ਯੈੱਸ ਪੰਜਾਬ
ਨਵੀਂ ਦਿੱਲੀ, 24 ਜਨਵਰੀ, 2021:
ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਨਾਲ ਪੁਲਿਸ ਇਕ ਦਮ ਹਰਕਤ ਵਿੱਚ ਆਈ ਹੈ। ਪਤਾ ਲੱਗਾ ਹੈ ਕਿ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਇਕ ਨਾਬਾਲਗ ਵੀ ਦੱਸਿਆ ਗਿਆ ਹੈ।
ਘਟਨਾ ਖ਼ਾਨ ਮਾਰਕੀਟ ਮੈਟਰੋ ਸਟੇਸ਼ਨ ਦੇ ਬਾਹਰ ਰਾਤ ਲਗਪਗ ਇਕ ਵਜੇ ਵਾਪਰੀ। ਸੂਚਨਾ ਮਿਲਣ ’ਤੇ ਤੁਗਲਕ ਰੋਡ ਪੁਲਿਸ ਸਟੇਸ਼ਨ ਤੋਂ ਪੁਲਿਸ ਇਲਾਕੇ ਵਿੱਚ ਪੁੱਜੀ ਅਤੇ 3 ਮੁੰਡਿਆਂ ਅਤੇ 3 ਕੁੜੀਆਂ ਨੂੰ ਕਾਬੂ ਕੀਤਾ ਗਿਆ।
ਪੁਲਿਸ ਅਨੁਸਾਰ ਫ਼ੜੇ ਗਏ ਮੁੰਡੇ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਇਹ ਪੰਜੇ ਨੌਜਵਾਨ ਅਤੇ ਇਕ ਨਾਬਾਲਗ ‘ਯੁੱਲੂ’ ਨਾਂਅ ਦੀ ਕੰਪਨੀ ਦੇ ਬਾਈਕ ਕਿਰਾਏ ’ਤੇ ਲੈ ਕੇ ਨਿਕਲੇ ਹੋਏ ਸਨ ਅਤੇ ਆਪਸ ਵਿੱਚ ‘ਰੇਸਾਂ’ ਲਾ ਰਹੇ ਸਨ।
ਪੁਲਿਸ ਨੇ ਇਕ ਖ਼ਬਰ ਏਜੰਸੀ ਨੂੰ ਦੱਸਿਆ ਕਿ ਆਪਸ ਵਿੱਚ ਰੇਸਾਂ ਲਾਉਂਦੇ ਹੋਏ ਇਹ ਨੌਜਵਾਨ ਇਕ ਦੂਜੇ ਨੂੰ ਉਨ੍ਹਾਂ ਦੇ ਸੰਬੰਧਤ ਦੇਸ਼ਾਂ ਦੇ ਨਾਂਵਾਂ ਨਾਲ ਬੁਲਾ ਰਹੇ ਸਨ ਅਤੇ ਇਸ ਦੌਰਾਨ ਪਾਕਿਸਤਾਨ ਦੇ ਇਕ ਨੌਜਵਾਨ ਨੂੰ ਪਾਕਿਸਤਾਨ ਕਹਿ ਕੇ ਬੁਲਾਇਆ ਗਿਆ ਅਤੇ ਇਯੇ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਵੀ ਆਖ਼ਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਸਭ ਕੁਝ ਮਸਤੀ ਮਜ਼ਾਕ ਵਿੱਚ ਹੋ ਰਿਹਾ ਸੀ।