29 C
Delhi
Monday, May 6, 2024
spot_img
spot_img

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਇਕ ਹੋਰ ਅਹਿਮ ਗ੍ਰਿਫ਼ਤਾਰੀ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਹੈ ਸ਼ੱਕੀ ਕਾਤਲ

ਯੈੱਸ ਪੰਜਾਬ
ਦੇਹਰਾਦੂਨ, 31 ਮਾਰਚ, 2022:
ਨਾਮਵਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਐਤਵਾਰ ਨੂੰ ਹੋਏ ਕਤਲ ਕਾਂਡ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇਕ ਹੋਰ ਅਹਿਮ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਅਤੇ ਉੱਤਰਾਖੰਡ ਪੁਲਿਸ ਦੀ ਇਕ ਸਾਂਝੀ ਟੀਮ ਵੱਲੋਂ ਸੋਮਵਾਰ ਨੂੰ ਦੇਹਰਾਦੂਨ ਤੋਂ ਕੀਤੀ ਗਈ ਹੈ।

ਯਾਦ ਰਹੇ ਕਿ ਸੋਮਵਾਰ ਨੂੰ ਪਹਿਲਾਂ ਹੀ 5 ਸ਼ੱਕੀਆਂ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਤਾ ਲੱਗਾ ਹੈ ਕਿ ਫ਼ੜਿਆ ਗਿਆ ਸ਼ੱਕੀ ਵਿਅਕਤੀ ਤਿਹਾੜ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਸੰਬੰਧਤ ਹੈ ਅਤੇ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਵਿੱਚ ਰਲ ਕੇ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਤਿਆਰੀ ਵਿੱਚ ਸੀ।

ਫ਼ੜੇ ਗਏ ਇਸ ਗੈਂਗਸਟਰ ਨੂੰ ਪੁਲਿਸ ਵੱਲੋਂ ਪੰਜਾਬ ਲਿਆਂਦਾ ਜਾ ਰਿਹਾ ਹੈ। ਸੋਮਵਾਰ ਨੂੰ ਫ਼ੜੇ ਗਏ ਪੰਜ ਹੋਰ ਸ਼ੱਕੀ ਵੀ ਪੰਜਾਬ ਲਿਆਂਦੇ ਜਾ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਦੀ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਵਾਲੇ, ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਕੈਨੇਡਾ ਵਿੱਚ ਸਥਾਪਤ ਗੋਲਡੀ ਬਰਾੜ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਕਰਤਾਰ ਚੀਮਾ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਲਈ ਵਰਤੀ ਗਈ ਇਕ ਬੋਲੈਰੋ ਜੀਪ ਅਤੇ ਟੋਇਟਾ ਕੋਰੋਲਾ ਕਾਰ ਵੀ ਬਠਿੰਡਾ ਤੋਂ ਬਰਾਮਦ ਕਰ ਚੁੱਕੀ ਹੈ।

ਪੁਲਿਸ ਅਨੁਸਾਰ ਮੂਸੇਵਾਲਾ ਜਦ ਐਤਵਾਰ ਨੂੰ ਆਪਣੇ ਦੋ ਦੋਸਤਾਂ ਨਾਲ ਆਪਣੀ ਥਾਰ ਗੱਡੀ ਵਿੱਚ ਜਾ ਰਿਹਾ ਸੀ ਤਾਂ ਬੋਲੈਰੋ ਅਤੇ ਟੋਇਟਾ ਕੋਰੋਲਾ ਕਾਰਾਂ ਵਿੱਚ ਆਏ 8 ਵਿਅਕਤੀਆਂ ਨੇ ਉਸਨੂੰ ਘੇਰ ਕੇ ਉਸ ਉੱਤੇ ਅਤਿ-ਆਧੁਨਿਕ ਹਥਿਆਰਾਂ ਨਾਲ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਏ.ਕੇ. 94 ਅਤੇ ਏ.ਕੇ. 47 ਅਸਾਲਟ ਰਾਈਫ਼ਲਾਂ ਵਿੱਚੋਂ 30 ਤੋਂ ਵੱਧ ਰਾਊਂਡ ਫ਼ਾਇਰ ਕੀਤੇ ਗਏ ਸਨ। ਘਟਨਾ ਮਗਰੋਂ ਸਿੱਧੂ ਨੂੰ ਮਾਨਸਾ ਦੇ ਸਿਵਲ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਪਹੁੰਚਦੇ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮੂਸੇਵਾਲਾ ਨੂੰ ਅੱਧੀ ਦਰਜਨ ਤੋਂ ਵੱਧ ਗੋਲੀਆਂ ਲੱਗੀਆਂ ਸਨ ਜਦਕਿ ਉਸਦੇ ਦੋਵੇਂ ਦੋਸਤ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਏ ਸਨ ਪਰ ਬਚ ਗਏ ਸਨ।

ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਪੰਜਾਬ ਸਰਕਾਰ ਨੇ ਰਾਜ ਦੇ 424 ਸੁਰੱਖ਼ਿਅਤ ਲੋਕਾਂ ਦੇ ਸੁਰੱਖ਼ਿਆ ਅਮਲੇ ਵਿੱਚ ਕਮੀ ਕਰਦਿਆਂ ਮੂਸੇਵਾਲਾ ਕੋਲ ਉਪਲਬਧ 4 ਕਮਾਂਡੋਜ਼ ਵਿੱਚੋਂ 2 ਵਾਪਸ ਲੈ ਲਏ ਸਨ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਰਹੀ ਕਿ ਸਿੱਧੂ ਮੂਸੇਵਾਲਾ ਆਪਣੀ ਮਾਸੀ ਦੇ ਘਰ ਜਾਣ ਲਈ ਆਪਣੇ ਦੋਸਤਾਂ ਨਾਲ ਨਿਕਲੇ ਤਾਂ ਉਹ ਉਨ੍ਹਾਂ ਕੋਲ ਉਪਲਬਧ 2 ਕਮਾਂਡੋਜ਼ ਨੂੰ ਵੀ ਨਾਲ ਨਹੀਂ ਲੈ ਕੇ ਗਏ। ਇਸ ਤੋਂ ਇਲਾਵਾ ਉਹ ਆਪਣੀ ਥਾਰ ਗੱਡੀ ਲੈ ਕੇ ਨਿਕਲੇ ਜਦਕਿ ਉਨ੍ਹਾਂ ਕੋਲ ਆਪਣੀ ਨਿੱਜੀ ਬੁਲੇਟਪਰੂਫ਼ ਫ਼ਾਰਚੂਨਰ ਗੱਡੀ ਵੀ ਮੌਜੂਦ ਸੀ।

ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਵੀ.ਕੇ.ਭਾਵਰਾ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਸਿੰਘ ਜੋ ਇਸ ਵੇਲੇ ਅਸਟਰੇਲੀਆ ਚਲਾ ਗਿਆ ਹੋਇਆ ਹੈ, ਅਕਾਲੀ ਲੀਡਰ ਵਿੱਕੀ ਮਿੱਡੂ ਖ਼ੇੜਾ ਦੇ ਪਿਛਲੇ ਸਾਲ ਅਗਸਤ ਵਿੱਚ ਹੋਏ ਕਤਲ ਕਾਂਡ ਵਿੱਚ ਸ਼ਾਮਲ ਸੀ।

ਵਿੱਕੀ ਮਿੱਡੂਖ਼ੇੜਾ ਦਾ ਸੰਬੰਧ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਦੱਸਿਆ ਜਾਂਦਾ ਸੀ ਅਤੇ ਉਸਨੂੰ ਮੋਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਸ਼ਾਰਪਸ਼ੂਟਰਾਂ ਨੇ ਮੌਤ ਦੀ ਨੀਂਦ ਸੁਆ ਦਿੱਤਾ ਸੀ। ਇਹ ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧਤ ਦੱਸੇ ਜਾਂਦੇ ਸਨ। ਦੂਜੀ ਧਿਰ ਨੂੰ ਮੂਸੇਵਾਲਾ ’ਤੇ ਇਹ ਰੰਜ ਸੀ ਕਿ ਉਸਨੇ ਸ਼ਗਨਪ੍ਰੀਤ ਦੀ ਵਿਦੇਸ਼ ਭੱਜ ਜਾਣ ਵਿੱਚ ਮਦਦ ਕੀਤੀ ਸੀ।

ਮੂਸੇਵਾਲਾ, ਦੀ ਸੰਗਰੂਰ ਦੇ ਪਿੰਡ ਸੰਘੇੜੀ ਦੀ ਇਕ ਲੜਕੀ ਨਾਲ ਮੰਗਨੀ ਹੋਈ ਹੋਈ ਸੀ ਅਤੇ ਉਸਦਾ ਵਿਆਹ ਹੋਣ ਵਾਲਾ ਸੀ। ਪਤਾ ਲੱਗਾ ਹੈ ਕਿ ਪਹਿਲਾਂ ਮਾਰਚ ਵਿੱਚ ਵਿਆਹ ਹੋਣਾ ਸੀ ਪਰ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਕਾਂਗਰਸ ਟਿਕਟ ’ਤੇ ਮਾਨਸਾ ਤੋਂ ਚੋਣ ਲੜਨ ਕਰਕੇ ਵਿਆਹ ਅੱਗੇ ਪਾ ਦਿੱਤਾ ਗਿਆ ਸੀ ਜੋ ਹੋਰ ਇਕ ਮਹੀਨੇ ਤਕ ਹੋਣਾ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION