ਚੰਡੀਗੜ੍ਹ, 18 ਜੁਲਾਈ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਂਹ ਨਾਲ ਸੂਬੇ ਭਰ ‘ਚ ਹੋ ਰਹੇ ਭਾਰੀ ਨੁਕਸਾਨ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ 2-3 ਦਿਨ ਦੇ ਮੀਂਹ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਪਿਛਲੇ 20 ਸਾਲਾਂ ‘ਚ ਕੀਤੇ ‘ਵਿਕਾਸ’ ਦੀ ਪੋਲ ਖੋਲ੍ਹ ਦਿੱਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਬਰਸਾਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ‘ਚ ਸਿੰਚਾਈ ਪ੍ਰਬੰਧਨ ਵਾਂਗ ਡਰੇਨ (ਨਿਕਾਸੀ) ਪ੍ਰਬੰਧਨ ਵੀ ਢਹਿ-ਢੇਰੀ ਹੋ ਚੁੱਕਿਆ ਹੈ, ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪੀੜਤ ਲੋਕਾਂ ਨੂੰ ਦੱਸਣਗੇ ਕਿ ਮਾਨਸੂਨ ਤੋਂ ਪਹਿਲਾਂ ਸੂਬੇ ਦੇ ਬਰਸਾਤੀ ਅਤੇ ਨਿਕਾਸੀ ਨਾਲਿਆਂ ਦੀ ਸਾਫ-ਸਫਾਈ ਲਈ ਰੱਖਿਆ ਜਾਂਦਾ ਕਰੋੜਾਂ ਰੁਪਏ ਦਾ ਬਜਟ ਕਿੱਥੇ ਖ਼ਰਚ ਹੁੰਦਾ ਹੈ।
ਚੀਮਾ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ ਕਰਨ ਵਾਲੀ ਘੱਗਰ ਨਦੀ ਨੂੰ ‘ਚਾਇਨਲਾਇਜ’ ਕਰਨ ਦਾ ਪ੍ਰੋਜੈਕਟ ਦਹਾਕਿਆਂ ਤੋਂ ਲਟਕਿਆਂ ਹੋਇਆ ਹੈ, ਕੀ ਸੂਬਾ ਅਤੇ ਕੇਂਦਰ ਸਰਕਾਰਾਂ ਸਪਸ਼ਟ ਕਰਨਗੀਆਂ ਕਿ ਇਹ ਪ੍ਰੋਜੈਕਟ ਪੂਰਾ ਕਰਨ ਦੀ ਜ਼ਿੰਮੇਵਾਰੀ ਕਿਸ ਗੁਆਂਢੀ ਮੁਲਕ ਦੀ ਹੈ? ਚੀਮਾ ਨੇ ਕਿਹਾ ਕਿ ਘੱਗਰ ਦੇ ਮੁੱਦੇ ‘ਤੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਵੋਟਾਂ ਦੀ ਸਿਆਸਤ ਤੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ।
ਚੀਮਾ ਨੇ ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਜਿਸ ਬਠਿੰਡਾ ਸ਼ਹਿਰ ਨੂੰ ਬਾਦਲ ਸੂਬੇ ਭਰ ‘ਚ ਵਿਕਾਸ ਮਾਡਲ ਸਿਟੀ ਵਜੋਂ ਪ੍ਰਚਾਰਦੇ ਸਨ, ਇਸ ਮੀਂਹ ਨੇ ਬਾਦਲਾਂ ਦੇ ਇਸ ਵਿਕਸਤ ਸ਼ਹਿਰ ਦੀ ਹਕੀਕਤ ਦਿਖਾ ਦਿੱਤੀ ਹੈ।
ਚੀਮਾ ਨੇ ਪਟਿਆਲਾ, ਮਾਨਸਾ, ਸੰਗਰੂਰ, ਬਠਿੰਡਾ, ਬਰਨਾਲਾ ਅਤੇ ਮੋਗਾ ਜ਼ਿਲ੍ਹਿਆਂ ਸਮੇਤ ਸਮੁੱਚੇ ਪੰਜਾਬ ‘ਚ ਮੀਂਹ ਨਾਲ ਫ਼ਸਲਾਂ, ਟਿਊਬਵੈੱਲਾਂ, ਮਸ਼ੀਨਰੀ, ਘਰਾਂ ਅਤੇ ਡੰਗਰ ਪਸ਼ੂਆਂ ਦੇ ਨੁਕਸਾਨ ਨੂੰ ਆਂਕਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਪੂਰਤੀ ਲਈ 100 ਪ੍ਰਤੀਸ਼ਤ ਮੁਆਵਜ਼ਾ ਦਿੱਤਾ ਜਾਵੇ।