39 C
Delhi
Sunday, May 5, 2024
spot_img
spot_img

ਮਾਮਲਾ ਟਰੈਕਟਰ ਤਵੀਆਂ ਦੇ ਮੁਕਾਬਲਿਆਂ ਦਾ: ਸਮਾਜਿਕ ਕਾਰਕੁੰਨਾਂ ਵੱਲੋਂ ਬਲਾਚੌਰ ਦੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਐਸ.ਐਚ.ਓ ਖਿਲਾਫ਼ ਕਾਰਵਾਈ ਦੀ ਮੰਗ

ਯੈੱਸ ਪੰਜਾਬ
ਨਵਾਂਸ਼ਹਿਰ, 03 ਨਵੰਬਰ, 2021:
ਬਲਾਚੌਰ ਦੇ ਇਕ ਪਿੰਡ ਵਿੱਚ ਹੋਏ ਟਰੈਕਟਰ ਤਵੀਆਂ ਦੇ ਮੁਕਾਬਲੇ ਨੂੰ ਲੈ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਾਸ ਤੌਰ ‘ਤੇ ਬਲਾਚੌਰ ਦੇ ਪ੍ਰਸ਼ਾਸਨ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।ਪੰਜਾਬ ਦੇ ਤਿੰਨ ਸਮਾਜਿਕ ਕਾਰਕੁੰਨਾਂ ਨੇ ਇਸ ਮੁਕਾਬਲੇ ਦਾ ਆਯੋਜਨ ਕਰਨ ਵਾਲਿਆਂ ਦੇ ਨਾਲ ਨਾਲ ਕੁਝ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦਾ ਮਨ ਬਣਾ ਲਿਆ ਹੈ।

ਇਥੇ ਵਰਣਨਯੋਗ ਹੈ ਕਿ ਬਲਾਚੌਰ ਨੇੜੇ ਦੇ ਪਿੰਡ ਧੌਲ ਵਿਖੇ 31 ਅਕਤੂਬਰ 2021 ਨੂੰ ਟਰੈਕਟਰ ਤਵੀਆਂ ਦੇ ਮੁਕਾਬਲੇ ਹੋਏ, ਜਿਹਨਾਂ ਨੂੰ ਰੋਕਣ ਲਈ ਸਮਾਜਿਕ ਕਾਰਕੁੰਨਾਂ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਾਕਮ ਸਿੰਘ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਬਲਾਚੌਰ ਦੇ ਐਸ.ਡੀ.ਐਮ, ਡੀ.ਐਸ.ਪੀ. ਅਤੇ ਐਸ.ਐਚ.ਓ. ਨੂੰ ਪੱਤਰ ਭੇਜ ਕੇ ਇਹ ਮੁਕਾਬਲੇ ਰੋਕਣ ਦੀ ਮੰਗ ਕੀਤੀ ਸੀ।

ਇਹਨਾਂ ਕਾਰਕੁੰਨਾਂ ਦਾ ਪੱਤਰ ਮਿਲਣ ‘ਤੇ ਡਿਪਟੀ ਕਮਿਸ਼ਨਰ ਦਫਤਰ ਨੇ ਐਸ.ਡੀ.ਐਮ. ਬਲਾਚੌਰ ਨੂੰ ਪੱਤਰ ਭੇਜਦਿਆਂ ਉਚਿਤ ਕਾਰਵਾਈ ਕਰਨ ਲਈ ਲਿਖਿਆ ਸੀ।ਜਿਸਦੀ ਇਕ ਕਾਪੀ ਐਸ.ਐਸ.ਪੀ. ਨੂੰ ਵੀ ਭੇਜੀ ਗਈ ਸੀ, ਇਸਦੇ ਬਾਵਜੂਦ ਕਥਿਤ ਰਾਜਸੀ ਪ੍ਰਭਾਵ ਦੇ ਚਲਦਿਆਂ ਸਬ ਡਿਵੀਜ਼ਨ ਬਲਾਚੌਰ ਦੇ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸਦੇ ਉਲਟ ਕੁਝ ਪੁਲਿਸ ਅਫਸਰ ਤੇ ਮੁਲਾਜ਼ਮ ਟਰੈਕਟਰ ਤਵੀਆਂ ਦੇ ਮੁਕਾਬਲੇ ਦੀ ਸਟੇਜ ‘ਤੇ ਮਹਿਮਾਨ ਅਤੇ ਦਰਸ਼ਕ ਵਜੋਂ ਸ਼ਾਮਲ ਹੋਏ।

ਅੱਜ ਪੰਜਾਬ ਦੇ ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ ਗ੍ਰਹਿ ਵਿਭਾਗ ਅਤੇ ਡੀ.ਜੀ.ਪੀ. ਪੰਜਾਬ ਨੂੰ ਭੇਜੇ ਗਏ ਪੱਤਰ ਵਿੱਚ ਇਹਨਾਂ ਸਮਾਜਿਕ ਕਾਰਕੁੰਨਾਂ ਨੇ ਲਿਖਿਆ ਹੈ ਕਿ ਬਲਾਚੌਰ ਦੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਐਸ.ਐਚ.ਓ. ਨੇ ਨਾ ਸਿਰਫ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕੇਸ 6213 ਆਫ 2016 ਵਿਚ ਜਾਰੀ ਹਿਦਾਇਤਾਂ ਨੂੰ ਅਣਗੌਲਿਆਂ ਕੀਤਾ ਸਗੋਂ 2018 ਵਿੱਚ ਅੰਮ੍ਰਿਤਸਰ ਦੁਸਹਿਰਾ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਕੋਈ ਸਮਾਗਮ ਕਰਨ ਲਈ ਜਾਰੀ ਹਿਦਾਇਤਾਂ ਦੀ ਵੀ ਪ੍ਰਵਾਹ ਨਹੀਂ ਕੀਤੀ।ਸਮੇਂ ਸਿਰ ਇਹਨਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਅਤੇ ਡਿਪਟੀ ਕਮਿਸ਼ਨਰ ਵਲੋਂ ਪੱਤਰ ਭੇਜਣ ਦੇ ਬਾਵਜੂਦ ਇਹਨਾਂ ਅਧਿਕਾਰੀਆਂ ਨੇ ਗੈਰ ਕਨੂੰਨੀ ਮੁਕਾਬਲਿਆਂ ਨੂੰ ਸ਼ਹਿ ਦਿੱਤੀ।

ਇਹਨਾਂ ਅਧਿਕਾਰੀਆਂ ਅਤੇ ਮੁਕਾਬਲੇ ਦੇ ਪ੍ਰਬੰਧਕਾਂ ‘ਤੇ ਬਣਦੀ ਸਖਤ ਕਾਰਵਾਈ ਦੀ ਮੰਗ ਕਰਦਿਆਂ ਭਵਿੱਖ ਵਿੱਚ ਪੂਰੇ ਪੰਜਾਬ ਵਿੱਚ ਗੈਰ ਕਨੂੰਨੀ ਢੰਗ ਨਾਲ ਅਜਿਹੇ ਮੁਕਾਬਲੇ ਕਰਵਾਉਣ ‘ਤੇ ਰੋਕ ਲਗਾਉਣ ਲਈ ਵੀ ਕਿਹਾ ਗਿਆ ਹੈ।ਪੱਤਰ ਦੀ ਕਾਪੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਵੀ ਭੇਜੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ 15 ਦਿਨਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕਰਕੇ ਸਾਰੇ ਹੀ ਅਧਿਕਾਰੀਆਂ ਦੀ ਜਵਾਬਦੇਹੀ ਦੀ ਮੰਗ ਕੀਤੀ ਜਾਵੇਗੀ।

ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਉਥੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਭਾਵੇਂ ਉਹਨਾਂ ਦਾ ਉਥੇ ਜਾਣਾ ਸਿੱਧੇ ਤੌਰ ‘ਤੇ ਜੁਰਮ ਨਹੀਂ ਬਣਦਾ ਫਿਰ ਵੀ ਕਨੂੰਨ ਘਾੜਿਆਂ ਵਿੱਚ ਸ਼ਾਮਿਲ ਹੋਣ ਕਰਕੇ ਉਹਨਾਂ ਤੋਂ ਪੁੱਛਣਾ ਬਣਦਾ ਹੈ ਕਿ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਕਿੰਨਾ ਕੁ ਜਾਇਜ਼ ਹੈ?ਇਹ ਵੀ ਪੁੱਛਿਆ ਜਾਣਾ ਬਣਦਾ ਹੈ ਕਿ ਉਹਨਾਂ ਨੇ ਪ੍ਰਭਾਵ ਵਰਤ ਕੇ ਕਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ?

ਇਥੇ ਦੱਸਣਯੋਗ ਹੈ ਕਿ ਲਗਭਗ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਆਗੂ ਉਥੇ ਪਹੁੰਚੇ ਹੋਏ ਸਨ।ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਅੱਜ ਜਦੋਂ ਪੰਜਾਬ ਦਾ ਕਿਸਾਨ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਤਾਂ ਅਜਿਹੇ ਮੁਕਾਬਲਿਆਂ ਦੀ ਕੋਈ ਤੁਕ ਨਹੀਂ ਬਣਦੀ।ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਭਵਿੱਖ ਵਿੱਚ ਇਹਨਾਂ ਮੁਕਾਬਲਿਆਂ ਸਬੰਧੀ ਕੋਈ ਫੈਸਲਾ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION