ਯੈੱਸ ਪੰਜਾਬ
ਚੰਡੀਗੜ੍ਹ, 30 ਸਤੰਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਰਾਜ ਕਾਂਗਰਸ ਅੰਦਰ ਇਕ ਨਵਾਂ ਭੁਚਾਲ ਆ ਗਿਆ ਸੀ, ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਨੂੰ ਗੱਲਬਾਤ ਲਈ ਦਿੱਤੇ ਸੱਦੇ ਦੇ ਜਵਾਬ ਵਿੱਚ ਮੁੱਖ ਮੰਤਰੀ ਕੋਲ ਜਾਣ ਦੀ ਬਜਾਏ ਮੁੱਖ ਮੰਤਰੀ ਨੂੰ ਹੀ ਪੰਜਾਬ ਭਵਨ ਵਿਖ਼ੇ ਆ ਕੇ ਗੱਲਬਾਤ ਕਰ ਲੈਣ ਦਾ ਸੱਦਾ ਦੇ ਦਿੱਤਾ ਹੈੇ।
ਯਾਦ ਰਹੇ ਕਿ ਸ: ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ: ਚੰਨੀ ਨੇ ਕਿਹਾ ਸੀ ਕਿ ਉਹਨਾਂ ਨੇ ਸ: ਸਿੱਧੂ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਉਨ੍ਹਾਂ ਨਾਲ ਮਿਲਕੇ ਗੱਲਬਾਤ ਸੁਲਝਾ ਲੈਣ ਦੀ ਕੋਸ਼ਿਸ਼ ਕਰਨਗੇ।
ਦਿਲਚਸਪ ਗੱਲ ਇਹ ਹੈ ਕਿ ਸ: ਸਿੱਧੂ ਅੱਜ ਚੰਡੀਗੜ੍ਹ ਪੁੱਜਣ ਦੇ ਬਾਵਜੂਦ ਸ:ਚੰਨੀ ਨੂੰ ਮਿਲਣ ਨਹੀਂ ਜਾ ਰਹੇ ਸਗੋਂ ਉਨ੍ਹਾਂ ਨੇ ਇਹ ਕਿਹਾ ਹੈ ਕਿ ਉਹ ਦੁਪਹਿਰ 3 ਵਜੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖ਼ੇ ਪਹੁੰਚ ਰਹੇ ਹਨ ਅਤੇ ਜੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਕੋਈ ਵਿਚਾਰ ਵਟਾਂਦਰਾ ਕਰਨਾ ਹੋਵੇ ਤਾਂ ਉਹ ਆ ਜਾਣ।
ਅੱਜ ਦੀ ਸੰਭਾਵਿਤ ਮੁਲਾਕਾਤ ਸੰਬੰਧੀ ਜਾਣਕਾਰੀ ਖ਼ੁਦ ਸ: ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਰਾਹੀਂ ਦਿੱਤੀ ਹੈ। ਉਹਨਾ ਨੇ ਆਪਣ। ਟਵਿੱਟਰ ਸੁਨੇਹੇ ਵਿੱਚ ਕਿਹਾ ਹੈ ਕਿ ‘ਮੁੱਖ ਮੰਤਰੀ ਨੇ ਮੈਨੂੰ ਗੱਲਬਾਤ ਲਈ ਬੁਲਾਇਆ ਹੈ, ਮੈਂ ਇਸ ਦਾ ਹੁੰਗਾਰਾ ਭਰਦੇ ਹੋਏ ਪੰਜਾਬ ਭਵਨ ਚੰਡੀਗੜ੍ਹ ਵਿਖ਼ੇ ਦੁਪਹਿਰ 3 ਵਜੇ ਪੁੱਜ ਜਾਵਾਂਗਾ, ਕਿਸੇ ਵੀ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਦਾ ਸਵਾਗਤ ਹੈ।’
ਇਹ ਵੀ ਜਾਣਕਾਰੀ ਹੈ ਕਿ ਕਾਂਗਰਸ ਹਾਈਕਮਾਨ ਨੇ ਸ:ਚਰਨਜੀਤ ਸਿੰਘ ਚੰਨੀ ਨੂੰ ਸ:ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਕੇ ਸੂਬਾ ਪੱਧਰ ’ਤੇ ਹੀ ਮਸਲੇ ਹੱਲ ਕਰਨ ਲਈ ਕਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ