39 C
Delhi
Sunday, May 5, 2024
spot_img
spot_img

ਸੁਖ਼ਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਵਫ਼ਦ ਰਾਜਪਾਲ ਨੁੰ ਮਿਲਿਆ, ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਐਨ.ਆਈ.ਏ. ਜਾਂਚ ਦੀ ਮੰਗ

ਯੈੱਸ ਪੰਜਾਬ
ਚੰਡੀਗੜ੍ਹ, 30 ਮਈ, 2022:
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹੀ ਨੌਜਵਾਨਾਂ ਦੇ ਪਸੰਦੀਦਾ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਅਤੇ ਮੂਸੇਵਾਲਾ ਤੇ ਜਥੇਦਾਰ ਅਕਾਲ ਤਖਤ ਸਾਹਿਬ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਸੁਰੱਖਿਆ ਵਾਪਸ ਲੈਣ ਦਾ ਗੁਪਤ ਦਸਤਾਵੇਜ਼ ਆਮ ਆਦਮੀ ਪਾਰਟੀ ਦੇ ਪੋਰਟਲ ’ਤੇ ਜਨਤਕ ਕਰ ਕੇ ਅਹੁਦੇ ਦਾ ਭੇਦ ਬਣਾਈ ਰੱਖਣ ਦੀ ਸਹੁੰ ਤੋੜਨ ਲਈ ਉਹਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।

ਅਕਾਲੀ ਦਲ ਦੇ ਇਕ ਵਫਦ ਨੇ ਅੱਜ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਇਸ ਸਬੰਧੀ ਮੁਲਾਕਾਤ ਕੀਤੀ ਤੇ ਉਹਨਾਂ ਨੁੰ ਅਪੀਲ ਕੀਤੀ ਕਿ ਸ੍ਰੀ ਭਗਵੰਤ ਮਾਨ ਨੁੰ ਮੁੱਖ ਮੰਤਰੀ ਵਜੋਂ ਬਰਖ਼ਾਸਤ ਕੀਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੁੰ ਹੁਣ ਮੁੱਖ ਮੰਤਰੀ ਦੇ ਅਹੁਦੇ ’ਤੇ ਇਕ ਮਿੰਟ ਵੀ ਹੋਰ ਬਣੇ ਰਹਿਣ ਦਾ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਮੰਗ ਕੀਤੀ ਕਿ ਮੂਸੇਵਾਲਾ ਦੇ ਕਤਲ ਮਾਮਲੇ ਦੀ ਕੌਮੀ ਜਾਂਚ ਏਜੰਸੀ ਯਾਨੀ ਐਨ ਆਈ ਏ ਕੋਲੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ ਤੇ ਮ੍ਰਿਤਕ ਦੇ ਪਰਿਵਾਰ ਨੇ ਵੀ ਇਹੋ ਬੇਨਤੀ ਕੀਤੀ ਹੈ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਵੀ ਸਨ, ਨੇ ਰਾਜਪਾਲ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਰਾਜ ਸਰਕਾਰ ਨੂੰ ਹਦਾਇਤ ਦੇਣ ਕਿ ਪ੍ਰਮੁੱਖ ਸ਼ਖਸੀਅਤਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਦੇਣ ਦੇ ਮਾਮਲੇ ਵਿਚ ਹੋਈ ਕੁਤਾਹੀ ਦੀ ਵੀ ਨਿਆਂਇਕ ਜਾਂਚ ਕਰਵਾਈ ਜਾਵੇ। ਵਫਦ ਨੇ ਕਿਹਾ ਕਿ ਮੁੱਖ ਮੰਤਰੀ ਰਾਜ ਦੀ ਸੁੁਰੱਖਿਆ ਸਮੀਖਿਆ ਕਮੇਟੀ ਦੀ ਮੀਟਿੰਗ ਤੋਂ ਬਗੈਰ ਆਪ ਹੀ ਇਕਪਾਸੜ ਫੈਸਲੇ ਲੈ ਰਹੇ ਹਨ। ਇਹ ਵੀ ਮੰਗ ਕੀਤੀ ਕਿ ਇਸ ਕੁਤਾਹੀ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਵਫਦ ਨੇ ਰਾਜਪਾਲ ਦੇ ਧਿਆਨ ਵਿਚ ਲਿਆਂਦਾ ਕਿ ਆਮ ਆਦਮੀ ਸਰਕਾਰ ਸੂਬੇ ਨੂੰ ਅਰਾਜਕਤਾ ਦੇ ਦਿਨਾਂ ਵਿਚ ਵਾਪਸ ਧੱਕ ਰਹੀ ਹੈ। ਵਫਦ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਖਤਰੇ ਦੇ ਆਧਾਰ ’ਤੇ ਦਿੱਤੀ ਜਾਂਦੀ ਹੈ ਤੇ ਇਸਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਵਫਦ ਨੇ ਇਹ ਵੀ ਕਿਹਾ ਕਿ ਇਸ ਤੋਂ ਉਲਟ ਮੁੱਖ ਮੰਤਰੀ ਨੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ ਤੇ ਆਪਣੀ ਮਨਮਰਜ਼ੀ ਨਾਲ ਸੁਰੱਖਿਆ ਬਾਰੇ ਫੈਸਲੇ ਲੈ ਰਹੇ ਹਨ।

ਉਹਨਾਂ ਕਿਹਾ ਕਿ ਅਸੀਂ ਵੇਖਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਜਿਹਨਾਂ ਨੂੰ ਗੰਭੀਰ ਖਤਰਾ ਹੈ, ਤੋਂ ਸੁਰੱਖਿਆ ਵਾਪਸ ਲੈ ਲਈ ਗਈ ਤੇ ਪੰਜਾਬ ਪੁਲਿਸ ਦੇ 80 ਮੁਲਾਜ਼ਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਤਾਇਨਾਤ ਕਰ ਦਿੱਤੇ ਗਏ ਹਨ। ਵਫਦ ਨੇ ਇਹ ਵੀ ਦੱਸਿਆ ਕਿ ਇਸੇ ਤਰੀਕੇ ਚਾਰ ਸੁਰੱਖਿਆ ਵਾਹਨ ਆ ਆਮ ਆਦਮੀ ਪਾਰਟੀ ਦੇ ਐਮ ਪੀ ਰਾਘਵ ਚੱਢਾ ਨੂੰ ਧੱਕੇ ਨਾਲ ਦਿੱਤੇ ਹੋਏ ਹਨ।

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸਰਕਾਰ ਗਲਤ ਫੈਸਲੇ ਨਾ ਲੈਂਦੀ ਤਾਂ ਫਿਰ ਨੌਜਵਾਨਾਂ ਦੇ ਹਰਮਨਪਿਆਰੇ ਸਿੱਧੂ ਮੂਸੇਵਾਲਾ ਦੀ ਜਾਨ ਨਾ ਜਾਂਦੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਲਈ ਨਾ ਸਿਰਫ ਇਕਪਾਸੜ ਫੈਸਲਾ ਲਿਆ ਬਲਕਿ ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ ’ਤੇ ਇਸਦਾ ਪ੍ਰਚਾਰ ਵੀ ਕੀਤਾ ਤੇ ਇਸਨੁੰ ਵੀ ਆਈ ਪੀ ਕਲਚਰ ਖਿਲਾਫ ਜਿੱਤ ਵੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਸ ਤਰੀਕੇ ਦੀ ਘਟੀਆ ਰਾਜਨੀਤੀ ਨਿੰਦਣਯੋਗ ਹੈ।

ਸਰਦਾਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਦੱਸਿਆ ਹੈ ਕਿ ਪਹਿਲਾਂ ਕਦੇ ਵੀ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ’ਤੇ ਆਰ ਪੀ ਜੀ ਰਾਕਟ ਹਮਲੇ ਵਰਗੀਆਂ ਘਟਨਾਵਾਂ ਸੂਬੇ ਦੇ ਇਤਿਹਸਾ ਵਿਚ ਨਹੀਂ ਵਾਪਰੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਫਿਰਕੂ ਸਦਭਾਵਨਾ ਭੰਗ ਹੋ ਰਹੀ ਹੈ ਤੇ ਪਹਿਲੀ ਵਾਰ ਹਿੰਦੂ ਸਿੱਖ ਝੜਪਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ ਕਿ ਪੁਲਿਸ ਅਫਸਰਾਂ ਦੇ ਕਤਲ ਹੁੰਦੇ ਹੋਣ ਤੇ ਏ ਐਨ 94 ਵਰਗੇ ਅਤਿ ਆਧੁਨਿਕ ਹਥਿਆਰ ਵਰਤੇ ਜਾਂਦੇ ਹੋਣ ਜੋ ਕਿ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ।

ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਡੀ ਜੀ ਪੀ ਦੇ ਗੈਰ ਜ਼ਿੰਮੇਵਾਰਾਨਾ ਬਿਆਨ ਦਾ ਵੀ ਨੋਟਿਸ ਲੈਣ ਜਿਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਤੋਂ ਅੱਧਾ ਘੰਟਾ ਪਹਿਲਾਂ ਹੋਏ ਟਵੀਟ ਨੁੰ ਦੁਹਰਾਇਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਰਾਘਵ ਚੱਢਾ ਨੇ ਡੀ ਜੀ ਪੀ ਦੀਆਂ ਤਾਕਤਾਂ ਹਥਿਆਰ ਲਈਆਂ ਹਨ ਜਿਸ ਕਾਰਨ ਕਮਾਂਡ ਢਾਂਚੇ ਵਿਚ ਮੁਸ਼ਕਿਲਾਂ ਆ ਰਹੀਆਂ ਹਨ।

ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੁੰ ਇਹ ੀ ਦੱਸਿਆ ਕਿ ਸੂਬੇ ਵਿਚ ਆਮ ਆਦਮ ਪਾਰਟੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਅਰਾਜਕਤਾ ਵੱਲ ਧੱਕਿਆ ਜਾ ਰਿਹਾ ਹੈ ਤੇ ਸੂਬੇ ਵਿਚ ਗੈਂਗ ਵਾਰ, ਅਤਿਵਾਦੀ ਹਮਲੇ, ਦਿਨ ਦਿਹਾੜੇ ਕਤਲ, ਅਗਵਾਕਾਰੀਆਂ, ਫਿਰੌਤੀਆਂ ਤੇ ਡਕੈਤੀਆਂ ਆਮ ਹੋ ਗਈਆਂ ਹਨ। ਇਹ ਵੀ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਜਿਥੇ ਅਮਨ ਕਾਨੂੰਨ ਵਿਵਸਥਾ ਸਾਰੇ ਦੇਸ਼ ਵਾਸਤੇ ਬਹੁਤ ਅਹਿਮੀਅਤ ਰੱਖਦੀ ਹੈ ਤੇ ਰਾਜਪਾਲ ਨੂੰ ਤੁਰੰਤ ਦਰੁੱਸਤੀ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਪੰਜਾਬੀਆਂ ਦਾ ਵਿਸ਼ਵਾਸ ਬਹਾਲ ਹੋਵੇ ਤੇ ਸੂਬੇ ਵਿਚ ਗੜਬੜ ਨਾ ਹੋਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION