ਯੈੱਸ ਪੰਜਾਬ
ਮੁੰਬਈ, 3 ਮਾਰਚ, 2021:
ਕਿਸਾਨ ਅੰਦੋਲਨ ਦਾ ਪੱਖ ਲੈਣ ਵਾਲੀਆਂ ਤਿੰਨ ਬਾਲੀਵੁੱਡ ਹਸਤੀਆਂ ਨਿਰਮਾਤਾ ਨਿਰਦੇਸ਼ਕ ਅਨੁਰਾਗ ਕਸ਼ਿਅਪ, ਫ਼ਿਲਮ ਅਦਾਕਾਰਾ ਤਾਪਸੀ ਪੰਨੂੰ ਅਤੇ ਫ਼ਿਲਮਸਾਜ਼ ਵਿਕਾਸ ਬਹਿਲ ਦੇ ਮੁੰਬਈ ਅਤੇ ਪੁੂਨਾ ਸਥਿਤ ਟਿਕਾਣਿਆਂ ’ਤੇ ਬੁੱਧਵਾਰ ਆਮਦਨ ਕਰ ਦੇ ਛਾਪੇ ਮਾਰੇ ਗਏ।
ਮੁੰਬਈ ਅਤੇ ਪੂਨੇ ਸਥਿਤ 30 ਟਿਕਾਣਿਆਂ ’ਤੇ ਛਾਪੇ ਮਾਰੇ ਗਏ ਜਿਨ੍ਹਾਂ ਵਿੱਚ ਉਕਤ ਬਾਲੀਵੁੱਡ ਹਸਤੀਆਂ ਦੇ ਘਰ ਅਤੇ ਦਫ਼ਤਰ ਸ਼ਾਮਿਲ ਹਨ।
ਜਿਨ੍ਹਾਂ ਦਫ਼ਤਰਾਂ ’ਤੇ ਛਾਪੇ ਮਾਰੇ ਗਏ ਹਨ ਉਨ੍ਹਾਂ ਵਿੱਚ ਫ਼ੈਂਟਮ ਫ਼ਿਲਮਜ਼ ਦਾ ਦਫ਼ਤਰ ਵੀ ਸ਼ਾਮਲ ਹੈ। ਫ਼ੈਂਟਮ ਫ਼ਿਲਮਜ਼ ਦੀ ਸਾਬਕਾ ਭਾਈਵਾਲ ਮਧੂ ਮਨਤੇਨਾ ਨਾਲ ਸੰਬੰਧਤ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ।
ਫ਼ੈਂਟਮ ਫ਼ਿਲਮਜ਼ ਨਾਂਅ ਦੀ ਕੰਪਨੀ 2011 ਵਿੱਚ ਕੁਝ ਲੋਕਾਂ ਨੇ ਮਿਲ ਕੇ ਬਣਾਈ ਸੀ ਅਤੇ ਇਹ ਕੰਪਨੀ 2018 ਵਿੱਚ ਖ਼ਤਮ ਕਰ ਦਿੱਤੀ ਗਈ ਸੀ। ਇਸ ਵਿੱਚ ਅਨੁਰਾਗ ਕਸ਼ਿਅਪ ਤੋਂ ਇਲਾਵਾ ਨਿਰਦੇਸ਼ ਵਿਕਰਮਾਦਿਤਆ ਮੋਤਵਾਨੇ, ਨਿਰਮਾਤਾ ਮਧੂ ਮਨਤੇਨਾ ਅਤੇ ਯੂ.ਟੀ.ਵੀ. ਸਪਾਟਬੁਆਏ ਦੇ ਮੁਖ਼ੀ ਵਿਕਾਸ ਬਹਿਲ ਸ਼ਾਮਲ ਸਨ।
ਵਿਭਾਗ ਦੇ ਸਰੋਤਾਂ ਨੇ ਇਸ ਮਾਮਲੇ ਵਿੱਚ ਬਹੁਤੀ ਤਫ਼ਸੀਲ ਤਾਂ ਨਹੀਂ ਦਿੱਤੀ ਅਤੇ ਕੇਵਲ ਇੰਨਾ ਹੀ ਆਖ਼ਿਆ ਕਿ ਇਹ ਛਾਪੇਮਾਰੀ ‘ਟੈਕਸ ਚੋਰੀ’ ਦਾ ਪਤਾ ਲੱਗਣ ’ਤੇ ਕੀਤੀ ਗਈ ਹੈ।
ਕਾਂਗਰਸ ਦੇ ਲੋਕ ਸਭਾ ਮੈਂਬਰ ਮਾਨਿਕਮ ਟੈਗੋਰ ਨੇ ਛਾਪੇਮਾਰੀ ਦੇ ਇਸ ਘਟਨਾਕ੍ਰਮ ’ਤੇ ਪ੍ਰਤੀਕਰਮ ਗਜੋਂ ਇਕ ਟਵੀਟ ਵਿੱਚ ਆਖ਼ਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵਿਉਹਾਰ ਬਿਲਕੁਲ ਉਮੀਦ ਅਨੁਸਾਰ ਹੀ ਹੈ। ਆਮਦਨ ਕਰ ਵਿਭਾਗ ਲਈ ਇਹ ਬੜੀ ਅਫ਼ਸੋਸਨਾਕ ਗੱਲ ਹੈ। ਇਹ ਨਾ ਕੇਵਲ ਇਕਪਾਸੜ ਹੋ ਗਿਆ ਹੈ ਸਗੋਂ ਰਾਜਸੀ ਵੀ ਹੋ ਨਿੱਬੜਿਆ ਹੈ।