31.1 C
Delhi
Monday, May 6, 2024
spot_img
spot_img

ਰਾਮ ਰਹੀਮ ਨੂੰ ਦਿੱਤੀ ਗਈ ਜ਼ੈਡ ਪਲੱਸ ਸੁਰੱਖ਼ਿਆ, ਅੰਸ਼ੁਲ ਛੱਤਰਪਤੀ, ਅਕਾਲੀ ਦਲ ਅਤੇ ‘ਆਪ’ ਨੇ ਉਠਾਏ ਸਵਾਲ

ਯੈੱਸ ਪੰਜਾਬ
ਨਵੀਂ ਦਿੱਲੀ, 22 ਫ਼ਰਵਰੀ, 2022:
ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਮਗਰੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ‘ਫ਼ਰਲੋ’ ’ਤੇ ਛੱਡੇ ਜਾਣ ਅਤੇ ਪੰਜਾਬ ਵਿੱਚ ਚੋਣਾਂ ਖ਼ਤਮ ਹੋਣ ਦੇ ਦੂਜੇ ਹੀ ਦਿਨ ਰਾਮ ਰਹੀਮ ਨੂੰ ਜ਼ੈਡ ਪਲੱਸ ਸੁਰੱਖ਼ਿਆ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਗੱਲ ਸਾਹਮਣੇ ਆਉਣ ਨਾਲ ਸਿਆਸਤ ਭਖ਼ ਗਈ ਹੈ ਅਤੇ ਇਸ ਫ਼ੈਸਲੇ ਦੀ ਅਲੋਚਨਾ ਕੀਤੀ ਜਾ ਰਹੀ ਹੈ ਜਦਕਿ ਕੇਂਦਰ ਸਰਕਾਰ, ਹਰਿਆਣਾ ਸਰਕਾਰ ਅਤੇ ਭਾਜਪਾ ਵੱਲੋਂ ਇਸ ਫ਼ੈਸਲੇ ਨੂੰ ਕਾਨੂੰਨ ਅਤੇ ਲੋੜ ਅਨੁਸਾਰ ਸੁਰੱਖ਼ਿਆ ਦੇਣ ਦਾ ਮਾਮਲਾ ਦੱਸ ਕੇ ਸਹੀ ਠਹਿਰਾਇਆ ਜਾ ਰਿਹਾ ਹੈ।

ਹਰਿਆਣਾ ਸਰਕਾਰ ਨੇ ਤਾਂ ਅਦਾਲਤ ਵਿੱਚ ਇਹ ਵੀ ਕਿਹਾ ਹੈ ਕਿ ਰਾਮ ਰਹੀਮ ਕੋਈ ਖ਼ਤਰਨਾਕ ਅਪਰਾਧੀ (ਹਾਰਡਕੋਰ ਕ੍ਰਿਮੀਨਲ) ਨਹੀਂ ਹੈ ਅਤੇ ਜਿਨ੍ਹਾਂ ਜੁਰਮਾਂ ਵਿੱਚ ਉਸਨੂੰ ਸਜ਼ਾ ਹੋਈ ਹੈ, ਉਸ ਵਿੱਚ ਉਹ ਮੁੱਖ ਦੋਸ਼ੀ ਨਹੀਂ ਸਗੋਂ ਸਾਜ਼ਿਸ਼ਕਰਤਾਵਾਂ ਵਿੱਚ ਹੀ ਸ਼ਾਮਲ ਦੱਸਿਆ ਗਿਆ ਹੈ।

ਰਾਮ ਰਹੀਮ ਨੂੂੰ 21 ਦਿਨ ਦੀ ਫ਼ਰਲੋ ’ਤੇ ਛੱਡੇ ਜਾਣ ਦੇ ਫ਼ੈਸਲੇ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਇਕ ਪਟੀਸ਼ਨ ਦੇ ਜਵਾਬ ਵਿੱਚ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਜਵਾਬ ਵਿੱਚ ਕਿਹਾ ਗਿਆ ਹੈ ਕਿ ਰਾਮ ਰਹੀਮ ਨੂੰ ਸੁਰੱਖ਼ਿਆ ਉਸ ਦੇ ਫ਼ਰਲੋ ’ਤੇ ਬਾਹਰ ਰਹਿਣ ਤਕ ਦੇ ਸਮੇਂ ਲਈ ਅਤੇ ਖ਼ਾਲਿਸਤਾਨ ਪੱਖੀਆਂ ਦੀਆਂ ਰਾਮ ਰਹੀਮ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ 7 ਫ਼ਰਵਰੀ ਨੂੰ ਫ਼ਰਲੋ ’ਤੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਹੁਣ ਤਕ ਰਾਮ ਰਹੀਮ ਆਪਣੇ ਗੁੜਗਾਉਂ ਸਥਿਤ ‘ਆਸ਼ਰਮ’ ’ਤੇ ਰਹਿ ਰਿਹਾ ਹੈ ਜਿਸ ਦੀ ਸੁਰੱਖ਼ਿਆ ਦਾ ਇੰਤਜ਼ਾਮ ਹਰਿਆਣਾ ਪੁਲਿਸ ਵੱਲੋਂ ਕੀਤਾ ਗਿਆ ਹੈ।

ਫ਼ੈਸਲੇ ਅਨੁਸਾਰ ਰਾਮ ਰਹੀਮ ਦੀ ਸੁਰੱਖ਼ਿਆ ਲਈ 10 ਐਨ.ਐਸ.ਜੀ.ਕਮਾਂਡੋ ਉਸਦੇ ਨਾਲ ਤਾਇਨਾਤ ਰਹਿਣਗੇ ਜਦਕਿ 8 ਹੋਰ ਉਸਦੀ ਰਿਹਾਇਸ਼ ’ਤੇ ਸੁਰੱਖ਼ਿਆ ਦੀ ਜ਼ਿੰਮੇਵਾਰੀ ਸੰਭਾਲਣਗੇ।

ਪਤਾ ਲੱਗਾ ਹੈ ਕਿ ਰਾਮ ਰਹੀਮ ਵੱਲੋਂ ਹਰਿਆਣਾ ਸਰਕਾਰ ਨੂੰ ਕੀਤੀ ਗਈਬੇਨਤੀ ਦੇ ਆਧਾਰ ’ਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਸਿਫਾਰਿਸ਼ ਦੀ ਬਿਨਾ ਤੇ ਲਿਆ ਗਿਆ ਹੈ। ਇਸ ਸੰਬੰਧੀ ਏ.ਡੀ.ਜੀ.ਪੀ. ਇੰਟੈਲੀਜੈਂਸ ਵੱਲੋਂ ਰੋਹਤਕ ਰੇਂਜ ਦੇ ਕਮਿਸ਼ਨਰ ਪੁਲਿਸ ਨੂੰ ਲਿਖ਼ਿਆ ਗਿਆ ਸੀ ਜਿਸ ਦੇ ਆਧਾਰ ’ਤੇ ਸੁਰੱਖ਼ਿਆ ਵਧਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਾਲਵਾ ਵਿੱਚ ਕਈ ਸੀਟਾਂ ’ਤੇ ਡੇਰੇ ਦੇ ਪ੍ਰੇਮੀਆਂ ਦੀ ਵੱਡੀ ਗਿਣਤੀ ਹੈ।

ਹਰਿਆਣਾ ਸਰਕਾਰ ਦਾ ਰਾਮ ਰਹੀਮ ਨੂੰ ਪੰਜਾਬ ਚੋਣਾਂ ਤੋਂ ਐਨ ਪਹਿਲਾਂ ਛੱਡਣ ਦਾ ਫ਼ੈਸਲਾ ਪਹਿਲਾਂ ਹੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ ਅਤੇ ਖ਼ਾਸਕਰ ਪੰਜਾਬ ਵਿੱਚ ਵੋਟਾਂ ਪੈਣ ਤੋਂ ਪਹਿਲੀ ਰਾਤ ਡੇਰਾ ਸਿਰਸਾ ਵੱਲੋਂ ਆਪਣੇ ਪ੍ਰੇਮੀਆਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤੇ ਜਾਣ ਦਾ ਮਾਮਲਾ ਕਾਫ਼ੀ ਚਰਚਾ ਵਿੱਚ ਰਿਹਾ ਹੈ।

ਰਾਮ ਰਹੀਮ 2017 ਵਿੱਚ ਪੰਚਕੂਲਾ ਦੀ ਇਕ ਸੀ.ਬੀ.ਆਈ.ਅਦਾਲਤ ਵੱਲੋਂ ਡੇਰੇ ਦੀਆਂ ਹੀ 2 ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸਦੇ ਜੇਲ੍ਹ ਵਿੱਚ ਹੁੰਦਿਆਂ ਹੀ ਉਸਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ ਅਤੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਹੀ ਉਹ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ।

ਡੇਰਾ ਮੁਖ਼ੀ ਨੂੰ ਫ਼ਰਲੋ ’ਤੇ ਛੱਡੇ ਜਾਣ ਅਤੇ ਹੁਣ ਉਸਨੂੰ ਜ਼ੈੱਡ ਪਲੱਸ ਸੁਰੱਖ਼ਿਆ ਦਿੱਤੇ ਜਾਣ ਦੇ ਮਾਮਲੇ ਦੀ ਕਤਲ ਕੀਤੇ ਗਏ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਬੇਟੇ ਅੰਸ਼ੁਲ ਛੱਤਰਪਤੀ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਖ਼ਤਰਨਾਕ ਅਪਰਾਧੀ ਦੀ ਪਰਿਭਾਸ਼ਾ ਕੀ ਹੈ। ਇਸ ਦੇ ਨਾਲ ਹੀ ਡੇਰਾ ਮੁਖ਼ੀ ਦੇ ਖ਼ਾਸ ਰਹੇ ਡਰਾਈਵਰ ਖੱਟਾ ਸਿੰਘ ਨੇ ਵੀ ਇਸ ਫ਼ੈਸਲੇ ਦੀ ਅਲੋਚਨਾ ਕੀਤੀ ਹੈ।

ਅਕਾਲੀ ਦਲ ਦੇ ਸ: ਵਿਰਸਾ ਸਿੰਘ ਵਲਟੋਹਾ, ‘ਆਮ ਆਦਮੀ ਪਾਰਟੀ’ ਦੇ ਸ: ਕੁਲਤਾਰ ਸਿੰਘ ਸੰਧਵਾਂ ਅਤੇ ਕਈ ਹੋਰ ਆਗੂਆਂ ਨੇ ਵੀ ਪਹਿਲਾਂ ਡੇਰਾ ਮੁਖ਼ੀ ਨੂੰ ਫ਼ਰਲੋ ’ਤੇ ਛੱਡੇ ਜਾਣ ਅਤੇ ਹੁਣ ਜ਼ੈੱਡ ਪਲੱਸ ਸੁਰੱਖ਼ਿਆ ਦਿੱਤੇ ਜਾਣ ’ਤੇ ਸਵਾਲ ਉਠਾਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION