ਯੈੱਸ ਪੰਜਾਬ
ਸਹਾਰਨਪੁਰ, 7 ਅਕਤੂਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਾਜ ਮੋਹਾਲੀ ਤੋਂ ਚੱਲ ਕੇ ਲਖ਼ੀਮਪੁਰ ਖ਼ੀਰੀ ਜਾਣ ਲਈ ਰਵਾਨਾ ਹੋਏ ਕਾਂਗਰਸ ਦੇ ਕਾਫ਼ਿਲੇ ਨੂੰ ਹਰਿਆਣਾ ਉੱਤਰ-ਪ੍ਰਦੇਸ਼ ਬਾਰਡਰ ’ਤੇ ਸਹਾਰਨਪੁਰ ਵਿਖ਼ੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕਾਫ਼ਿਲੇ ਨੂੰ ਰੋਕ ਲੈਣ ਉਪਰੰਤ ਅੰਤ ਸ: ਸਿੱਧੂ ਸਣੇ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜਿਹੜੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਅੰਦਰ ਬਿਠਾ ਲਿਆ ਗਿਆ ਹੈ, ਉਨ੍ਹਾਂ ਵਿੱਚ ਸ: ਸਿੱਧੂ ਤੋਂ ਇਲਾਵਾ ਪੰਜਾਬ ਦੇ ਮੰਤਰੀ ਸ: ਪਰਗਟ ਸਿੰਘ, ਸ੍ਰੀ ਵਿਜੇ ਇੰਦਰ ਸਿੰਗਲਾ, ਸ: ਗੁਰਕੀਰਤ ਸਿੰਘ ਕੋਟਲੀ ਅਤੇ ਸ੍ਰੀ ਰਾਜਾ ਵੜਿੰਗ ਸ਼ਾਮਲ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਵਰਕਿੰਗ ਪ੍ਰਧਾਨ ਅਤੇ ਵਿਧਾਇਕ ਸ: ਕੁਲਜੀਤ ਸਿੰਘ ਨਾਗਰਾ, ਸ੍ਰੀ ਮਦਨ ਲਾਲ ਜਲਾਲਪੁਰ ਵਿਧਾਇਕ, ਸ: ਬਲਵਿੰਦਰ ਸਿੰਘ ਲਾਡੀ ਵਿਧਾਇਕ, ਸ੍ਰੀ ਰਾਜ ਕੁਮਾਰ ਚੱਬੈੳਾਲ ਵਿਧਾਇਕ ਆਦਿ ਸ਼ਾਮਲ ਦੱਸੇ ਗਏ ਹਨ।
ਇਕ ਆਗੂ ਨੇ ਗੱਲਬਾਤ ਕਰਦਿਆਂ ਇਹ ਕਿਹਾ ਕਿ ਦਰਅਸਲ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਮੌਕੇ ’ਤੇ ਹਾਜ਼ਰ ਏ.ਡੀ.ਜੀ.ਪੀ.ਵੱਲੋਂ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲਖ਼ੀਮਪੁਰੀ ਖ਼ੀਰੀ ਲੈ ਜਾਇਆ ਜਾਵੇਗਾ ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂਫ਼ਿਰ ਲਖ਼ੀਮਪੁਰੀ ਖ਼ੀਰੀ ਲਿਜਾਇਆ ਜਾਵੇਗਾ।
ਪਤਾ ਲੱਗਾ ਹੈ ਕਿ ਅਜੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਸਣੇ ਕਈ ਵਿਧਾਇਕ ਅਤੇ ਹੋਰ ਆਗੂ ਜਿਨ੍ਹਾਂ ਵਿੱਚ ਸ: ਕੁਲਬੀਰ ਸਿੰਘ ਜ਼ੀਰਾ ਵੀ ਸ਼ਾਮਲ ਹਨ, ਅਜੇ ਵੀ ਮੌਕੇ ’ਤੇ ਮੌਜੂਦ ਹਨ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਲਗਾਏ ਗਏ ਕਈ ਬੈਰੀਕੇਡ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਤੋੜ ਦਿੱਤੇ ਪਰ ਇਸ ਦੇ ਬਾਵਜੂਦ ਕਾਫ਼ਿਲੇ ਵਿੱਚ ਸ਼ਾਮਲ ਗੱਡੀਆਂ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਿਆ ਕਿਉਂਕਿ ਪੁਲਿਸ ਨੇ ਰਸਤੇ ਵਿੱਚ ਗੱਡੀਆਂ ਖੜ੍ਹੀਆਂ ਕਰਕੇ ਰਾਹ ਰੋਕੇ ਹੋਏ ਸਨ।
ਯਾਦ ਰਹੇ ਕਿ ਅੱਜ ਦੁਪਹਿਰੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਬੇਟੇ ਦੇ ਵਿਆਹ ਸਮਾਗਮ ਵਾਲੇ ਦਿਨ ਵੀ ਮੋਹਾਲੀ ਤੋਂ ਸ: ਸਿੱਧੂ ਦੀ ਅਗਵਾਈ ਵਾਲੇ ਮਾਰਚ ਨੂੰ ਰਵਾਨਾ ਕੀਤਾ ਗਿਆ। ਉਹ ਵਿਸ਼ੇਸ਼ ਤੌਰ ’ਤੇ ਆਪਣੇ ਕਈ ਸਾਥੀ ਮੰਤਰੀਆਂ ਨਾਲ ਮੌਕੇ ’ਤੇ ਪੁੱਜੇ ਅਤੇ ਮਾਰਚ ਨੂੰ ਰਵਾਨਾ ਕੀਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ