ਯੈੱਸ ਪੰਜਾਬ
ਨਵੀਂ ਦਿੱਲੀ, 27 ਜੂਨ, 2019:
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਅੱਜ ਵਾਪਰੇ ਚਿੰਤਾਜਨਕ ਘਟਨਾ¬ਕ੍ਰਮ ’ਤੋਂ ਬਾਅਦ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸ:ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ੇ ਦੀ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰੇ ਤੋਂ ਖ਼ਾਰਿਜ ਕਰ ਦਿੱਤਾ ਹੈ।
ਅੱਜ ਦਿੱਲੀ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀਆਂ ਨੇ ਤਾਂ ਅਸਤੀਫ਼ਾ ਮੰਗਣਾ ਹੀ ਹੁੰਦਾ ਹੈ ਪਰ ਇਹ ਵੇਲਾ ਕੰਮ ਕਰਨ ਦਾ ਹੈ ਅਸਤੀਫ਼ੇ ਦੇਣ ਦਾ ਨਹੀਂ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਮੰਤਰੀ ਦਾ ਅਸਤੀਫ਼ਾ ਨਹੀਂ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਲੁਧਿਆਣਾ ਜੇਲ੍ਹ ਵਿਚ ਇਕ ਕੈਦੀ ਦੀ ਮੌਤ ਮਗਰੋਂ ਪੁਲਿਸ ਅਤੇ ਕੈਦੀਆਂ ਵਿਚਾਲੇ ਆਹਮੋ ਸਾਹਮਣੇ ਹੋਏ ਹੰਗਾਮੇ ਦੌਰਾਨ ਗੋਲੀਆਂ ਚੱਲਣ, ਤੇਜ਼ਧਾਰ ਹਥਿਆਰ ਵਰਤੇ ਜਾਣ, ਇੱਟਾਂ ਪੱਥਰ ਚੱਲਣ, ਵਾਹਨਾਂ, ਸਿਲੰਡਰਾਂ ਅਤੇ ਹੋਰ ਸਾਮਾਨ ਨੂੰ ਅੱਗ ਲਾਏ ਜਾਣ ਦੇ ਨਤੀਜੇ ਵਜੋਂ ਇਕ ਡੀ.ਐਸ.ਪੀ. ਸਣੇ ਲਗਪਗ 15 ਪੁਲਿਸ ਕਰਮੀਆਂ ਅਤੇ ਅਨੇਕਾਂ ਹੀ ਕੈਦੀਆਂ ਦੇ ਜ਼ਖ਼ਮੀ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾ ਡਾ: ਦਲਜੀਤ ਸਿੰਘ ਚੀਮਾ ਤੋਂ ਇਲਾਵਾ ‘ਆਮ ਆਦਮੀ ਪਾਰਟੀ’ ਦੇ ਨੇਤਾਵਾਂ ਨੇ ਵੀ ਜੇਲ੍ਹਾਂ ਬਾਰੇ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਹੈ ਕਿ ਲੁਧਿਆਣਾ ਜੇਲ੍ਹ ਵਿਚ ਇਕ ਕੈਦੀ ਦੀ ਮੌਤ ਹੋਣ ਮਗਰੋਂ ਇਹ ਮਾਮਲਾ ਹੋਇਆ ਹੈ ਅਤੇ ਇਸ ਵਿਚ ਗੈਂਗਸਟਰਾਂ ਦੀ ਸ਼ਮੂਲੀਅਤ ਹੈ। ਉਹਨਾਂ ਕਿਹਾ ਕਿ ਉਹ ਵਾਪਸ ਜਾ ਕੇ ਸਾਰੇ ਵੇਰਵੇ ਪ੍ਰਾਪਤ ਕਰਨਗੇ। ਉਨ੍ਹਾਂ ਇਸ ਸੰਬੰਧੀ ਮੈਜਿਸਟਰੀਅਲ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।