ਯੈੱਸ ਪੰਜਾਬ
ਨਵੀਂ ਦਿੱਲੀ, 4 ਫ਼ਰਵਰੀ, 2021:
ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਉੱਤਰ ਪ੍ਰਦੇਸ਼ ਤੋਂ ਦਿੱਲੀ ਪੁੱਜੇ ਇਕ ਨੌਜਵਾਨ ਕਿਸਾਨ ਦੀ ਮ੍ਰਿਤਕ ਦੇਹ ਉਸਦੇ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਜਾਣ ਦੇ 9 ਦਿਨ ਮਗਰੋਂ ਦਿੱਲੀ ਦੇ ਇਕ ਹਸਪਤਾਲ ਵਿੱਚੋਂ ਮਿਲੀ ਹੈ।
ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਦੇ ਪਿੰਡ ਭੋਪਤਪੁਰ ਦੇ 31 ਸਾਲਾ ਕਿਸਾਨ ਬਲਵਿੰਦਰ ਸਿੰਘ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਦੀ ਮੌਤ ਇਕ ‘ਐਕਸੀਡੈਂਟ’ ਵਿੱਚ ਹੋਈ ਹੈ ਪਰ ਪਰਿਵਾਰ ਨੇ ਉਸਦੀ ਮ੍ਰਿਤਕ ਦੇਹ ਨੂੰ ਵੇਖ਼ਣ ਉਪਰੰਤ ਦੋਸ਼ ਲਗਾਇਆ ਹੈ ਕਿ ਉਸਦਾ ਕਤਲ ਕੀਤਾ ਗਿਆ ਹੈ।
ਬਲਵਿੰਦਰ ਸਿੰਘ 23 ਜਨਵਰੀ ਨੂੰ ਆਪਣੇ ਪਿੰਡ ਤੋਂ ਗਣਤੰਤਰ ਦਿਵਸ ਕਿਸਾਨ ਟਰੈਕਟਰ ਪਰੇਡ ਵਿੱਚ ਭਾਗ ਲੈਣ ਲਈ ਗਾਜ਼ੀਪੁਰ ਬਾਰਡਰ ਪੁੱਜਾ ਸੀ ਜਿਸ ਮਗਰੋਂ ਉਹ 24 ਜਨਵਰੀ ਨੂੰ ਹੀ ਭੇਤਭਰੇ ਹਾਲਾਤ ਅੰਦਰ ਗਾਇਬ ਹੋ ਗਿਆ ਸੀ।
ਬਲਵਿੰਦਰ ਸਿੰਘ ਦੇ ਛੋਟੇ ਭਰਾ ਵਰਿੰਦਰ ਸਿੰਘ ਅਨੁਸਾਰ ਉਹ ਗਾਜ਼ੀਪੁਰ ਦੇ ਨੇੜੇ ਤੇੜੇ ਆਪਣੇ ਭਰਾ ਦੀ ਪਿਛਲੇ ਇਕ ਹਫ਼ਤੇ ਤੋਂ ਭਾਲ ਕਰ ਰਿਹਾ ਸੀ ਪਰ ਉਸਦਾ ਕੋਈ ਥਹੁ ਪਤਾ ਨਹੀਂ ਸੀ ਲੱਗਾ।
ਵਰਿੰਦਰ ਸਿੰਘ ਅਨੁਸਾਰ ਉਸਦੇ ਭਰਾ ਦੇ ਨਾਲ ਪੀਲੀਭੀਤ ਤੋਂ ਆਏ ਸਾਥੀ ਕਿਸਾਨ ਵੀ ਉਸਦੇ ਭਰਾ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ ਸਨ।
ਇਸੇ ਦੌਰਾਨ ਵਰਿੰਦਰ ਸਿੰਘ 30 ਜਨਵਰੀ ਨੂੰ ਵਾਪਸ ਆਪਣੇ ਪਿੰਡ ਗਿਆ ਅਤੇ ਉਸਨੇ ਆਪਣੇ ਭਰਾ ਦੀ ਗੁਮਸ਼ੁਦਗੀ ਬਾਰੇ ਉਂਥੇ ਸ਼ਿਕਾਇਤ ਦਰਜ ਕਰਵਾਈ। ਇਸ ਸੰਬੰਧ ਵਿੱਚ ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਜਾਂਦੀਆਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵੀ ਬਲਵਿੰਦਰ ਸਿੰਘ ਦੀ ਭਾਲ ਦੀ ਚਾਰਾਜੋਈ ਕੀਤੀ ਗਈ ਪਰ ਕੋਈ ਨਤੀਜਾ ਨਾ ਨਿਕਲਿਆ।
ਵਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਫ਼ਰਵਰੀ ਨੂੰ ਉਸਨੂੰ ਦਿੱਲੀ ਪੁਲਿਸ ਦਾ ਫ਼ੋਨ ਆਇਆ ਕਿ ਉਸਦਾ ਭਰਾ ਇਕ ‘ਐਕਸੀਡੈਂਟ’ ਵਿੱਚ ਮਾਰਿਆ ਗਿਆ ਹੈ।
ਵਰਿੰਦਰ ਅਨੁਸਾਰ ਦਿੱਲੀ ਪੁਲਿਸ ਦੇ ਦੱਸਣ ਅਨੁਸਾਰ ਜੇ ਉਸਦੇ ਭਰਾ ਨੂੰ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਕੁਚਲਿਆ ਹੁੰਦਾ ਤਾਂ ਉਸਦਾ ਪੇਟ ਅਤੇ ਲੱਤਾਂ ਦੀਆਂਹੱਡੀਆਂ ਸਲਾਮਤ ਨਾ ਹੁੰਦੀਆਂ ਪਰ ਉਸਦੀ ਮ੍ਰਿਤਕ ਦੇਹ ’ਤੇ ਮੂੰਹ ’ਤੇ ਲੱਗੀਆਂ ਸੱਟਾਂ ਤੋਂ ਇਲਾਵਾ ਕੋਈ ਹੋਰ ਨਿਸ਼ਾਨ ਨਹੀਂ ਸੀ ਜਿਸ ਤੋਂ ਇਹ ਲਗਦਾ ਹੈ ਕਿ ਕਿਸੇ ਨੇ ਤੱਕ ਕੇ ਇਹ ਕਾਰਾ ਕੀਤਾ ਹੋਵੇ।
ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਉਸਦੇ ਪਿੰਡ ਲਿਜਾਈ ਗਈ ਜਿੱਥੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਪੀਲੀਭੀਤ ਦੇ ਐਸ.ਪੀ. ਜੈ ਪ੍ਰਕਾਸ਼ ਯਾਦਵ ਅਨੁਸਾਰ ਦਿੱਲੀ ਪੁਲਿਸ ਨੇ ਉਨ੍ਹਾਂ ਨਾਲ ਕੇਵਲ ਇੰਨੀ ਹੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਲਵਿੰਦਰ ਸਿੰਘ ਦੀ ਦਿੱਲੀ ਵਿੱਚ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।