29 C
Delhi
Monday, May 6, 2024
spot_img
spot_img

4 ਕਾਤਲ ਪੁਲਿਸ ਵਾਲਿਆਂ ਨੂੰ ਮੁਆਫ਼ੀ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੱਧੇ ਤੌਰ ’ਤੇ ਜ਼ਿੰਮੇਵਾਰ: ਸੁਖ਼ਬੀਰ ਬਾਦਲ

ਚੰਡੀਗੜ੍ਹ, 26 ਜੂਨ, 2019:

ਇੱਕ ਨਿਰਦੋਸ਼ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਵਾਲੇ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖਾਂ ਨੂੰ ਇਸ ਗੱਲ ਦਾ ਜੁਆਬ ਦੇਣ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿਵਾਉਣ ਲਈ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਕਿਉਂ ਲਾਇਆ ਸੀ?

ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਰਾਜਪਾਲ ਤਕ ਪਹੁੰਚ ਕਰਕੇ ਇਸ ਮੁਆਫੀ ਨੂੰ ਰੱਦ ਕਰਨ ਲਈ ਜ਼ੋਰ ਪਾਵੇਗਾ ਅਤੇ ਜੇਕਰ ਸਰਕਾਰ ਨੇ ਆਪਣਾ ਮੁਆਫੀ ਦਾ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਇਸ ਮੁਆਫੀ ਵਿਰੁੱਧ ਹਾਈ ਕੋਰਟ ਵਿਚ ਜਾਵਾਂਗੇ।

ਉਹਨਾਂ ਕਿਹਾ ਕਿ ਅਸੀਂ ਇਸ ਨੂੰ ਆਪਣੇ ਸਿਰ ਸਿੱਖਾਂ ਅਤੇ ਖਾਸ ਕਰਕੇ ਸੂਬੇ ਅੰਦਰ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਜਾਂ ਰਾਜਪਾਲ ਸ਼ਾਸ਼ਨ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਉਹਨਾਂ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦਾ ਕਰਜ਼ ਸਮਝਦੇ ਹਾਂ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਫਾਇਲ ਸਾਬਿਤ ਕਰਦੀਆਂ ਹਨ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿਵਾਉਣ ਵਿਚ ਨਿੱਜੀ ਤੌਰ ‘ਤੇ ਦਿਲਚਸਪੀ ਲਈ ਜੋ ਗੱਲ ਲੋਕ ਹਿੱਤਾਂ ਨਾਲ ਜੁੜੇ ਹਰ ਮੁੱਦੇ ਪ੍ਰਤੀ ਲਾਪਰਵਾਹੀ ਵਾਲੀ ਪਹੁੰਚ ਰੱਖਣ ਵਾਲੇ ਮੁੱਖ ਮੰਤਰੀ ਉੱਤੇ ਬਿਲਕੁੱਲ ਨਹੀਂ ਢੁੱਕਦੀ।

ਪੱਤਰਕਾਰਾਂ ਨਾਲ ਸਰਕਾਰੀ ਫਾਇਲਾਂ ਦੀਆਂ ਕਾਪੀਆਂ ਸਾਂਝੀਆਂ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਉਸ ਦੀ ਸਿੱਖ ਨੌਜਵਾਨ ਦੇ ਸਜ਼ਾਯਾਫਤਾ ਕਾਤਿਲਾਂ ਨੂੰ ਮੁਆਫੀ ਦਿਵਾਉਣ ਵਿਚ ਨਿੱਜੀ ਦਿਲਚਸਪੀ ਲੈਣ ਦੀ ਕੀ ਵਜ੍ਹਾ ਸੀ ਜਦਕਿ ਪੀੜਤ ਪਰਿਵਾਰਾਂ ਨੂੰ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਇੱਕ ਲੰਬੀ ਅਤੇ ਮੁਸ਼ਕਿਲਾਂ ਭਰੀ ਲੜਾਈ ਲੜਣੀ ਪਈ ਸੀ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋ ਇਸ ਕੇਸ ਨੂੰ ਪਾਸ ਕਰਾਉਣ ਵਿਚ ਵਿਖਾਈ ਜਲਦਬਾਜ਼ੀ ਦੀ ਕੀ ਵਜ੍ਹਾ ਸੀ ਜਦਕਿ ਕੇਂਦਰ ਇਸ ਮੁਆਫੀ ਨੂੰ ਹਰੀ ਝੰਡੀ ਦੇਣ ਲਈ ਰਾਜ਼ੀ ਨਹੀਂ ਸੀ ਅਤੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਸੀ? ਸਰਦਾਰ ਬਾਦਲ ਨੇ ਇਸ ਕਾਰਵਾਈ ਪਿਛਲੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇਹਨਾਂ ਸਾਰੀਆਂ ਘਟਨਾਵਾਂ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਇਹ ਟਿੱਪਣੀ ਕਰਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਸਿੱਖਾਂ ਨੂੰ ਅਕਹਿ ਦਰਦ ਪਹੁੰਚਾਇਆ ਹੈ ਅਤੇ ਲੋਕਾਂ ਦਾ ਇੱਕ ਚੁਣੀ ਹੋਈ ਸਰਕਾਰ ਵਿਚ ਭਰੋਸਾ ਤੋੜਿਆ ਹੈ, ਸਰਦਾਰ ਬਾਦਲ ਨੇ ਕਿਹਾ ਕਿ ਦਸਤਾਵੇਜ਼ ਸਾਬਿਤ ਕਰਦੇ ਹਨ ਕਿ ਕਾਤਿਲ ਪੁਲਿਸ ਅਧਿਕਾਰੀਆਂ ਪ੍ਰਤੀ ਦਿਖਾਈ ਦਿਆਲਤਾ ਵਾਸਤੇ ਕੋਈ ਠੋਸ ਕਾਰਨ ਮੌਜੂਦ ਨਹੀਂ ਸਨ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਮਾਪਦੰਡ ਸਾਰਿਆਂ ਲਈ ਅਪਣਾਏ ਜਾਣ ਤਾਂ ਪੰਜਾਬ ਦੇ ਸਾਰੇ ਕੈਦੀ ਰਿਹਾ ਹੋ ਜਾਣਗੇ।

ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਅਜਿਹਾ ਲੋਕ ਵਿਰੋਧੀ ਕਦਮ ਚੁੱਕਣ ਦੀ ਜ਼ਿੰਮੇਵਾਰੀ ਲੈਣ ਅਤੇ ਇਸ ਵਾਸਤੇ ਤੁਰੰਤ ਮੁਆਫੀ ਮੰਗਣ ਲਈ ਵੀ ਆਖਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਦੀ ਸਰਕਾਰ ਨੇ ਇਹ ਗੱਲ ਜਾਣਦੇ ਹੋਏ ਕਿ ਇਹਨਾਂ ਚਾਰ ਪੁਲਿਸ ਅਧਿਕਾਰੀਆਂ ਨੇ ਇੱਕ ਨਿਰਦੋਸ਼ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਹੈ, ਦੇ ਬਾਵਜੂਦ ਉਹਨਾਂ ਲਈ ਮੁਆਫੀ ਦੀ ਸਿਫਾਰਿਸ਼ ਕਿਉਂ ਕੀਤੀ? ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੀੜਤ ਪਰਿਵਾਰ ਨੂੰ ਤਿਆਗ ਦਿੱਤਾ ਹੋ ਸਕਦਾ ਹੈ, ਪਰ ਅਕਾਲੀ ਦਲ ਆਪਣਾ ਫਰਜ਼ ਨਿਭਾਏਗਾ ਅਤੇ ਪੀੜਤ ਪਰਿਵਾਰ ਨੂੰ ਇਸ ਕੇਸ ਵਿਚ ਇਨਸਾਫ ਦਿਵਾਉਣ ਲਈ ਹਰ ਸੰਭਵ ਮੱਦਦ ਕਰੇਗਾ।

ਇਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਵਾਸਤੇ ਮੁਆਫੀ ਲਈ ਸਹਿਮਤੀ ਲੈਣ ਵਾਸਤੇ ਰਾਜਪਾਲ ਕੋਲ ਇੱਕ ਫਾਇਲ ਭੇਜੀ ਤਾਂ ਕਿ ਉਹ ਗ੍ਰਹਿ ਮੰਤਰਾਲਾ ਵਿਭਾਗ ਨੂੰ ਇਸ ਬਾਰੇ ਲਿਖ ਕੇ ਸਹਿਮਤੀ ਲੈ ਲੈਣ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਉਸ ਸਮੇਂ ਕੀਤਾ ਜਦੋਂ ਵਧੀਕ ਮੁੱਖ ਸਕੱਤਰ, ਗ੍ਰਹਿ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਿਹਨਾਂ ਕੇਸਾਂ ਵਿਚ ਜਾਂਚ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਹੁੰਦੀ ਹੈ, ਉੱਥੇ ਰਾਜਾਂ ਦੁਆਰਾ ਅਜਿਹੀ ਮੁਆਫੀ ਨਹੀਂ ਦਿੱਤੀ ਜਾ ਸਕਦੀ? ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਇਸ ਕੇਸ ਨੂੰ ਪਾਸ ਕਰਵਾਉਣ ਲਈ ਕੇਂਦਰ ਦੇ ਪਿੱਛੇ ਪਿਆ ਰਿਹਾ ਅਤੇ ਅਖੀਰ ਉਸ ਨੇ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿਵਾ ਦਿੱਤੀ।

ਕਾਂਗਰਸ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੀਤੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਨਾ ਤਾਂ ਉਹਨਾਂ ਬਤੌਰ ਗ੍ਰਹਿ ਮੰਤਰੀ ਅਤੇ ਨਾ ਹੀ ਜੇਲ੍ਹ ਮੰਤਰੀ ਜਾਂ ਮੁੱਖ ਮੰਤਰੀ ਨੇ ਕਿਸੇ ਵੀ ਕਦਮ ਉੱਤੇ ਇਸ ਫਾਇਲ ਨੂੰ ਅੱਗੇ ਵਧਾਇਆ ਸੀ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ ਮੁਆਫੀ ਦੀ ਸਿਫਾਰਿਸ਼ ਕਰਨ ਅਤੇ ਇਸ ਨੂੰ ਲਾਗੂ ਕਰਨ ਦੀ ਹੀ ਗਲਤੀ ਨਹੀਂ ਕੀਤੀ, ਸਗੋਂ ਕਾਤਿਲ ਪੁਲਿਸ ਅਧਿਕਾਰੀਆਂ ਵੱਲੋ ਕੀਤੇ ਗੰਭੀਰ ਕਿਸਮ ਦੇ ਅਪਰਾਧ ਨੂੰ ਅਣਦੇਖਿਆ ਕੀਤਾ ਅਤੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਤਿਲਾਂ ਦੇ ਸਿਰਫ ਦੋ ਸਾਲ ਦੀ ਸਜ਼ਾ ਭੁਗਤਣ ਮਗਰੋਂ ਬਾਹਰ ਆਉਣ ਤੇ ਪੀੜਤ ਪਰਿਵਾਰਾਂ ਨੂੰ ਕਿੰਨਾ ਵੱਡਾ ਸਦਮਾ ਲੱਗੇਗਾ, ਇਸ ਦੀ ਬਿਲਕੁੱਲ ਪਰਵਾਹ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਸ਼ਰੇਆਮ ਇਨਸਾਫ ਦਾ ਮਜ਼ਾਕ ਉਡਾਇਆ ਗਿਆ ਹੈ। ਅਸੀਂ ਮੁਆਫੀ ਦੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਕਤਲ ਬਾਰੇ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬੇਸ਼ੱਕ ਇਹ ਵਾਰ ਵਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਦੁਖੀ ਹਰ ਸਿੱਖ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਇੱਕ ਭਾਵੁਕ ਕਾਰਵਾਈ ਸੀ, ਪਰੰਤੂ ਇਸ ਦੇ ਕੁੱਝ ਅਜਿਹੇ ਪਹਿਲੂ ਵੀ ਹਨ, ਜਿਹੜੇ ਰਸੂਖਵਾਨ ਅਤੇ ਤਾਕਤਵਰਾਂ ਵੱਲੋਂ ਬੇਅਦਬੀ ਦੀ ਸਾਜ਼ਿਸ਼ ਦੇ ਮਾਸਟਰਮਾਂਈਡ ਬਾਰੇ ਅਹਿਮ ਸਬੂਤਾਂ ਨੂੰ ਨਸ਼ਟ ਕਰਨ ਲਈ ਰਚੀ ਇੱਕ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ।

ਉਹਨਾਂ ਕਿਹਾ ਕਿ ਬਿੱਟੂ ਸਿਰਫ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਾ ਹੋ ਸਕਦਾ ਹੈ ਅਤੇ ਉਸ ਦੇ ਅਸਲੀ ਆਕਾਵਾਂ ਵੱਲੋਂ ਆਪਣੀ ਪੋਲ੍ਹ ਖੁੱਲ੍ਹਣ ਦੇ ਡਰੋਂ ਬਿੱਟੂ ਦਾ ਕਤਲ ਕਰਵਾਇਆ ਵੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਕੇਸ ਵਿਚ ਬਹੁਤ ਕੁੱਝ ਛੁਪਾ ਰਿਹਾ ਹੈ।

ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਜਦੋਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸੂਬੇ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲਾ ਮਾਹੌਲ ਸੀ ਤਾਂ ਬਿੱਟੂ ਨੇ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਪੰਜਾਬ ਵਿਚ ਗੜਬੜ ਫੈਲਾਉਣ ਦੀ ਰਚੀ ਸਾਜ਼ਿਸ਼ ਬਾਰੇ ਕੋਈ ਅਹਿਮ ਜਾਣਕਾਰੀ ਦੇ ਦਿੱਤੀ ਹੋਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION