39 C
Delhi
Friday, April 26, 2024
spot_img
spot_img

550ਵੇਂ ਪ੍ਰਕਾਸ਼ ਪੁਰਬ ਮੌਕੇ ਪੰਡਾਲ ਸਬੰਧੀ ਵਿਵਾਦ ਬੇਲੋੜਾ: ਲੌਂਗੋਵਾਲ

ਅੰਮ੍ਰਿਤਸਰ, 22 ਨਵੰਬਰ, 2019:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੰਡਾਲ ਦੇ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਤੂਲ ਦਿੱਤੀ ਜਾ ਰਹੀ ਹੈ, ਜਦਕਿ ਇਹ ਪੰਡਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਾਈ ਲੌਂਗੋਵਾਲ ਨੇ ਕਿਹਾ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਸ. ਮਨਦੀਪ ਸਿੰਘ ਮੰਨਾ ਵੱਲੋਂ ਪੰਡਾਲ ਸਬੰਧੀ ਤੱਥਾਂ ਤੋਂ ਰਹਿਤ ਕੀਤੀ ਗਈ ਬਿਆਨਬਾਜ਼ੀ ਵਿਰੁੱਧ ਸ਼੍ਰੋਮਣੀ ਕਮੇਟੀ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹ ਕਿ ਮੰਨਾ ਖਿਲਾਫ਼ ਮਾਨਹਾਨੀ ਦਾ ਮੁਕੱਦਮਾ ਦਰਜ਼ ਕੀਤਾ ਜਾਵੇਗਾ।

ਭਾਈ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਲਗਾਏ ਗਏ ਪੰਡਾਲ ਅਤੇ ਹੋਰ ਸੇਵਾਵਾਂ ਲਈ ਦਿੱਤਾ ਗਿਆ ਟੈਂਡਰ ਬਿਲਕੁਲ ਨਿਯਮਾਂ ਅਨੁਸਾਰ ਹੈ। ਇਸ ਲਈ ਬਕਾਇਦਾ ਤੌਰ ’ਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਮਗਰੋਂ ਹੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ।

ਇਸ ਸਬੰਧੀ ਮੁਕੰਮਲ ਸ਼ਰਤਾਂ ਸ਼੍ਰੋਮਣੀ ਕਮੇਟੀ ਵੈੱਬਸਾਈਟ ’ਤੇ ਪਾਈਆਂ ਗਈਆਂ ਸਨ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੀ ਫ਼ਰਮ ਨੂੰ ਸਬ-ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਟੈਂਡਰ ਦਿੱਤਾ ਗਿਆ। ਭਾਈ ਲੌਂਗੋਵਾਲ ਨੇ ਇਹ ਵੀ ਸਾਫ਼ ਕੀਤਾ ਕਿ ਇਹ ਟੈਂਡਰ ਇਕੱਲਾ ਪੰਡਾਲ ਲਈ ਹੀ ਨਹੀਂ ਸੀ, ਸਗੋਂ ਇਸ ਵਿਚ ਸੰਗਤ ਲਈ ਅਨੇਕਾਂ ਹੋਰ ਸੇਵਾਵਾਂ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਜਿਸ ਨੂੰ ਇਕੱਲੇ ਪੰਡਾਲ ਦਾ ਖਰਚਾ ਦੱਸ ਕੇ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਸ ਵਿਚ ਦਰਜ਼ਨਾਂ ਹੋਰ ਕੰਮ ਵੀ ਸ਼ਾਮਲ ਸਨ। ਇਕੱਲਾ ਪੰਡਾਲ ਤਾਂ ਕੇਵਲ ਕਰੀਬ ਸਾਢੇ 3 ਕਰੋੜ ਦੇ ਖਰਚਿਆਂ ਵਿਚ ਲਗਾਇਆ ਸੀ। ਇਸ ਵਿਚ ਵੀ ਵਾਤਾਨਕੂਲ ਤੇ ਵਾਟਰਪਰੂਫ ਪੰਡਾਲ ਦੇ ਨਾਲ-ਨਾਲ 3ਡੀ ਗੇਟ, ਮੀਡੀਆ ਸੈਂਟਰ, ਜੋੜੇ ਘਰ, ਗੱਠੜੀ ਘਰ, ਵੀ.ਆਈ.ਪੀ. ਲੌਂਜ਼ ਅਤੇ ਪਖਾਨੇ ਆਦਿ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਇਸੇ ਟੈਂਡਰ ਵਿਚ ਹੀ 9 ਤੋਂ 12 ਨਵੰਬਰ 2019 ਤੱਕ ਅੰਤਰਰਾਸ਼ਟਰੀ ਪੱਧਰ ਦਾ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ, ਵੀਡੀਓ ਪ੍ਰੋਜੈਕਸ਼ਨ ਮੈਪਿੰਗ, ਬੇਬੇ ਨਾਨਕੀ ਨਿਵਾਸ ਤੋਂ ਲੈ ਕੇ ਇੱਕ ਕਿਲੋਮੀਟਰ ਮਾਰਗ ’ਤੇ ਐਲ.ਡੀ.ਡੀ. ਲਾਈਟਾਂ ਵਾਲੇ ਸਜ਼ਾਵਟੀ ਗੇਟ, ਲਾਈਟਾਂ ਅਤੇ ਸੜਕ ਦੇ ਦੋਹੀਂ ਪਾਸੀਂ ਵੱਡ-ਅਕਾਰੀ ਐਲ.ਈ.ਡੀ. ਸਕਰੀਨਾਂ, ਲੇਜ਼ਰ ਸ਼ੋਅ, ਸਟੇਡੀਅਮ ਦੀ ਲਾਈਟਿੰਗ, ਸਾਊਂਡ, ਬਿਜਲਈ ਸਪਲਾਈ ਲਈ ਜਨਰੇਟਰ, ਵਿਛਾਈ, ਸੀ.ਸੀ.ਟੀ.ਵੀ. ਕੈਮਰੇ, ਅੱਗ ਬਝਾਊ ਯੰਤਰ ਆਦਿ ਲਈ 4 ਕਰੋੜ 51 ਲੱਖ ਰੁਪਏ ਦੇ ਖਰਚੇ ਸ਼ਾਮਲ ਹਨ।

ਇਸ ਤੋਂ ਇਲਾਵਾ ਡਰੋਨ ਸ਼ੋਅ ਪ੍ਰਾਜੈਕਟ (ਫਲਾਈ ਲਾਈਟ) ’ਤੇ 1 ਕਰੋੜ 75 ਲੱਖ ਰੁਪਏ ਦਾ ਖਰਚਾ ਵੀ ਇਸੇ ਟੈਂਡਰ ਦਾ ਹੀ ਹਿੱਸਾ ਸੀ। ਇਸੇ ਤਰ੍ਹਾਂ ਇਸ ਟੈਂਡਰ ਤਹਿਤ ਸੰਗਤ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਸਨ।

ਭਾਈ ਲੌਂਗੋਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੰਗਤ ਲਈ ਕੀਤੇ ਗਏ ਪ੍ਰਬੰਧਾਂ ’ਤੇ ਵੀ ਕੁਝ ਲੋਕਾਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਮਨਘੜਤ ਬਿਆਨਬਾਜ਼ੀ ਤੋਂ ਫੋਕੀ ਸ਼ੋਹਰਤ ਹਾਸਲ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION