37 C
Delhi
Monday, May 13, 2024
spot_img
spot_img

ਮੁਹਾਲੀ ਵਿਖੇ 8.18 ਕਰੋੜ ਦੀ ਲਾਗਤ ਨਾਲ ਬਣੇਗੀ ਅਤਿ ਆਧੁਨਿਕ ਸ਼ੂਟਿੰਗ ਰੇਂਜ, ਰਾਣਾ ਸੋਢੀ ਤੇ ਬਲਬੀਰ ਸਿੱਧੂ neਰੱਖਿਆ ਨੀਂਹ ਪੱਥਰ

ਐਸ.ਏ.ਐਸ. ਨਗਰ (ਮੁਹਾਲੀ)/ਚੰਡੀਗੜ੍ਹ, 4 ਜੂਨ, 2019:
ਪੰਜਾਬ ਸਰਕਾਰ ਵੱਲੋਂ ਮੁਹਾਲੀ ਫੇਜ਼-6 ਵਿਖੇ 8.18 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦੀ ਅਤਿ ਆਧੁਨਿਕ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ ਜੋ ਕਿ 31 ਮਾਰਚ 2020 ਤੱਕ ਨਿਸ਼ਾਨੇਬਾਜ਼ਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ।

ਇਸ ਰੇਂਜ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਰੱਖਿਆ।

ਫੇਜ਼-6 ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ। ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਤੋਂ ਇਲਾਵਾ ਸੂਬੇ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਮੁਹਾਲੀ ਵਿਖੇ ਜਿੱਥੇ ਪਹਿਲਾਂ ਹੀ ਸ਼ੂਟਿੰਗ ਰੇਂਜ ਚੱਲ ਰਹੀ ਹੈ ਉਥੇ ਨਵੀਂ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ ਜੋ ਓਲੰਪਿਕ ਪੱਧਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੇਂਜ 80 ਟਾਰਗੇਟ ਨਿਸ਼ਾਨਿਆਂ ਵਾਲੀ ਦੋ ਮੰਜ਼ਿਲਾ ਏਅਰ ਕੰਡੀਸ਼ਨਡ ਅਤੇ ਇਲੈਕਟ੍ਰਾਨਿਕ ਸਕੋਰ ਵਾਲੀ ਹੋਵੇਗੀ।

ਰਾਣਾ ਸੋਢੀ ਨੇ ਕਿਹਾ ਕਿ 8.18 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਹ ਰੇਂਜ 31 ਮਾਰਚ 2020 ਤੱਕ ਮੁਕੰਮਲ ਹੋ ਜਾਵੇਗੀ ਜਿਸ ਤੋਂ ਬਾਅਦ ਨਿਸ਼ਾਨੇਬਾਜ਼ ਇਥੇ ਤਿਆਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਓਲੰਪਿਕ ਖੇਡਾਂ ਵਿੱਚ ਸ਼ੁਮਾਰ ਖੇਡਾਂ ਨੂੰ ਤਰਜੀਹੀ ਸੂਚੀ ਵਿੱਚ ਰੱਖਿਆ ਗਿਆ ਤਾਂ ਜੋ ਵੱਧ ਤੋਂ ਵੱਧ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ।

ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜ਼ੀ ਇਨ੍ਹਾਂ ਖੇਡਾਂ ਵਿੱਚੋਂ ਇਕ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਚੋਖੀ ਹਿੱਸੇਦਾਰੀ ਹੋਵੇਗੀ ਅਤੇ ਉਹ ਚੰਗਾ ਪ੍ਰਦਰਸ਼ਨ ਦੁਹਰਾਉਣਗੇ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਵੇਲੇ 100 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਪ੍ਰਾਜੈਕਟਾਂ ਦੀ ਉਸਾਰੀ ਚੱਲ ਰਹੀ ਹੈ ਜਿਨ੍ਹਾਂ ਵਿੱਚ ਹਾਕੀ ਐਸਟੋਟਰਫ, ਅਥਲੈਟਿਕਸ ਟਰੈਕ ਤੇ ਮਲਟੀਪਰਪਜ਼ ਇੰਡੋਰ ਹਾਲ ਸ਼ਾਮਲ ਹਨ।

ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਸ਼ਹਿਰ ਨੂੰ ਨਵੀਂ ਸ਼ੂਟਿੰਗ ਰੇਂਜ ਦੇਣ ਲਈ ਮੁੱਖ ਮੰਤਰੀ ਤੇ ਖੇਡ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਖੇਡ ਖੇਤਰ ਵਿੱਚ ਕੌਮਾਂਤਰੀ ਪੱਧਰ ਉਤੇ ਚਮਕ ਰਿਹਾ ਹੈ ਅਤੇ ਇਸ ਰੇਂਜ ਦੇ ਬਣਨ ਨਾਲ ਇਥੋਂ ਦੇ ਨਿਸ਼ਾਨੇਬਾਜ਼ਾਂ ਨੂੰ ਹੋਰ ਵੀ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਫੇਜ਼-6 ਸਿੱਖਿਆ, ਖੇਡਾਂ, ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਹੱਬ ਬਣ ਗਿਆ ਹੈ।

ਇਸ ਤੋਂ ਪਹਿਲਾਂ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੋਵਾਂ ਮੰਤਰੀਆਂ ਰਾਣਾ ਸੋਢੀ ਤੇ ਸ. ਸਿੱਧੂ ਦਾ ਫੇਜ਼-6 ਸਪੋਰਟਸ ਕੰਪਲੈਕਸ ਪੁੱਜਣ ‘ਤੇ ਸਵਾਗਤ ਕੀਤਾ। ਰਾਣਾ ਸੋਢੀ ਤੇ ਸ. ਸਿੱਧੂ ਨੇ ਫੇਜ਼-6 ਵਿਖੇ ਪਹਿਲਾਂ ਤੋਂ ਹੀ ਚੱਲ ਰਹੀ ਸ਼ੂਟਿੰਗ ਰੇਂਜ ਦਾ ਨਿਰੀਖਣ ਕੀਤਾ ਅਤੇ ਉਥੇ ਤਿਆਰੀ ਕਰ ਰਹੇ ਨਿਸ਼ਾਨੇਬਾਜ਼ਾਂ ਤੋਂ ਫੀਡਬੈਕ ਵੀ ਹਾਸਲ ਕੀਤੀ।

ਇਸ ਮੌਕੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਕਾਰਜਕਾਰੀ ਇੰਜਨੀਅਰ ਸ੍ਰੀ ਸੰਜੇ ਮਹਾਜਨ, ਕੌਮਾਂਤਰੀ ਨਿਸ਼ਾਨੇਬਾਜ਼ ਆਈ.ਜੀ. (ਸੇਵਾ ਮੁਕਤ) ਸ੍ਰੀ ਤੇਜਿੰਦਰ ਸਿੰਘ ਢਿੱਲੋਂ, ਜ਼ਿਲਾ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਸ. ਦੀਪ ਸਿੱਧੂ ਤੇ ਸਕੱਤਰ ਜਨਰਲ ਸ. ਰਮਦੀਪ ਪ੍ਰਤਾਪ ਸਿੰਘ, ਤਹਿਸੀਲਦਾਰ ਸ੍ਰੀਮਤੀ ਸੁਖਮਿੰਦਰ ਕੌਰ, ਜ਼ਿਲਾ ਖੇਡ ਅਫਸਰ ਸ. ਸੁਰਜੀਤ ਸਿੰਘ, ਖੇਡ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਸ੍ਰੀ ਬਹਾਦਰ ਸਿੰਘ, ਕੈਬਨਿਟ ਮੰਤਰੀ ਸ. ਸਿੱਧੂ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ੍ਰੀ ਰਿੰਪਲ ਮਿੱਢਾ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION