ਅੱਜ-ਨਾਮਾ
ਮਿਲੇ ਮੁੱਦਾ ਨਾ ਜਦੋਂ ਕੋਈ ਬਹਿਸ ਖਾਤਰ,
ਭ੍ਰਿਸ਼ਟਾਚਾਰ ਦੀ ਚਰਚਾ ਫਿਰ ਕਰੋ ਮੀਆਂ।
ਹਾਕਮ ਧਿਰ ਦਾ ਆਗੂ ਕੋਈ ਚੰਡਣੇ ਲਈ,
ਲਾਈ ਜਾਉ ਦੋਸ਼ ਤੇ ਕਦੇ ਨਾ ਡਰੋ ਮੀਆਂ।
ਆਪੋਜ਼ੀਸ਼ਨ ਦਾ ਆਗੂ ਕੋਈ ਪਕੜ ਪਿੱਛੋਂ,
ਚੁਣਵੇਂ ਦੋਸ਼ ਫਿਰ ਉਹਦੇ `ਤੇ ਧਰੋ ਮੀਆਂ।
ਦੋਵੇਂ ਪੱਖਾਂ `ਚੋਂ ਅੱਖ ਕੋਈ ਮਾਰ ਦਏ ਤਾਂ,
ਝਿਜਕੇ ਬਿਨਾਂ ਫਿਰ ਚੋਗਾ ਵੀ ਚਰੋ ਮੀਆਂ।
ਚੱਲਦੀ ਬਹਿਸ ਵਿੱਚ ਜ਼ੋਰਾਂ ਦੇ ਨਾਲ ਆਖੋ,
ਦੋਵਾਂ ਈ ਪੱਖਾਂ ਦੇ ਗਲਤ ਆ ਲੋਕ ਮੀਆਂ।
ਬਚ ਗਏ ਅਸੀਂ ਇਕੱਲੇ ਆਂ ਸਾਫ-ਸੁਥਰੇ,
ਬੋਲਣਾ ਏਦਾਂ ਜਿਉਂ ਬੜ੍ਹਕਦੇ ਬੋਕ ਮੀਆਂ।
-ਤੀਸ ਮਾਰ ਖਾਂ
ਫਰਵਰੀ 19, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ