38.1 C
Delhi
Tuesday, May 14, 2024
spot_img
spot_img

ਹੁਣ ਸਿੱਧੂ ਨੇ ਕੀਤਾ ਸੁਖ਼ਜਿੰਦਰ ਰੰਧਾਵਾ ਅਤੇ ਆਸ਼ੂ ’ਤੇ ਪਲਟਵਾਰ; ਕਿਹਾ ‘ਵਿਕੇ ਹੋਏ’ ਕੈਪਟਨ ਨੂੰ ਬਚਾਉਣ ਲਈ ਨਹੀਂ ਖੋਲ੍ਹੀ ਗਈ ਐਸ.ਟੀ.ਐਫ. ਦੀ ਰਿਪੋਰਟ

ਯੈੱਸ ਪੰਜਾਬ
ਚੰਡੀਗੜ੍ਹ, 4 ਦਸੰਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ’ਤੇ ਪਲਟਵਾਰ ਕੀਤਾ ਹੈ। ਸ: ਸਿੱਧੂ ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਨੰਬਰ ਦੇਣ ਤੋਂ ਵੀ ਸਪਸ਼ਟ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਸ: ਰੰਧਾਵਾ, ਸ੍ਰੀ ਆਸ਼ੂ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ: ਨਵਜੋਤ ਸਿੰਘ ਸਿੱਧੂ ’ਤੇ ਤਿੱਖੇ ਹਮਲੇ ਕੀਤੇ ਸਨ ਜਦਕਿ ਸ: ਸਿੱਧੂ ਦੇ ਪੁਲਿਸ ਖਿਲਾਫ਼ ਬਿਆਨ ’ਤੇ ਸ: ਚੰਨੀ ਨੇ ਵੀ ਸਟੈਂਡ ਲਿਆ ਸੀ ਅਤੇ ਕਿਹਾ ਸੀ ਕਿ ਜਿਹੜਾ ਵੀ ਪੰਜਾਬ ਪੁਲਿਸ ਦੇ ਖਿਲਾਫ਼ ਬੋਲਦਾ ਹੈ, ਉਹ ਮੇਰੀ ਸਰਕਾਰ ਦੇ ਖਿਲਾਫ਼ ਬੋਲਦਾ ਹੈ। ਇਸ ਤੋਂ ਪਹਿਲਾਂ ਸ: ਸਿੱਧੂ ਅਤੇ ਸ੍ਰੀ ਸੁਨੀਲ ਜਾਖ਼ੜ ਵਿਚਾਲੇ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨੂੰ ਲੈ ਕੇ ਵੀ ਵਖ਼ਰੇਵਾਂ ਸਾਹਮਣੇ ਆਇਆ ਸੀ ਜਦ ਸ੍ਰੀ ਜਾਖ਼ੜ ਨੇ ਸ: ਸਿੱਧੂ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੀ ਮੰਗ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਮਾੜਾ ਪਰ ਕਾਂਗਰਸ ਸਾਂਝੀ ਅਗਵਾਈ ਹੇਠ ਹੀ ਚੋਣਾਂ ਵਿੱਚ ਉੱਤਰੇਗੀ।

ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਵੱਲੋਂ ਬੋਲੇ ਗਏ ਬੋਲਾਂ ਦਾ ਜਵਾਬ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਸ: ਰੰਧਾਵਾ ਅਤੇ ਉਨ੍ਹਾਂ ਦੇ ਹੋਰ ਸਾਥੀ ਜਦ ਕੈਪਟਨ ਨਾਲ ਚਿੰਬੜੇ ਹੋਏ ਸੀ, ਸਿੱਧੂ ਤਾਂ ਉਦੋਂ ਵੀ ਲੜਦਾ ਰਿਹਾ ਅਤੇ ਸਾਢੇ ਚਾਰ ਸਾਲ ਲੜਦਾ ਰਿਹਾ। ਉਹਨਾਂ ਕਿਹਾ ਕਿ ਮੈਂ ਅਜੇ ਵੀ ਬੇਅਦਬੀ ’ਤੇ ਸਵਾਲ ਕਰਦਾ ਹਾਂ।

ਇਸ ਦੇ ਨਾਲ ਹੀ ਉਨ੍ਹਾਂ ਇਕ ਹੋਰ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਸ: ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਐਫ.ਆਈ.ਆਰ. ਤਾਂ ਹੋਈ ਪਰ ਐਸ.ਟੀ.ਐਫ. ਦੀ ਰਿਪੋਰਟ ਤਾਂ ਅਜੇ ਤਕ ਨਹੀਂ ਖੋਲ੍ਹੀ ਗਈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਖੁਲ੍ਹ ਜਾਂਦੀ ਤਾਂ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਕੀ ਕੀਤਾ ਸੀ। ਉਹਨਾਂ ਕਿਹਾ ਕਿ ਇਹ ਤਾਂ ਉਹੀ ਕਹਾਣੀ ਹੈ ਕਿ ‘ਤੂੰ ਮੇਰੀ ਪਿੱਠ ਖੁਜਾ ਦੇ ਮੈਂ ਤੇਰੀ ਖੁਜਾ ਦਿਆਂਗਾ’ ਭਾਵ ਰਲ ਮਿਲ ਕੇ ਹੀ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਪਣੀਆਂ ਗਰਜ਼ਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਕੋਲ ਵਿਕੇ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੂੰ ਅਰਦਲੀ ਬਣਾ ਕੇ ਰੱਖ਼ਿਆ ਹੋਇਆ ਸੀ।

ਉਹਨਾਂ ਕਿਹਾ ਕਿ ਕਦੇ ਚੋਰ ਚੋਰੀ ਫ਼ੜਦਾ ਹੈ। ਚੋਰ ਚੋਰ ਮੌਸੇਰੇ ਭਾਈ ਹੁੰਦੇ ਹਨ, 75-25 ਅਜੇ ਵੀ ਜਾਰੀ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ‘ਵਿਕਾਊ’ ਮੁੱਖ ਮੰਤਰੀ ਦੱਸਦਿਆਂ ਸ: ਸਿੱਧੂ ਨੇ ਕਿਹਾ ਕਿ ਐਫ.ਆਈ.ਆਰ. ਤਾਂ ਬੇਅਦਬੀ ਮਾਮਲੇ ਵਿੱਚ ਵੀ ਹੋਈ ਸੀ ਪਰ 6 ਸਾਲ ਹੋ ਗਏ ਹੋਇਆ ਕੁਝ ਨਹੀਂ। ਉਹਨਾਂ ਕਿਹਾ ਕਿ ਕੈਪਟਨ ਦੇ ਕਹਿਣ ’ਤੇ ਬਿਆਨ ਦੇਣ ਵਾਲੇ 8-8 ਆਗੂਆਂ ਨੂੰ ਆਪਣੇ ਗਿਰੇਬਾਨ ਵਿੱਚ ਝਾਕਣ ਦੀ ਲੋੜ ਹੈ।

ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸ: ਸਿੱਧੂ ਨੂੰ ਕਾਂਗਰਸ ਪ੍ਰਧਾਨ ਵਜੋਂ ਤਹੱਮਲ ਵਰਤਣ, ’ਮੈਂ’ ਛੱਡਣ ਅਤੇ ਕਾਂਗਰਸ ਦੇ ਸਭਿਆਚਾਰ ਨੂੰ ਸਮਝਣ ਦੀ ਦਿੱਤੀ ਨਸੀਹਤ ਨੂੰ ਚੁਣੌਤੀ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ 50 ਸਾਲ ਦੇ ਕਾਂਗਰਸੀ ਸਨ, 36 ਸਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਉਹ ਖ਼ੁਦ 4 ਵਾਰ ਦੇ ਐਮ.ਪੀ.ਅਤੇ 2 ਵਾਰ ਦੇ ਵਿਧਾਇਕ ਹਨ। ਉਨ੍ਹਾਂਆਖ਼ਿਆ ਕਿ ਸੂਰਜ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ ਪਰ ਨਾਲ ਹੀ ਉਨ੍ਹਾਂ ਚੋਭ ਲਾਉਂਦਿਆਂ ਆਖ਼ਿਆ ਕਿ 2000 ਕਰੋੜ ਰੁਪਏ ਵਾਲੀ ਪ੍ਰੈਸ ਕਾਨਫਰੰਸ ਮੇਰੇ ਖ਼ਿਲਾਫ਼ ਤਾਂ ਨਹੀਂ ਹੋਈ।

ਸ੍ਰੀ ਆਸ਼ੂ ’ਤੇ ਰੰਜ ਜਤਾਉਂਦਿਆਂ ਸ: ਸਿੱਧੂ ਨੇ ਕਿਹਾ ਕਿ ਉਹ ਮੇਰਾ ਛੋਟਾ ਭਾਈ ਹੈ ਅਤੇ ਮੈਂ ਹਰ ਥਾਂ ਉਹਦੇ ਲਈ ਖੜਿ੍ਹਆ ਅਤੇ ਲੜਿਆ ਪਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਆਪ ਹੈ। ਉਨ੍ਹਾਂ ਕਿਹਾ ਕਿ ਈ.ਡੀ. ਮੇਰੇ ਵੱਲ ਝਾਕ ਵੀ ਨਹੀਂ ਸਕਦੀ।

ਸ: ਸਿੱਧੂ ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ 10 ਵਿੱਚੋਂ ਕੋਈ ਵੀ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਬਾਰੇ ਪੁੱਛੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।

ਬੀਤੇ ਕਲ੍ਹ ਔਰਤਾਂ ਬਾਰੇ ਕੀਤੇ ਗਏ ਐਲਾਨਾਂ, ਜਿਨ੍ਹਾਂ ’ਤੇ ਪਾਰਟੀ ਦੇ ਆਗੂਆਂ ਵੱਲੋਂ ਹੀ ਸਵਾਲ ਉਠਾਏ ਜਾ ਰਹੇ ਹਨ, ਸ: ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਨਿੱਜੀ ਹੈਸੀਅਤ ਵਿੱਚ ਨਹੀੀ ਬੋਲਦਾ। ਮੈਂ ਜੋ ਬੋਲਿਆ ਹੈ, ਉਹ ਕਾਂਗਰਸ ਦੇ ਪ੍ਰੋਗਰਾਮ ਹਨ ਅਤੇ ਇਹ ਤਾਕਤ ਮੈਨੂੰ ਸ੍ਰੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਮੇਰੀ ਯੋਗਤਾ ਵੇਖ਼ ਕੇ ਹੀ ਦਿੱਤੀ ਹੈ।

ਉਹਨਾਂ ਮੁੜ ਇਹ ਕਿਹਾ ਕਿ ਕਾਂਗਰਸ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੀਦਾ ਹੈ। ਇੰਜ ਨਾ ਕੀਤੇ ਜਾਣ ’ਤੇ ਉਹਨਾਂ ਦਾ ਕੀ ਰੁਖ਼ ਹੋਵੇਗਾ, ਇਸ ਗੱਲ ਦਾ ਜਵਾਬ ਦਿੰਦਿਆਂ ਉਨ੍ਹਾਂ ਆਖ਼ਿਆ ਕਿ ਇਹ ਗੱਲਾਂ ਜਨਤਕ ਤੌਰ ’ਤੇ ਨਹੀਂ ਦੱਸੀਆਂ ਜਾਂਦੀਆਂ ਪਰ ਜਿੱਥੇ ਕਹਿਣੀਆਂ ਹੋਣਗੀਆਂ ਉੱਥੇ ਕਹੀਆਂ ਜਾਣਗੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION