ਯੈੱਸ ਪੰਜਾਬ
ਹੁਸ਼ਿਆਰਪੁਰ 10 ਦਸੰਬਰ, 2021:
ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ, ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਆਈ.ਜੀ. ਜਲੰਧਰ ਰੇਂਜ ਸ਼੍ਰੀ ਗੁਰਿੰਦਰ ਸਿੰਘ ਢਿੱਲੋਂ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਸ਼੍ਰੀ ਕੁਲਵੰਤ ਸਿੰਘ ਹੀਰ ਨੂੰ ਦਰਖਾਸਤ ਭੇਜ ਕੇ ਗੜ੍ਹਸ਼ੰਕਰ ਦੇ ਐਸ.ਐਚ.ਓ. ਬਲਵਿੰਦਰ ਪਾਲ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੁਲਿਸ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ. ਬਲਵਿੰਦਰ ਪਾਲ ਦੀ ਬਦਲੀ ਇਸ ਕਰਕੇ ਕੀਤੀ ਗਈ ਹੈ ਕਿ ਉਸਨੇ ਸਾਂਝੀ ਥਾਂ ‘ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਇਕ ਠੇਕੇਦਾਰ ‘ਤੇ ਮੁਕੱਦਮਾ ਦਰਜ ਕਰ ਦਿੱਤਾ।ਜਿਸ ਜਗ੍ਹਾ ‘ਤੇ ਸੀ.ਆਈ.ਏ. ਸਟਾਫ ਦਾ ਦਫਤਰ ਸੀ ਉਥੇ ਠੇਕੇਦਾਰ ਨੇ ਥੋੜ੍ਹਾ ਥੋੜ੍ਹਾ ਕਰਕੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਕੁਝ ਰਾਜਸੀ ਆਗੂਆਂ ਨਾਲ ਉਸਦੀ ਨੇੜਤਾ ਹੋਣ ਕਰਕੇ ਕੋਈ ਵੀ ਸ਼ਹਿਰ ਵਾਸੀ ਉਸਦੇ ਖਿਲਾਫ ਨਹੀਂ ਸੀ ਬੋਲਿਆ ਤੇ ਕੁਝ ਦਿਨ ਪਹਿਲਾਂ ਠੇਕੇਦਾਰ ਨੇ ਕੰਧ ਬਣਾ ਕੇ ਇਮਾਰਤ ਦਾ ਮੁੱਖ ਗੇਟ ਵੀ ਬੰਦ ਕਰ ਦਿੱਤਾ ਸੀ।ਥਾਣੇ ਵਿੱਚ ਪਹੁੰਚੀ ਸ਼ਿਕਾਇਤ ਦੇ ਅਧਾਰ ‘ਤੇ ਐਸ.ਐਚ.ਓ. ਨੇ ਨਾ ਸਿਰਫ ਆਪਣਾ ਫਰਜ਼ ਪੂਰਾ ਕੀਤਾ ਸਗੋਂ ਰਾਜਸੀ ਦਖਲਅੰਦਾਜ਼ੀ ਨੂੰ ਵੀ ਵੰਗਾਰਿਆ ਹੈ ਜਿਸ ਕਰਕੇ ਉਸਦਾ ਸਨਮਾਨ ਹੋਣਾ ਚਾਹੀਦਾ ਸੀ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਰਾਜਸੀ ਦਬਾਅ ਅੱਗੇ ਝੁਕਦਿਆਂ ਐਸ.ਐਚ.ਓ. ਦੀ ਬਦਲੀ ਕਰ ਦਿੱਤੀ।
ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਇੰਸਪੈਕਟਰ ਬਲਵਿੰਦਰ ਪਾਲ ਦੇ ਬਤੌਰ ਐਸ.ਐਚ.ਓ ਗੜ੍ਹਸ਼ੰਕਰ ਆਉਣ ਨਾਲ ਨਸ਼ੇ ਦਾ ਧੰਦਾ ਕਰਨ ਵਾਲੇ ਕੁਝ ਲੋਕ ਪ੍ਰੇਸ਼ਾਨ ਸਨ।
ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਹਨਾਂ ‘ਚੋਂ ਕੁਝ ਲੋਕਾਂ ਨੇ ਉਸਦੀ ਬਦਲੀ ਹੋਣ ‘ਤੇ ਆਤਿਸ਼ਬਾਜ਼ੀ ਤੱਕ ਵੀ ਕੀਤੀ।ਜਿਸ ਤਰ੍ਹਾਂ ਰਾਜਸੀ ਦਬਾਅ ਕਾਰਨ ਉਸਦੀ ਬਦਲੀ ਕਰ ਦਿੱਤੀ ਗਈ ਹੈ, ਇਸ ਨਾਲ ਸਰਕਾਰ, ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਉਹਨਾਂ ਦਾਅਵਿਆਂ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਦਾ ਹੈ ਜਿਹਨਾਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਜਾਂ ਭ੍ਰਿਸ਼ਟਾਚਾਰ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇੰਸਪੈਕਟਰ ਬਲਵਿੰਦਰ ਪਾਲ ਨੂੰ ਮੁੜ ਬਤੌਰ ਐਸ.ਐਚ.ਓ. ਗੜ੍ਹਸ਼ੰਕਰ ਤਾਇਨਾਤ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਠੇਕੇਦਾਰ ਖਿਲਾਫ ਦਰਜ ਮੁਕੱਦਮਾ ਰੱਦ ਨਾ ਹੋਵੇ।ਮੰਗ ਨਾ ਮੰਨਣ ਦੀ ਸੂਰਤ ਵਿੱਚ ਹਾਈਕੋਰਟ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ