31.1 C
Delhi
Sunday, May 5, 2024
spot_img
spot_img

ਹੁਣ, ਬਟਨ ਦਬਾਉਂਦਿਆਂ ਹੀ ਪਤਾ ਲੱਗ ਜਾਵੇਗਾ ਚੋਣ ਲੜ ਰਹੇ ਉਮੀਦਵਾਰ ਦਾ ਪਿਛੋਕੜ ਅਤੇ ਅਪਰਾਧਿਕ ਰਿਕਾਰਡ : ਡਾ. ਐਸ ਕਰੁਣਾ ਰਾਜੂ

ਯੈੱਸ ਪੰਜਾਬ
ਚੰਡੀਗੜ, 22 ਜਨਵਰੀ, 2022 –
ਰਾਜਨੀਤਕ ਪਾਰਟੀਆਂ ਲਈ, ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਚੁਣੇ ਜਾਣ ਸਬੰਧੀ ਵਾਜਿਬ ਸਪੱਸ਼ਟੀਕਰਨ ਪ੍ਰਕਾਸ਼ਿਤ ਕਰਨ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ, ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਵੋਟਰਾਂ ਲਈ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਨ ਲਈ ਇੱਕ ਮੋਬਾਈਲ ਐਪਲੀਕੇਸ਼ਨ ‘ਨੋਅ ਯੂਅਰ ਕੈਂਡੀਡੇਟ’ ਲਾਂਚ ਕੀਤੀ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸ਼ਨਿਚਰਵਾਰ ਨੂੰ ਦਿੱਤੀ।

ਸੂਬੇ ਦੇ ਵੋਟਰਾਂ ਨੂੰ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਇਹ ਐਪ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੈ।

ਰਿਟਰਨਿੰਗ ਅਫਸਰਾਂ ਨੂੰ ਐਪ ‘ਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਮੀਦਵਾਰ ਅਪਰਾਧਿਕ ਪਿਛੋਕੜ ਨੂੰ ਦਰਸਾਉਣ ਲਈ ‘ਹਾਂ’ ਜਾਂ ‘ਨਹੀਂ’ ਵਾਲਾ ਚੈੱਕਬਾਕਸ ਟਿੱਕ ਕੀਤਾ ਜਾਵੇ ਅਤੇ ਉਮੀਦਵਾਰ ਵਲੋਂ ਔਫਲਾਈਨ ਨਾਮਜਦਗੀ ਸਮੇਂ ਜਮਾ ਕਰਵਾਏ ਗਏ ਸਕੈਨਡ ਦਸਤਾਵੇਜ਼ ਹੀ ਅਪਲੋਡ ਕੀਤੇ ਜਾਣ। ਅਪਰਾਧਿਕ ਪਿਛੋਕੜ ਸਬੰਧੀ ਵੇਰਵੇ ਕੇ.ਵਾਈ.ਸੀ (ਨੋਅ ਯੂਅਰ ਕੈਂਡੀਡੇਟ) ਐਪ ਰਾਹੀਂ ਜਨਤਕ ਕੀਤੇ ਵੇਰਵਿਆਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ।

ਰਿਟਰਨਿੰਗ ਅਫਸਰ ਵਲੋਂ ਵੇਰਵਿਆਂ ਨੂੰ ਦੁਬਾਰਾ ਤਸਦੀਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਦੁਆਰਾ ਜਮਾ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਹੀ ਚੈਕਬਾਕਸ ਨੂੰ “ਹਾਂ’’ ਜਾਂ “ਨਹੀਂ’’ ਵਜੋਂ ਉਚਿਤ ਢੰਗ ਨਾਲ ਚਿੰਨਿਤ ਕੀਤਾ ਗਿਆ ਹੋਵੇ।

ਵੱਖ -ਵੱਖ ਮੋਬਾਈਲ ਵੋਟਰ ਫ੍ਰੈਂਡਲੀ ਐਪਸ ਸ਼ੁਰੂ ਕਰਨ ਜਿਹੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਕੁਝ ਹੋਰ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਈ.ਸੀ.ਆਈ. ਵਲੋਂ ਇੱਕ ਹੋਰ ਐਪਲੀਕੇਸ਼ਨ ‘ਸੁਵਿਧਾ ਐਪ’ ਵੀ ਲਾਂਚ ਕੀਤੀ ਗਈ ਹੈ, ਜੋ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੋਵਾਂ ਲਈ ਮੀਟਿੰਗਾਂ, ਰੈਲੀਆਂ ਆਦਿ ਕਰਵਾਉਣ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਣ ਸਬੰਧੀ ਇੱਕ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਦੀ ਹੈ। ਇਹ ਐਂਡਰੌਇਡ ਐਪ ਰਾਹੀਂ ਵੀ ਕੀਤਾ ਜਾ ਸਕਦਾ ਹੈ।

ਇੱਕ ਹੋਰ ਮਹੱਤਵਪੂਰਨ ਐਪ ‘ਸੀਵਿਜਿਲ’ ਹੈ ਜੋ ਆਦਰਸ਼ ਚੋਣ ਜਾਬਤੇ/ਖਰਚ ਦੀ ਉਲੰਘਣਾ ਦਾ ਅਸਲ ਸਮਾਂ, ਸਬੂਤ-ਆਧਾਰਿਤ ਵੇਰਵੇ ਅਤੇ ਸਬੰਧਤ ਸਥਾਨ ਦੇ ਡੇਟਾ ਸਮੇਤ ਲਾਈਵ ਫੋਟੋ/ਵੀਡੀਓ ਪ੍ਰਦਾਨ ਕਰਦੀ ਹੈ। ਕੋਈ ਵੀ ਨਾਗਰਿਕ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਲਾਇੰਗ ਸਕੁਐਡ ਫਿਰ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫਸਰ 100 ਮਿੰਟ ਦੇ ਅੰਦਰ ਫੈਸਲਾ ਲੈਂਦਾ ਹੈ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ‘ਵੋਟਰ ਹੈਲਪਲਾਈਨ’ ਨਾਂ ਦੀ ਇੱਕ ਹੋਰ ਨਵੀਂ ਐਂਡਰਾਇਡ ਅਧਾਰਤ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ, ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣੇ ਨਾਮ ਲੱਭਣ, ਆਨਲਾਈਨ ਫਾਰਮ ਜਮਾਂ ਕਰਾਉਣ, ਅਰਜੀ ਦੀ ਸਥਿਤੀ ਦਾ ਪਤਾ ਲਗਾਉਣ , ਸ਼ਿਕਾਇਤਾਂ ਦਾਇਰ ਕਰਨ ਅਤੇ ਦਰਜ ਕਰਵਾਈਆਂ ਸ਼ਿਕਾਇਤਾਂ ਦੇ ਜਵਾਬ ਮੋਬਾਈਲ ਐਪ ‘ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਬੂਥ ਲੈਵਲ ਅਫਸਰਾਂ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਜਿਲਾ ਚੋਣ ਅਫਸਰਾਂ ਦੇ ਸੰਪਰਕ ਵੇਰਵਿਆਂ ਨੂੰ ਜਾਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਵੋਟਰ ਹੈਲਪਲਾਈਨ ਐਪ www.nvsp.in ਪੋਰਟਲ ’ਤੇ ਜਾ ਕੇ ਜਾਂ 1950 ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵਰਤੀ ਜਾ ਸਕਦੀ ਹੈ।

ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਦਿਵਿਆਂਗ ਵਿਅਕਤੀਆਂ (ਪੀ.ਡਬਲਯ.ੂਡੀ.) ਨੂੰ ਨਵੀਂ ਰਜਿਸਟ੍ਰੇਸ਼ਨ, ਪਤੇ ਵਿੱਚ ਤਬਦੀਲੀ, ਵੇਰਵਿਆਂ ਵਿੱਚ ਤਬਦੀਲੀ ਅਤੇ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਦੁਆਰਾ ਖੁਦ ਨੂੰ ਪੀ.ਡਬਲਯ.ੂਡੀ. ਵਜੋਂ ਦਰਸਾਉਣ ਲਈ ਬੇਨਤੀ ਕਰਨ ਦੇ ਯੋਗ ਬਣਾਉਣ ਲਈ ‘ਪੀ.ਡਬਲਯੂ.ਡੀ .ਐਪ’ ਵੀ ਲਾਂਚ ਕੀਤੀ ਗਈ ਹੈ। ਸਿਰਫ ਆਪਣੇ ਸੰਪਰਕ ਵੇਰਵਿਆਂ ਨੂੰ ਦਰਜ ਕਰਕੇ, ਬੂਥ ਲੈਵਲ ਅਫਸਰ ਨੂੰ ਘਰ-ਘਰ ਜਾਣ ਦੀ ਸਹੂਲਤ ਉਪਲਬਧ ਹੋ ਜਾਂਦੀ ਹੈ। ਦਿਵਿਆਂਗ ਵਿਅਕਤੀ ਪੋਲਿੰਗ ਦੌਰਾਨ ਵੀਲਚੇਅਰ ਲਈ ਵੀ ਬੇਨਤੀ ਕਰ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION