ਯੈੱਸ ਪੰਜਾਬ
ਰੋਪੜ, 7 ਦਸੰਬਰ, 2021 –
ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਲੋਕ ਸਭਾ ਹਲਕੇ ਚ ਰੇਲਵੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਚੰਡੀਗੜ੍ਹ ਤੋਂ ਲੁਧਿਆਣਾ ਤੱਕ ਨਵੀਂ ਬੀਜੀ ਲਾਈਨ ਵਾਸਤੇ ਐਕੁਆਇਰ ਕੀਤੀ ਗਈ ਜ਼ਮੀਨ ਲਈ ਮੁਹਾਲੀ ਜ਼ਿਲ੍ਹੇ ਦੇ ਪਿੰਡ ਸੁਨੇਅ ਦੇ ਭੂ-ਮਾਲਕਾਂ ਨੂੰ ਮੁਆਵਜ਼ਾ ਰਾਸ਼ੀ ਅਦਾ ਕਰਨ ਦੀ ਮੰਗ ਕੀਤੀ।
ਉੱਥੇ ਹੀ ਰੋਪੜ ਰੇਲਵੇ ਸਟੇਸ਼ਨ ਚ ਸੁਧਾਰ ਸਣੇ ਹੋਰਨਾਂ ਮੁੱਦਿਆਂ ਨੂੰ ਵੀ ਚੁੱਕਿਆ।
ਨਵੀਂ ਦਿੱਲੀ ਚ ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ ਐਮ.ਪੀ ਤਿਵਾੜੀ ਨੇ ਚੰਡੀਗੜ੍ਹ ਤੋਂ ਲੁਧਿਆਣਾ ਤੱਕ ਨਵੀਂ ਬੀਜੀ ਲਾਈਨ ਵਾਸਤੇ ਐਕੁਆਇਰ ਕੀਤੀ ਗਈ ਜ਼ਮੀਨ ਲਈ ਪਿੰਡ ਸਨੇਅ, ਜ਼ਿਲ੍ਹਾ ਮੁਹਾਲੀ ਦੇ ਨਿਵਾਸੀਆਂ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ। ਜਿਸ ਸਬੰਧ ਵਿਚ ਉਨ੍ਹਾਂ ਨੇ ਪਹਿਲਾਂ ਦੇ ਰੇਲ ਮੰਤਰੀ ਪਿਯੂਸ਼ ਗੋਇਲ ਦੇ ਸਾਹਮਣੇ ਵੀ ਮੁੱਦਾ ਚੁੱਕਿਆ ਸੀ ਤੇ ਸਥਾਨਕ ਐਸਡੀਐਮ ਵੱਲੋਂ ਵੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਭੂ-ਮਾਲਕਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਇਲਾਵਾ, ਐਮ.ਪੀ ਤਿਵਾੜੀ ਨੇ ਰੋਪੜ ਰੇਲਵੇ ਸਟੇਸ਼ਨ ਚ ਸੁਧਾਰ ਕੀਤੇ ਜਾਣ ਦੀ ਮੰਗ ਵੀ ਕੀਤੀ, ਜਿਹੜਾ ਉਨ੍ਹਾਂ ਦੇ ਲੋਕ ਸਭਾ ਹਲਕੇ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਅਤੇ ਇੱਥੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਵੀ ਸਥਿਤ ਹੈ, ਜਿਸ ਵਿੱਚ ਦੇਸ਼ ਭਰ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ।
ਉਨ੍ਹਾਂ ਨੇ ਮੋਰਿੰਡਾ ਸਥਿਤ ਰੇਲਵੇ ਅੰਡਰਬ੍ਰਿਜ ਦੇ ਨਿਰਮਾਣ ਚ ਵੀ ਤੇਜ਼ੀ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਨੇ ਹਲਕੇ ਚ ਬਣੇ ਦੂਸਰੇ ਆਰਯੂਬੀਜ ਨੂੰ ਵੀ ਠੀਕ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ, ਜਿੱਥੇ ਮੀਂਹ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ।
ਇਸ ਤਰ੍ਹਾਂ ਨੰਗਲ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਚ ਵੀ ਤੇਜ਼ੀ ਲਿਆਏ ਜਾਣ ਸਣੇ ਇਲਾਕੇ ਨਾਲ ਜੁੜੇ ਦੂਸਰੇ ਮੁੱਦਿਆਂ ਤੇ ਵੀ ਜ਼ੋਰ ਦਿੱਤਾ।
ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਬ ਡਿਵੀਜ਼ਨ ਬਲਾਚੌਰ ਨੂੰ ਰੇਲ ਲਿੰਕ ਨਾਲ ਜੋੜਨ ਦੀ ਲੋੜ ਦਾ ਜ਼ਿਕਰ ਕੀਤਾ, ਜਿਸ ਤੇ ਤਿੰਨ ਤਰੀਕੇ ਨਾਲ ਕੰਮ ਹੋ ਸਕਦਾ ਹੈ, ਪਹਿਲਾਂ- ਗਡ਼੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਰੇਲ ਲਿੰਕ ਸਥਾਪਤ ਕੀਤਾ ਜਾਵੇ, ਜਿਸਨੂੰ ਲੈ ਕੇ ਰੇਲਵੇ ਪਹਿਲਾਂ ਹੀ ਸਰਵੇ ਕਰ ਚੁੱਕਾ ਹੈ; ਦੂਜਾ-ਰਾਹੋਂ ਤੋਂ ਰੋਪੜ ਤੱਕ ਰੇਲ ਲਿੰਕ ਦਾ ਨਿਰਮਾਣ ਤੇ ਤੀਜਾ- ਰਾਹੋਂ ਤੋਂ ਸਮਰਾਲਾ ਤਕ ਦੇ ਰੇਲ ਲਿੰਕ ਦਾ ਨਿਰਮਾਣ, ਜਿਸਦਾ ਫਿਰ ਤੋਂ ਸਰਵੇ ਹੋ ਚੁੱਕਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ