਸੀਨੀਅਰ ਪੱਤਰਕਾਰ ਅਤੇ ਸੰਪਾਦਕ ਸ: ਸ਼ੰਗਾਰਾ ਸਿੰਘ ਭੁੱਲਰ ਅਕਾਲ ਚਲਾਣਾ ਕਰ ਗਏ ਹਨ।
ਲਗਪਗ 75 ਸਾਲਾਂ ਦੇ ਸ: ਭੁੱਲਰ ਨੇ ਬੁੱਧਵਾਰ ਸ਼ਾਮ ਲਗਪਗ 5 ਵਜੇ ਆਖ਼ਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਸ: ਭੁੱਲਰ ਨੇ ਪੰਜਾਬੀ ਟ੍ਰਿਬਿਊਨ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਵਜੋਂ ਸੇਵਾ ਨਿਭਾਈ। ਉਹ ਇਸ ਵੇਲੇ ਰੋਜ਼ਾਨਾ ਸਪੋਕੇਸਮੈਨ ਦੇ ਸੰਪਾਦਕ ਵਜੋਂ ਸੇਵਾ ਨਿਭਾਅ ਰਹੇ ਸਨ।
ਸ: ਭੁੱਲਰ ਆਪਣੇ ਪਿੱਛੇ ਪਤਨੀ ਸ੍ਰੀਮਤੀ ਅਮਰਜੀਤ ਕੌਰ ਭੁੱਲਰ ਅਤੇ ਬੇਟੇ ਚੇਤਨ ਪਾਲ ਸਿੰਘ ਅਤੇ ਰਮਨੀਕ ਸਿੰਘ ਛੱਡ ਗਏ ਹਨ।
ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ 12 ਦਸੰਬਰ, 2019 ਨੂੰ ਦੁਪਹਿਰ 3 ਵਜੇ ਮੁਹਾਲੀ ਸਥਿਤ ਸ਼ਮਸ਼ਾਨਘਾਟ ਵਿਖ਼ੇ ਕੀਤਾ ਜਾਵੇਗਾ।
ਉਨ੍ਹਾਂ ਦੀ ਮੌਤ ਤੋਂ ਬਾਅਦ ਸ: ਭੁੱਲਰ ਦੇ ਗ੍ਰਹਿ ਕੋਠੀ ਨੰਬਰ 3602, ਸੈਕਟਰ 69, ਮੁਹਾਲੀ ਵਿਖ਼ੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਰਿਸ਼ਤੇਦਾਰ, ਮਿੱਤਰ, ਸਨੇਹੀ ਅਤੇ ਪੱਤਰਕਾਰੀ ਭਾਈਚਾਰੇ ਨਾਲ ਸੰਬੰਧਤ ਲੋਕ ਪੁੱਜਣੇ ਸ਼ੁਰੂ ਹੋ ਗਏ।
ਟੀਮ ਯੈੱਸ ਪੰਜਾਬ ਅਤੇ ਸੰਪਾਦਕ ਐੱਚ.ਐੱਸ.ਬਾਵਾ ਨੇ ਸ:ਭੁੱਲਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।