37.8 C
Delhi
Monday, May 6, 2024
spot_img
spot_img

ਸਾਂਝੇ ਕਿਸਾਨ ਘੋਲ਼ ਦੀ ਅਹਿਮ ਮੁੱਢਲੀ ਜਿੱਤ ਦਾ ਅਗਲਾ ਕਦਮ ਵੀ ਫਤਹਿ, ਲੋਕ ਸਭਾ ਵਿੱਚ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਪਾਸ, ਐੱਮਐੱਸਪੀ ਤੇ ਹੋਰ ਅਹਿਮ ਮੰਗਾਂ ਲਈ ਘੋਲ਼ ਜਾਰੀ

ਯੈੱਸ ਪੰਜਾਬ
ਨਵੀਂ ਦਿੱਲੀ, 29 ਨਵੰਬਰ, 2021:
ਟਿਕਰੀ ਬਾਰਡਰ ਸਥਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪੰਡਾਲ ਵਿੱਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਲ ਤੋਂ ਵੀ ਵੱਧ ਸਮੇਂ ਤੋਂ ਮੁਲਕ ਪੱਧਰੇ ਕਿਸਾਨ ਮੋਰਚੇ ਵਿੱਚ ਪੂਰੇ ਸਿਦਕ ਸਿਰੜ ਨਾਲ ਡਟੇ ਹੋਏ ਜੁਝਾਰੂ ਲੋਕਾਂ ਵੱਲੋਂ ਮੋਦੀ ਭਾਜਪਾ ਹਕੂਮਤ ਦੀ ਅੜੀ ਭੰਨ ਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਲੋਕ ਸਭਾ ਵਿੱਚੋਂ ਵੀ ਪਾਸ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਜਿੱਤ ਦੀ ਅਗਲੀ ਕੜੀ ਦੱਸਿਆ ਅਤੇ ਸਭਨਾਂ ਸੰਘਰਸ਼ਸ਼ੀਲ ਤੇ ਹਮਾਇਤੀ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿੱਚ ਇਹ ਕਾਨੂੰਨ ਰੱਦ ਹੋਣ ਦਾ ਅਮਲ ਇਹੀ ਮਤਾ ਰਾਜ ਸਭਾ ਵੱਲੋਂ ਪਾਸ ਹੋਣ ਤੇ ਰਾਸ਼ਟਰਪਤੀ ਦੇ ਦਸਖਤ ਹੋਣ ਨਾਲ ਮੁਕੰਮਲ ਹੋਣਾ ਹੈ।

ਕਿਸਾਨ ਆਗੂ ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਇਸ ਘੋਲ਼ ਦੀਆਂ ਰਹਿੰਦੀਆਂ ਮੰਗਾਂ ਐੱਮਐੱਸਪੀ ਸਾਰੀਆਂ ਫ਼ਸਲਾਂ ਤੇ ਸਾਰੇ ਕਿਸਾਨਾਂ ਲਈ ਗਾਰੰਟੀ ਦਾ ਕਾਨੂੰਨ ਬਣਾਉਣ; ਬਿਜਲੀ ਬਿੱਲ 2020 ਰੱਦ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਪੂਰੀ ਮਜ਼ਬੂਤ ਕਰਨ ਤੋਂ ਇਲਾਵਾ ਘੋਲ਼ ਦੌਰਾਨ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਤੇ ਪੱਕੀ ਸਰਕਾਰੀ ਨੌਕਰੀ ਅਤੇ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਸਮੇਤ ਸਾਰੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਮੰਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਘੋਲ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਅਤੇ ਸਰਕਾਰੀ ਹੁੰਗਾਰੇ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਅਗਲੇ ਪੜਾਅ ਬਾਰੇ ਫੈਸਲਾ ਕੀਤਾ ਜਾਵੇਗਾ। ਸਟੇਜ ਤੋਂ ਲਵਾਏ ਨਾਹਰਿਆਂ ਦੇ ਆਕਾਸ਼ ਗੁੰਜਾਊ ਬੋਲਾਂ ਵਿੱਚੋਂ ਲੋਕਾਂ ਦਾ ਠਾਠਾਂ ਮਾਰਦਾ ਜੇਤੂ ਰੌਂਅ ਤੇ ਜੋਸ਼ ਝਲਕ ਰਿਹਾ ਸੀ।

ਜਥੇਬੰਦੀ ਦੀ ਸੂਬਾਈ ਆਗੂ ਹਰਿੰਦਰ ਬਿੰਦੂ ਨੇ ਆਪਣੇ ਸੰਬੋਧਨ ਦੌਰਾਨ ਇਸ ਜਾਨ ਹੂਲਵੇਂ ਘੋਲ਼ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਸ਼ਾਨਾਂਮੱਤੀ ਭੂਮਿਕਾ, ਲਾਮਿਸਾਲ ਸ਼ਮੂਲੀਅਤ ਅਤੇ ਆਪਾਵਾਰੂ ਸਿਦਕੀ ਜਜ਼ਬੇ ਦੀ ਜੈ ਜੈਕਾਰ ਕੀਤੀ। ਆਉਂਦੇ ਦਿਨਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਨਾਲ ਡਟਣ ਦੀ ਉਨ੍ਹਾਂ ਦੀ ਤਤਪਰਤਾ ਨੂੰ ਉਚਿਆਇਆ। ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਅਤੇ ਲੋਕ ਮਾਰੂ ਨੀਤੀਆਂ ਨੂੰ ਮੁਕੰਮਲ ਭਾਂਜ ਦੇਣ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਕਿਰਤੀਆਂ ਦੇ ਇੱਕਜੁਟਤਾ ਵਾਲੇ ਸੰਘਰਸ਼ਾਂ ਲਈ ਮਾਨਸਿਕ ਤੌਰ ‘ਤੇ ਤਿਆਰ ਹੋਣ ਅਤੇ ਹੋਰ ਵੀ ਵੱਡੀਆਂ ਔਰਤ ਲਾਮਬੰਦੀਆਂ ਜੁਟਾਉਣ ਦਾ ਸੱਦਾ ਦਿੱਤਾ।

ਸਟੇਜ ਸਕੱਤਰ ਦੀ ਭੂਮਿਕਾ ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਮੋਗਾ ਵੱਲੋਂ ਨਿਭਾਈ ਗਈ। ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਕੁਲਦੀਪ ਕੌਰ ਕੁੱਸਾ, ਮਨਜੀਤ ਸਿੰਘ ਨਿਆਲ਼, ਜਸਵੰਤ ਸਿੰਘ ਤੋਲਾਵਾਲ, ਬਿੱਟੂ ਮੱਲਣ, ਸੁਖਵੰਤ ਸਿੰਘ ਵਲਟੋਹਾ, ਮਨਜੀਤ ਕਰੌੜਾ ਹਰਿਆਣਾ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION