32.8 C
Delhi
Sunday, April 28, 2024
spot_img
spot_img

ਹਰਿਆਣਾ ਦੇ ਗੁਰਦੁਆਰੇ ਆਧੁਨਿਕ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਲਈ ਹਰਿਆਣਾ ਕਮੇਟੀ ਦੀਆਂ ਚੋਣਾਂ ਲੜੇਗਾ ਅਕਾਲੀ ਦਲ: ਸੁਖ਼ਬੀਰ ਬਾਦਲ

ਯੈੱਸ ਪੰਜਾਬ
ਚੰਡੀਗੜ੍ਹ, 26 ਅਗਸਤ, 2023:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ ਤੇ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਆਧੁਨਿਕ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਵਾਉਣ ਜਿਹਨਾਂ ਨੈ ਕਾਂਗਰਸ ਤੇ ਭਾਜਪਾ ਦੀ ਮਦਦ ਨਾਲ ਰਲ ਕੇ ਇਸ ਪ੍ਰਬੰਧ ’ਤੇ ਕਬਜ਼ਾ ਕੀਤਾ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਪਣੇ ਚੋਣ ਨਿਸ਼ਾਨ ’ਤੇ ਇਹ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਸਾਡਾ ਸਾਰਾ ਧਿਆਨ ਹਰਿਆਣਾ ਵਿਚ ਸਿੱਖਾਂ ਨੂੰ ਆਪਣੀ ਗੁਰਦੁਆਰਾ ਕਮੇਟੀ ਦੇਣ ਦਾ ਅਧਿਕਾਰ ਦੇਣਾ ਹੈ ਤੇ ਮੌਜੂਦਾ ਕਮੇਟੀ ਨੂੰ ਮੌਜੂਦਾ ਪ੍ਰਬੰਧਕਾਂ ਤੋਂ ਮੁਕਤ ਕਰਵਾਉਣਾ ਹੈ ਜੋ ਸਾਰੇ ਸਿਧਾਂਤਾਂ ਤੇ ਨਿਯਮਾਂ ਦੇ ਖਿਲਾਫ ਅਧਿਕਾਰਤ ਮੀਟਿੰਗਾਂ ਵਿਚ ਗੰਦੀਆਂ ਗਾਲਾਂ ’ਤੇ ਉਤਰ ਆਉਂਦੇ ਹਨ। ਉਹਨਾਂ ਨੇ ਹਰਿਆਣਾ ਵਿਚ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੀਆਂ ਵੋਟਾਂ ਬਣਵਾਉਣ ਤਾਂ ਜੋ ਸੂਬੇ ਵਿਚ ਆਉਂਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਪੰਥ ਦਾ ਮਾਣ ਸਤਿਕਾਰ ਬਹਾਲ ਕੀਤਾ ਜਾ ਸਕੇ।

ਸਰਦਾਰ ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਪਾਰਟੀ ਦੀ ਕੋਰ ਕਮੇਟੀ ਵਿਚ ਹੋਈ ਚਰਚਾ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝ. ਕੀਤੀ, ਨੇ ਕਿਹਾ ਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਪੰਜਾਬ ਵਿਚ ਆਏ ਹੜ੍ਹ ਮਨੁੱਖ ਦੀ ਸਿਰਜੀ ਤ੍ਰਾਸਦੀ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਜ਼ਿੰਮੇਵਾਰ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਹੜ੍ਹਾਂ ਦੀ ਰੋਕਥਾਮ ਵਾਸਤੇ ਮੌਨਸੂਨ ਤੋਂ ਪਹਿਲਾਂ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਉਹ ਉਹ ਭਾਖੜਾ ਤੇ ਪੌਂਗ ਡੈਮਾਂ ਤੋਂ ਛੱਡੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੇ ਜਿਸ ਕਾਰਨ ਪੰਜਾਬ ਦੇ ਵੱਡੇ ਹਿੱਸੇ ਹੜ੍ਹਾਂ ਵਿਚ ਡੁੱਬ ਗਏ ਤੇ ਉਹ ਆਪ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਨਾਲ ਆਪ ਦੀਆਂ ਚੋਣ ਮੀਟਿੰਗਾਂ ਵਾਸਤੇ ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਭੱਜ ਗਏ। ਇਸ ਕਾਰਨ ਸੱਤ ਲੱਖ ਏਕੜ ਵਿਚ ਝੋਨੇ ਦੀ ਫਸਲ ਤਬਾਹ ਹੋਣ ਨਾਲ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ।

ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਹੜ੍ਹ ਮਾਰੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ 186 ਕਰੋੜ ਰੁਪਏ ਦਾ ਮੁਆਵਜ਼ਾ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਗਿਰਦਾਵਰੀ ਤੋਂ ਪਹਿਲਾਂ ਕਿਸਾਨਾਂ ਨੂੰ ਅੰਤਰਿਮ ਮੁਆਵਜ਼ਾ ਦਿੱਤਾ ਜਾਵੇਗਾ ਪਰ ਤਿੰਨ ਫਸਲਾਂ ਬਰਬਾਦ ਹੋਣ ਦੇ ਬਾਵਜੂਦ ਉਹ ਕੋਈ ਵੀ ਮੁਆਵਜ਼ਾ ਦੇਣ ਵਿਚ ਫੇਲ੍ਹ ਰਹੀ। ਉਹਨਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਮਗਰੋਂ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ 15 ਅਗਸਤ ਤੱਕ ਮੁਆਵਜ਼ਾ ਜਾਰੀ ਹੋ ਜਾਵੇਗਾ ਪਰ ਉਹ 40 ਹਜ਼ਾਰ ਰੁਪਏ ਲਿਖੇ ਪ੍ਰਿੰਟਡ ਲਿਫਾਫਿਆਂ ਵਿਚ 4 ਹਜ਼ਾਰ ਰੁਪਏ ਦੇ ਚੈਕ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਵੰਡ ਕੇ ਤਸਵੀਰਾਂ ਖਿੱਚਵਾਉਂਦੇ ਰਹੇ।

ਉਹਨਾਂ ਕਿਹਾ ਕਿ ਕੋਰ ਕਮੇਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਤਬਾਹ ਹੋਈ ਉਹਨਾਂ ਨੂੰ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਘਰਾਂ ਦੇ ਨੁਕਸਾਨ ਲਈ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਜਿਹਨਾਂ ਦੇ ਜੀਆਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ 25 ਲੱਖ ਰੁਪਏ, ਖੇਤ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ, ਦੁਧਾਰੂ ਪਸ਼ੂਆਂ ਦੇ ਨੁਕਸਾਨ ਲਈ ਇਕ ਲੱਖ ਰੁਪਏ ਤੇ ਹਰ ਬੱਕਰੀ ਦੇ ਨੁਕਸਾਨ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਹਨਾਂ ਦੇ ਟਿਊਬਵੈਲ ਬੋਰ ਬੈਠ ਗਏ ਹਨ, ਉਹਨਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਿਹਨਾਂ ਨੇ ਜ਼ਮੀਨ ਠੇਕੇ ’ਤੇ ਲਈ ਸੀ ਤੇ ਜਿਹੜੇ ਦਰਿਆਵਾਂ ਦੇ ਨਾਲਿਆਂ ਕੰਢੇ ਸਰਕਾਰੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਹੇ ਹਨ, ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਪ ਦਰਿਆਵਾਂ ਤੇ ਨਾਲਿਆਂ ਵਿਚ ਪਏ 60 ਪਾੜ ਪੂਰੇ ਹਨ ਤੇ ਇਹਨਾਂ ਕਿਸਾਨਾਂ ਦੇ ਮਸ਼ੀਨਰੀ, ਡੀਜ਼ਲ ਤੇ ਰੇਤੇ ਦੇ ਥੈਲਿਆਂ ’ਤੇ ਆਏ ਖਰਚ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਵਿਚ ਆਈ ਮਿੱਟੀ ਤੇ ਰੇਤਾ ਇਕੱਠਾ ਕਰ ਕੇ ਵੇਚਣ ਦੀ ਆਗਿਆ ਦਿੱਤੀ ਜਾਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਐਮ ਪੀ ਬਲਬੀਰ ਸਿੰਘ ਸੀਚੇਵਾਲ ਦੀ ਹੜ੍ਹਾਂ ਦੌਰਾਨ ਕਿਸਾਨ ਵਿਰੋਧੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਉਹਨਾਂ ਕਿਹਾ ਕਿ ਸੀਚੇਵਾਲ ਨੇ ਹਰੀਕੇ ਦੇ ਸਾਰੇ 32 ਗੇਟ ਇਕੋ ਸਮੇਂ ਖੁਲ੍ਹਵਾਏ ਜਿਸ ਕਾਰਨ ਫਾਜ਼ਿਲਕਾ ਤੇ ਫਿਰੋਜ਼ਪੁਰ ਵਿਚ ਹੜ੍ਹ ਆਏ। ਉਹਨਾਂ ਕਿਹਾ ਕਿ ਪ੍ਰਾਜੈਕਟ ਦੇ ਇੰਚਾਰਜ ਨਿਗਰਾਨ ਇੰਜੀਨੀਅਰ ਨੇ ਇਸਦਾ ਵਿਰੋਧ ਵੀ ਕੀਤਾ ਤੇ ਇਸਦੀ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ।

ਜਦੋਂ ਉਹਨਾਂ ਤੋਂ ਮੁੱਖ ਮੰਤਰੀ ਵੱਲੋਂ ਰਾਜਪਾਲ ਦੀਆਂ ਚਿੱਠੀਆਂ ਦਾ ਜਵਾਬ ਨਾ ਦੇਣ ਕਾਰਨ ਉਪਜੇ ਸੰਵਿਧਾਨਕ ਸੰਕਟ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੈ ਕਿਹਾ ਕਿ ਅਜਿਹਾ ਸੂਬੇ ਵਿਚ ਪਹਿਲੀਵਾਰ ਹੋ ਰਿਹਾ ਹੈ ਤੇ ਕਿਹਾ ਕਿ ਮੁੱਖ ਮੰਤਰੀ ਦੀ ਨਲਾਇਕੀ ਤੇ ਮੂਰਖਤਾ ਕਾਰਨ ਅਜਿਹਾ ਹੋ ਰਿਹਾ ਹੈ।

ਸਰਦਾਰ ਬਾਦਲ ਨੇ ਕੇਸ ਵਿਚ ਅਕਾਲੀ ਦਲ ਦੇ ਸਟੈਂਡ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਅਸੀਂ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਖਿਲਾਫ ਹਾਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਆਨੰਦਪੁਰ ਸਾਹਿਬ ਮਤੇ ਦੀ ਹਮਾਇਤੀ ਹੈ ਜਿਸ ਵਿਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿਰਫ ਮੁੱਦਾ ਹੀ ਕਾਫੀ ਨਹੀਂ। ਮਾਮਲਾ ਤਾਂ ਰਾਜਪਾਲ ਵੱਲੋਂ ਐਨ ਸੀ ਬੀ ਵੱਲੋਂ ਸਰ਼ਾਬ ਦੇ 66 ਠੇਕਿਆਂ ’ਤੇ ਨਸ਼ੇ ਵੇਚਣ ਦੇ ਮਾਮਲੇ ਵਿਚ ਕੀਤੀ ਕਾਰਵਾਈ ਦਾ ਹੈ। ਉਹਨਾਂ ਕਿਹਾ ਕਿ ਸ਼ਰਾਬ ਦੇ ਇਹ ਠੇਕੇ ਮੁੜ ਖੋਲ੍ਹ ਦਿੱਤੇ ਗੲ ਹਨ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਰਾਜਪਾਲ ਤੇ ਪੰਜਾਬੀਆਂ ਨੂੰ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਆਪ ਸਰਕਾਰ ਨਸ਼ਾ ਤਸਕਰਾਂ ਨਾਲ ਰਲੀ ਹੋਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION