38.1 C
Delhi
Tuesday, May 7, 2024
spot_img
spot_img

1304 ਉਮੀਦਵਾਰਾਂ ਲਈ ਪੰਜਾਬ ਦੇ 2.14 ਕਰੋੜ ਵੋਟਰ ਐਤਵਾਰ ਨੂੰ ਕਰਨਗੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ: ਮੁੱਖ ਚੋਣ ਅਧਿਕਾਰੀ ਡਾ: ਰਾਜੂ

ਯੈੱਸ ਪੰਜਾਬ
ਚੰਡੀਗੜ੍ਹ, 19 ਫਰਵਰੀ, 2022 –
ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ, ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਦੇ ਦਫ਼ਤਰ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

ਡਾ: ਰਾਜੂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ `ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਵਜੋਂ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ 28328 ਬੈਲਟ ਯੂਨਿਟ ਅਤੇ 24740 ਈਵੀਐਮ-ਵੀਵੀਪੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 6 ਵਿਧਾਨ ਸਭਾ ਹਲਕੇ — 52-ਖਰੜ, 59-ਸਾਹਨੇਵਾਲ, 61-ਲੁਧਿਆਣਾ ਦੱਖਣੀ, 67-ਪਾਇਲ, 110-ਪਟਿਆਲਾ ਦਿਹਾਤੀ ਅਤੇ 115-ਪਟਿਆਲਾ ਵਿਖੇ ਦੋ-ਦੋ ਬੈਲਟ ਯੂਨਿਟ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ ਤਿੰਨ ਵਿਸ਼ੇਸ਼ ਸਟੇਟ ਅਬਜ਼ਰਵਰਾਂ ਤੋਂ ਇਲਾਵਾ, ਭਾਰਤੀ ਚੋਣ ਕਮਿਸ਼ਨ ਨੇ 65 ਜਨਰਲ ਅਬਜ਼ਰਵਰ, 50 ਖਰਚਾ ਅਬਜ਼ਰਵਰ ਅਤੇ 29 ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਹਨ, ਜੋ ਤਿੱਖੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਸਹਾਇਤਾ ਲਈ 2083 ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 17 ਵਿਧਾਨ ਸਭਾ ਹਲਕਿਆਂ ਦੀ ਸ਼ਨਾਖਤ ਖਰਚ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 117 ਡਿਸਪੈਚ ਸੈਂਟਰ ਅਤੇ 117 ਕੁਲੈਕਸ਼ਨ ਸੈਂਟਰ ਹਨ, ਜਦੋਂ ਕਿ ਰਾਜ ਵਿੱਚ 67 ਥਾਵਾਂ `ਤੇ 117 ਈਵੀਐਮ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ `ਤੇ ਪੀਣ ਵਾਲਾ ਸਾਫ਼ ਪਾਣੀ, ਟੈਂਟ ਅਤੇ ਕੁਰਸੀਆਂ ਸਮੇਤ ਘੱਟੋ-ਘੱਟ ਸੁਵਿਧਾਵਾਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਹਰੇਕ ਪੋਲਿੰਗ ਸਟੇਸ਼ਨ `ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਸਮੱਗਰੀ ਹੋਵੇਗੀ, ਜਦਕਿ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਲਈ ਕੂੜਾਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ।

ਡਾ: ਰਾਜੂ ਨੇ ਪੋਲਿੰਗ ਸਟੇਸ਼ਨਾਂ `ਤੇ ਆਉਣ ਵਾਲੇ ਵੋਟਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 444721 ਵਿਅਕਤੀ, 138116 ਦਿਵਿਆਂਗ ਵੋਟਰ ਅਤੇ 162 ਕੋਵਿਡ-19 ਮਰੀਜ਼ਾਂ ਨੂੰ ਪੋਸਟਲ ਬੈਲਟ ਸਹੂਲਤ ਲਈ ਫਾਰਮ 12ਡੀ ਮਹੱਈਆ ਕਰਵਾਏ ਗਏ ਹਨ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਾਰ 18-19 ਸਾਲ ਉਮਰ ਵਰਗ ਦੇ 348836 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਸਾਰੇ ਜਿ਼ਲ੍ਹਾ ਪ੍ਰਸ਼ਾਸਨ ਪਹਿਲੀ ਵਾਰ ਇਨ੍ਹਾਂ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 509405 ਵੋਟਰ, 109624 ਸਰਵਿਸ ਵੋਟਰ ਅਤੇ 158341 ਦਿਵਿਆਂਗ ਵੋਟਰ ਹਨ, ਜਦਕਿ 1608 ਪਰਵਾਸੀ ਵੋਟਰ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੈਲਕਮ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ, ਜਦਕਿ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਵੋਟਰ ਸੂਚਨਾ ਗਾਈਡਾਂ ਵੀ ਵੰਡੀਆਂ ਗਈਆਂ ਹਨ।

ਡਾ: ਰਾਜੂ ਨੇ ਦੱਸਿਆ ਕਿ ਜੀ.ਪੀ.ਐਸ. ਨਾਲ ਲੈਸ 9966 ਵਾਹਨਾਂ ਦੀ ਵਰਤੋਂ ਚੋਣਾਂ ਸਬੰਧੀ ਡਿਊਟੀਆਂ ਲਈ ਕੀਤੀ ਜਾ ਰਹੀ ਹੈ।ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ `ਤੇ ਭੇਜਣ ਲਈ 5000 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਅਮਨ-ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ, ਡਾ: ਰਾਜੂ ਨੇ ਕਿਹਾ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਤਾਇਨਾਤ ਪੁਲਿਸ ਪਾਰਟੀਆਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੇ ਲੈਣ-ਦੇਣ ਨੂੰ ਠੱਲ੍ਹ ਪਾਉਣ ਲਈ ਚੌਕਸੀ ਨਾਲ ਤਲਾਸ਼ੀ ਲੈ ਰਹੀਆਂ ਹਨ।

ਡਾ. ਰਾਜੂ ਨੇ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਮੂਹ ਡੀਸੀ, ਸੀਪੀਜ਼ ਅਤੇ ਐਸਐਸਪੀਜ਼ ਸਖ਼ਤ ਨਿਗਰਾਨੀ ਰੱਖ ਰਹੇ ਹਨ ਅਤੇ ਸੂਚਨਾ ਜਾਂ ਸਿ਼ਕਾਇਤ ਮਿਲਣ `ਤੇ ਤੁਰੰਤ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 18 ਫਰਵਰੀ 2022 ਤੱਕ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ 500.70 ਕਰੋੜ ਰੁਪਏ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 35.43 ਕਰੋੜ ਰੁਪਏ ਦੀ 58.18 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ, ਇਨਫੋਰਸਮੈਂਟ ਵਿੰਗਾਂ ਨੇ 368.60 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ ਅਤੇ 32.52 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।

ਡਾ: ਰਾਜੂ ਨੇ ਦੱਸਿਆ ਕਿ ਰਾਜ ਵਿੱਚ 9 ਜਨਵਰੀ, 2022 ਤੋਂ 18 ਫਰਵਰੀ, 2022 ਤੱਕ 3467 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੱਲ 3467 ਐਫਆਈਆਰਜ਼ ਵਿੱਚੋਂ 93 ਆਈ.ਪੀ.ਸੀ., 22 ਆਰ.ਪੀ. ਐਕਟ, 203 ਪ੍ਰਾਪਰਟੀ ਡੀਫੇਸਮੈਂਟ, 40 ਕੋਵਿਡ-19 ਨਾਲ ਸਬੰਧਤ, 902 ਐਨ.ਡੀ.ਪੀ.ਐਸ. ਤਹਿਤ, 2109 ਆਬਕਾਰੀ ਨਾਲ ਸਬੰਧਤ, 80 ਹਥਿਆਰਾਂ ਨਾਲ ਅਤੇ 18 ਹੋਰ ਮਾਮਲੇ ਹਨ।

ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਧੁਨੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ 17 ਨੋਟਿਸ ਜਾਰੀ ਕੀਤੇ ਗਏ ਹਨ।

ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਹੁੱਣ ਤੱਕ ਉਨ੍ਹਾਂ ਨੂੰ ਸੀਵਿਜਿਲ ਐਪ `ਤੇ 19 ਫਰਵਰੀ ਤੱਕ ਕੁੱਲ 16637 ਸਿ਼ਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 12194 ਸਿ਼ਕਾਇਤਾਂ ਦਾ ਨਿਪਟਾਰਾ 100 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਔਸਤਨ 45 ਮਿੰਟ 60 ਸਕਿੰਟ ਦੇ ਸਮੇਂ ਅਤੇ 94 ਫੀਸਦ ਸ਼ੁੱਧਤਾ ਦਰਾਂ ਨਾਲ ਇਨ੍ਹਾਂ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਹੈ।
ਇਸ ਤੋਂ ਇਲਾਵਾ ਡਾ: ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 619 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 565 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦੋਂ ਕਿ 54 ਉੱਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰਾਂ ਰਾਸ਼ਟਰੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ’ਤੇ 507 ਸ਼ਿਕਾਇਤਾਂ ਪ੍ਰਾਪਤ ਹੋਈਆਂ , ਜਿਨਾਂ ’ਚੋਂ 467 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 40 ਪ੍ਰਕਿਰਿਆ ਅਧੀਨ ਹਨ।

ਉਨਾਂ ਦੱਸਿਆ ਕਿ ਕਾਲ ਸੈਂਟਰ ਰਾਹੀਂ 2805 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨਾਂ ਵਿੱਚੋਂ 2616 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇੱਕ ਵਾਜਿਬ ਨਹੀਂ ਸੀ ਅਤੇ 189 ਪ੍ਰਕਿਰਿਆ ਅਧੀਨ ਹਨ।

ਇਸੇ ਤਰਾਂ ਹੋਰ ਸਰੋਤਾਂ ਰਾਹੀਂ 2259 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 2238 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 21 ਪ੍ਰਕਿਰਿਆ ਅਧੀਨ ਹਨ।

ਡਾ: ਰਾਜੂ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) 18 ਫਰਵਰੀ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਇਸ ਸਾਈਲੈਂਸ ਪੀਰੀਅਡ ਦੌਰਾਨ ,ਜੋ ਕਿ ਸਮਾਪਤੀ ਲਾਗੂ ਹੈ, ਤੱਕ ਡਰਾਈ ਡੇ ਘੋਸਿ਼ਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ `ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਰਾਜਾਂ– ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਇਸ ਸਮੇਂ ਦੌਰਾਨ ਡਰਾਈ ਡੇਅ ਐਲਾਨਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਬੰਧਤ ਖੇਤਰਾਂ/ਹਲਕੇ ਵਿੱਚ ਸਾਈਲੈਂਸ ਪੀਰੀਅਡ ਦੌਰਾਨ ਗੈਰਕਾਨੂੰਨੀ ਇੱਕਤਰਤਾਵਾਂ `ਤੇ ਪਾਬੰਦੀ ਅਤੇ ਜਨਤਕ ਮੀਟਿੰਗਾਂ `ਤੇ ਵੀ ਰੋਕ ਹੋਵੇਗੀ।

ਜਿ਼ਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਫਰਵਰੀ, 2022 ਨੂੰ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਉਦਯੋਗਿਕ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਪੰਜਾਬ ਵਿੱਚ 20 ਫਰਵਰੀ, 2022 ਨੂੰ ਵੋਟਾਂ ਦੀ ਮਿਤੀ ਨੂੰ ਤਨਖਾਹ ਸਮੇਤ ਛੁੱਟੀ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION