ਯੈੱਸ ਪੰਜਾਬ
ਚੰਡੀਗੜ੍ਹ, 6 ਅਕਤੂਬਰ, 2022:
ਅਮਰੀਕਾ ਵਿੱਚ ਅਗਵਾ ਹੋਏ ਪੰਜਾਬੀ ਪਰਿਵਾਰ ਦੇ ਮੈਂਬਰਾਂ ਦੀ ਭਾਲ ਕਰ ਰਹੀ ਪੁਲਿਸ ਨੂੰ 8 ਮਹੀਨੇ ਦੀ ਬੱਚੀ ਸਣੇ ਚਾਰਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਇਹ ਪਰਿਵਾਰ ਕੈਲੀਫ਼ੇਰਨੀਆ ਦੀ ਮਰਸਿਡ ਕਾਊਂਅੀ ਵਿੱਚ ਰਹਿ ਰਿਹਾ ਸੀ। ਮ੍ਰਿਤਕਾਂ ਵਿੱਚ ਦੋ ਸੱਕੇ ਭਰਾ, ਇਕ ਦੀ ਪਤਨੀ ਅਤੇ ਬੇਟੀ ਸ਼ਾਮਲ ਹਨ। ਇਹਨਾਂ ਸਾਰਿਆਂ ਨੂੰ ਅਗਵਾਕਾਰ ਨੇ ਇਹਨਾਂ ਦੇ ਘਰ ਤੋਂ 3 ਅਕਤੂਬਰ ਨੂੰ ਬੰਦੂਕ ਦੀ ਨੋਕ ’ਤੇ ਅਗਵਾ ਕਰ ਲਿਆ ਸੀ ਅਤੇ ਉਦੋਂ ਤੋਂ ਇਨ੍ਹਾਂ ਦੀ ਕੋਈ ਉੱਘ ਸੁੱਘ ਨਹੀਂ ਮਿਲ ਰਹੀ ਸੀ।
ਮ੍ਰਿਤਕਾਂ ਦੀ ਪਛਾਣ 36 ਸਾਲਾ ਜਸਦੀਪ ਸਿੰਘ, ਉਸਦੀ 27 ਸਾਲਾ ਪਤਨੀ ਜਸਲੀਨ ਕੌਰ ਅਤੇ ਬੇਟੀ ਅਰੂਹੀ ਢੇਰੀ ਤੋਂ ਇਲਾਵਾ ਜਸਦੀਪ ਸਿੰਘ ਦਾ ਭਰਾ ਅਮਨਦੀਪ ਸਿੰਘ ਸ਼ਾਮਲ ਹਨ।
ਜਾਣਕਾਰੀ ਸਾਂਝੀ ਕਰਦਿਆਂਮਰਸਿਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨਕੇ ਨੇ ਦੱਸਿਆ ਕਿ ਸਾਨੂੰ ਚਾਰੇ ਲੋਕ ਮਿਲ ਤਾਂ ਗਏ ਹਨ ਪਰ ਉਹ ਸਾਰਿਆਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਇਨ੍ਹਾਂ ਕਤਲਾਂ ਨੂੰ ‘ਹਾਰੀਬਲ’ ਅਤੇ ‘ਸੈਂਸਲੈੱਸ’ ਦੱਸਦੇ ਹੋਏ ਕਿਹਾ ਕਿ ਇੱਡਾ ਵੱਡਾ ਅਪਰਾਧ ਕਰਨ ਵਾਲੇ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ।
ਉਹਨਾਂ ਦੱਸਿਆ ਕਿ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਹੁਸ਼ਿਆਰਪੁਰ ਨੇੜਲੇ ਇਕ ਪਿੰਡ ਦਾ ਪਰਿਵਾਰ ਹੈ ਅਤੇ ਪਰਿਵਾਰ ਦੇ ਕੁਝ ਲੋਕ ਘਟਨਾ ਦੀ ਖ਼ਬਰ ਲੱਗਣ ’ਤੇ ਬੀਤੇ ਕਲ੍ਹ ਹੀ ਅਮਰੀਕਾ ਲਈ ਰਵਾਨਾ ਹੋ ਗਏ ਸਨ।
ਕਤਲਾਂ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਅਤੇ ਸਦਮੇ ਦਾ ਮਾਹੌਲ ਹੈ।
ਅਜੇ ਤਾਂਈਂ ਇਸ ਕਤਲ ਦੀ ਵਜ੍ਹਾ ਦਾ ਖ਼ੁਲਾਸਾ ਨਹੀਂ ਹੋਇਆ ਹੈ। ਇਹ ਸਾਹਮਣੇ ਨਹੀਂ ਆਇਆ ਕਿ ਕਤਲ ਦਾ ਮੰਤਵ ਕੀ ਰਿਹਾ ਹੋਵੇਗਾ। ਉਂਜ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾਂ ਵਿੱਚੋਂ ਇਕ ਦਾ ਇਕ ਕਾਰਡ ਵਰਤ ਕੇ ਐਟਵਾਟਰ ਸ਼ਹਿਰ ਦੇ ਇਕ ਏ.ਟੀ.ਐਮ. ਵਿੱਚੋਂ ਕੁਝ ਰਕਮ ਕਢਾਈ ਗਈ ਸੀ।
ਅਗਵਾਕਾਰ ਅਤੇ ਕਾਤਲ 48 ਸਾਲਾ ਜੀਸਸ ਮੈਨੂਅਲ ਸਾਲਗਾਡੋ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸਨੂੰ ਬਚਾ ਲਿਆ ਗਿਆ ਸੀ ਅਤੇ ਉਹ ਇਕ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਇਹ ਵਿਅਕਤੀ ਅਪਰਾਧਿਕ ਪ੍ਰਵਿਰਤੀ ਦਾ ਮਾਲਕ ਹੈ ਅਤੇ ਹਥਿਆਰਬੰਦ ਲੁੱਟ ਦੇ ਇਕ ਮਾਮਲੇ ਵਿੱਚ 2005 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ੀ 2015 ਵਿੱਚ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਹ ਕਤਲ ਕੀਤੇ ਗਏ ਪਰਿਵਾਰ ਨੂੰ ਜਾਣਦਾ ਸੀ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਅਗਵਾਕਾਰ ਨੂੰ ਇਕ ਸੀ.ਸੀ.ਟੀ.ਵੀ.ਫੁੱਟੇਜ ਵਿੱਚ ਪਰਿਵਾਰ ਦੇ ਚਾਰਾਂ ਮੈਂਬਰਾਂ ਨੂੂੰ ਬੰਦੂਕ ਦੀ ਨੋਕ ’ਤੇ ਲਿਜਾਏ ਜਾਣ ਸੰਬੰਧੀ ਜਾਣਕਾਰੀ ਹਾਸਿਲ ਹੋਈ ਸੀ ਅਤੇ ਇਕ ਹੋਰ ਸੀ.ਸੀ.ਟੀ.ਵੀ. ਫੁੱਟੇਜ ਉਸ ਏ.ਟੀ.ਐਮ.ਦੀ ਹੈ ਜਿਸ ਤੋਂ ਉਸਨੇ ਪੈਸੇ ਕਢਵਾਏ ਸਨ।