39.1 C
Delhi
Monday, May 27, 2024
spot_img
spot_img
spot_img

‘ਲੰਪੀ ਸਕਿਨ’ ਬੀਮਾਰੀ: ਮੰਤਰੀ ਸਮੂਹ ਵੱਲੋਂ ਤਿੰਨ ਦਿਨਾਂ ‘ਚ ਸਮੂਹ ਗਊਸ਼ਾਲਾਵਾਂ ਵਿੱਚ ਟੀਕਾਕਰਨ ਮੁਕੰਮਲ ਕਰਨ ਦੇ ਨਿਰਦੇਸ਼

ਯੈੱਸ ਪੰਜਾਬ
ਚੰਡੀਗੜ੍ਹ, 23 ਅਗਸਤ, 2022:
ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ ‘ਤੇ ਕਰੜੀ ਨਜ਼ਰ ਰੱਖਣ ਅਤੇ ਬੀਮਾਰੀ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਏ ਮੰਤਰੀ ਸਮੂਹ ਨੇ ਅੱਜ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿੰਨ ਦਿਨਾਂ ‘ਚ ਸਮੂਹ ਗਊਸ਼ਾਲਾਵਾਂ ਵਿੱਚ ਟੀਕਾਕਰਨ ਮੁਕੰਮਲ ਕੀਤਾ ਜਾਵੇ।

ਇੱਥੇ ਪੰਜਾਬ ਭਵਨ ਵਿਖੇ ਸੂਬੇ ਵਿੱਚ ਫੈਲੀ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੱਦਾ ਦਿੱਤਾ ਕੀਤੀ ਕਿ ਬੀਮਾਰੀ ਦੀ ਰੋਕਥਾਮ ਸਬੰਧੀ ਕਾਰਜ ਨੂੰ ਮਿਸ਼ਨ ਵੱਲੋਂ ਲਿਆ ਜਾਵੇ ਅਤੇ ਟੀਕਾਕਰਨ ਸਬੰਧੀ ਰੋਜ਼ਾਨਾ 50,000 ਦਾ ਟੀਚਾ ਯਕੀਨੀ ਬਣਾਇਆ ਜਾਵੇ।

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪਸ਼ੂ ਪਾਲਕਾਂ ‘ਤੇ ਪਈ ਇਸ ਬਿਪਤਾ ਨੂੰ ਸਾਨੂੰ ਸਖ਼ਤੀ ਨਾਲ ਨਜਿੱਠਣਾ ਪਵੇਗਾ ਅਤੇ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਕਾਰਜਾਂ ਵਿੱਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀਆਂ ਨੇ ਸਖ਼ਤ ਲਹਿਜੇ ‘ਚ ਹਦਾਇਤ ਕੀਤੀ ਕਿ ਮਾੜੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦੀ ਜਵਾਬ-ਤਲਬੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਇਲਾਜ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਜੈਨਰਿਕ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇ।

ਇਸੇ ਤਰ੍ਹਾਂ ਅਫ਼ਰੀਕਨ ਸਵਾਈਨ ਫ਼ੀਵਰ ਸਬੰਧੀ ਚੱਲ ਰਹੇ ਕਾਰਜਾਂ ਦੀ ਸਮੀਖਿਆ ਕਰਦਿਆਂ ਮੰਤਰੀਆਂ ਨੇ ਕਿਹਾ ਕਿ “ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009” ਦੀਆਂ ਹਦਾਇਤਾਂ ਇੰਨ-ਬਿੰਨ ਲਾਗੂ ਕੀਤੀਆਂ ਜਾਣ ਅਤੇ ਸੂਰਾਂ ਦੀ ਆਵਾਜਾਈ ‘ਤੇ ਮੁਕੰਮਲ ਰੋਕ ਲਾਈ ਜਾਵੇ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਹੁਣ ਤੱਕ ਪਸ਼ੂ ਪਾਲਣ ਵਿਭਾਗ ਨੂੰ ਗੋਟ ਪੌਕਸ ਵੈਕਸੀਨ ਦੀਆਂ 6.86 ਲੱਖ ਖ਼ੁਰਾਕਾਂ ਮਿਲ ਚੁੱਕੀਆਂ ਹਨ। ਵਿਭਾਗ ਵੱਲੋਂ 3.31 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ 3.54 ਲੱਖ ਤੋਂ ਵੱਧ ਡੋਜ਼ ਵਿਭਾਗ ਕੋਲ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ 1,08,958 ਪਸ਼ੂ ਲੰਪੀ ਸਕਿਨ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਹੈ, ਜਿਨ੍ਹਾਂ ਵਿੱਚੋਂ 64,475 ਪਸ਼ੂ ਠੀਕ ਹੋ ਚੁੱਕੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਸ਼ੂਆਂ ਨੂੰ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ।

ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੂੰ ਪੇਂਡੂ ਵਿਕਾਸ ਫੰਡ ਵਿੱਚੋਂ ਦਵਾਈ ਅਤੇ ਹੋਰ ਸਾਮਾਨ ਖ਼ਰੀਦਣ ਲਈ 1 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਨੂੰ ਖੁੱਲ੍ਹੇ ਵਿੱਚ ਸੁੱਟਣ ਦੇ ਰੁਝਾਨ ਨੂੰ ਰੋਕਣ ਅਤੇ ਲਾਸ਼ਾਂ ਦੇ ਢੁਕਵੇਂ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਬੀਮਾਰੀ ਦੀ ਰੋਕਥਾਮ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ 179 ਵੈਟਰਨਰੀ ਇੰਟਰਨਜ਼ ਅਤੇ ਪੈਰਾ-ਵੈਟਰਨਰੀ ਵਿਦਿਆਰਥੀਆਂ ਦੀ ਤੈਨਾਤੀ ਤੋਂ ਇਲਾਵਾ, ਪਸ਼ੂ ਪਾਲਕਾਂ ਨੂੰ ਬੀਮਾਰੀ ਦੇ ਕਾਰਨਾਂ ਤੇ ਫੈਲਾਅ ਅਤੇ ਪ੍ਰਭਾਵਿਤ ਪਸ਼ੂਆਂ ਦੇ ਦੁੱਧ ਦੇ ਸੁਰੱਖਿਅਤ ਸੇਵਨ ਸਬੰਧੀ ਜਾਗਰੂਕ ਕਰਨ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਮੀਟਿੰਗ ਦੌਰਾਨ ਇਹ ਮੁੱਦਾ ਵੀ ਵਿਚਾਰਿਆ ਗਿਆ ਕਿ ਲੋੜ ਪੈਣ ‘ਤੇ ਸਮਾਜਿਕ ਸੰਗਠਨਾਂ ਅਤੇ ਹੋਰਨਾਂ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ।

ਇਸ ਦੌਰਾਨ ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਪਸ਼ੂ ਪਾਲਣ ਡਾ. ਸੰਜੀਵ ਗੋਇਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਅਤੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਐਸ.ਪੀ.ਐਸ. ਘੁੰਮਣ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION