32.8 C
Delhi
Sunday, April 28, 2024
spot_img
spot_img

‘ਭੋਜਨ ਹੀ ਦਵਾਈ ਹੈ’ – ਮੇਰੀ ਲਿਖ਼ੀ ਜਾ ਰਹੀ ਕਿਤਾਬ ਵਿੱਚੋਂ ਕੁਝ ਪੈਰੇ – ਅਮਰਜੀਤ ਟਾਂਡਾ

ਸਿਹਤਮੰਦ ਅਤੇ ਲੰਬੀ ਉਮਰ ਦਾ ਨਗ਼ਮਾ। ਮੁਹਾਵਰਾ ਤੁਹਾਡੇ ਲਈ ਕੋਈ ਹੋਰ ਨਹੀਂ ਲਿਖੇਗਾ। ਇਹ ਲਿਖਤ। ਕਹਾਣੀ। ਕਥਾ। ਤੁਹਾਡੇ ਹੀ ਹੱਥਾਂ ਵਿਚ ਹੈ। ਤੁਸੀਂ ਆਪ ਹੀ ਇਹਦਾ ਗੀਤ। ਰਾਗ। ਗਾਉਣਾ ਹੈ।

ਕੋਈ ਵੀ ਇਸ ਸੰਸਾਰ ਨੂੰ ਅਲਵਿਦਾ ਨਹੀਂ ਕਹਿਣਾ ਚਾਹੁੰਦਾ। ਸਾਰੇ ਹੀ ਚਾਹੁੰਦੇ ਹਨ ਕਿ ਜ਼ਿੰਦਗੀ ਸਦਾ ਸਿਹਤਮੰਦ ਅਤੇ ਉਮਰ ਲੰਬੀ ਹੋਵੇ।

ਦਿਨ ਰਾਤ। ਹਰ ਪਹਿਲੂ। ਖੁਸ਼ੀ ਵਿੱਚ ਹੀ ਗੁਜ਼ਾਰਿਆ ਜਾਵੇ।

ਫਿਰ ਸੋਚੋ। ਕੌਣ ਲਿਖ ਜਾਂਦਾ ਹੈ। ਬੀਮਾਰ ਦਿਨ ਤੇ ਪਲ। ਅਸੀਂ ਆਪਣੇ ਆਪ ਹੀ ਸਿਹਤ ਲਈ ਜ਼ਿਮੇਵਾਰ ਹਾਂ।

ਹਾਦਸੇ ਕਈ ਵਾਰ ਵਾਪਰ ਵੀ ਜਾਂਦੇ ਹਨ। ਓਦੋਂ ਵੀ ਸਾਡੀ ਗਲਤੀ ਆਪਣੀ ਹੀ ਹੁੰਦੀ ਹੈ। ਪਰ ਅਸੀਂ ਉਪਰ ਕਿਸੇ ਤੇ ਸੁੱਟ ਦਿੰਦੇ ਹਾਂ।

ਕੀ ਛੁਰੀ ਕੋਈ ਹੋਰ ਮਾਰ ਜਾਂਦਾ ਹੈ। ਕੀ ਹਥੋੜੀ ਦਾਤਰੀ ਕੋਈ ਹੋਰ ਮਾਰਦਾ ਹੈ।

ਕੀ ਕਾਰ ਦੀ ਟੱਕਰ ਬਹੁਤੀ ਵਾਰ ਅਸੀਂ ਆਪਣੀ ਗਲਤੀ ਨਾਲ ਨਹੀਂ ਕਰਦੇ?

ਪਰ ਤੁਸੀਂ ਮੇਰੇ ਨਾਲ ਸਹਿਮਤ ਕਦੇ ਨਹੀਂ ਹੋਵੇਗੇ। ਕਿਉਂਕਿ ਤੁਸੀਂ ਆਪਣੇ ਆਪ ਨੂੰ ਕਦੇ ਗ਼ਲਤ ਮੰਨਣਾ ਹੀ ਨਹੀਂ ਚਾਹੁੰਦੇ।

ਲੰਬੇ ਸਮੇਂ ਤੱਕ ਜੀਣ ਦਾ ਰਾਜ਼। ਵੱਡੀਆਂ ਉਮਰਾਂ ਦਾ ਰਹੱਸ। ਸਾਡੇ ਹੀ ਹੱਥਾਂ ਵਿਚ ਹੈ।

ਕਦੇ ਜ਼ਿੰਦਗੀ ਵਿਚ ਤਕਲੀਫ ਜਾਂ ਹੰਝੂ ਆ ਜਾਣ ਤਾਂ ਲੋਕਾਈ ਨੂੰ ਨਾ ਦੱਸਣਾ।

ਆਪ ਸਮੱਸਿਆ ਨੂੰ ਹੱਲ ਕਰਨਾ।
ਹੰਝੂਆਂ ਨੂੰ ਆਪ ਪੂੰਝਿਓ।

ਦੁਨੀਆਂ ਵਾਲੇ ਆਏ ਤਾਂ ਪਹਿਲਾਂ ਸੌਦਾ ਕਰਨਗੇ ਜੇ ਉਹਨਾਂ ਨੂੰ ਦੱਸੋਗੇ ਤਾਂ-ਅਮਰਜੀਤ ਟਾਂਡਾ

ਸਭ ਤੋਂ ਮਹੱਤਵਪੂਰਨ। ਜ਼ਰੂਰੀ। ਸਾਡਾ ਖਾਣਾ-ਪੀਣਾ ਹੈ।
ਅਸੀਂ ਕੀ ਮੂੰਹ ਵਿੱਚ ਪਾਉਂਦੇ ਹਾਂ।

ਖਾਓ ਪੀਓ ਕਰੋ ਆਨੰਦ।
….. ਮਰਾਵੇ ਪਰਮਾਨੰਦ।
ਬਿਲਕੁਲ ਗ਼ਲਤ ਹੈ।

ਜੇਹੋ ਜੇਹਾ ਤੇਰਾ ਅੰਨ। ਓਹੋ ਜਿਹਾ ਤਨ ਮਨ। ਆਪਾਂ ਸਾਰੇ ਹੀ ਜਾਣਦੇ ਹਾਂ। ਸੁਣਦੇ ਵੀ ਹਾਂ। ਪਰ ਅਮਲ ਚ ਨਹੀਂ ਲਿਆਉਂਦੇ।

ਖੁਸ਼ ਕਿੰਨਾ ਕੁ ਰਹਿੰਦੇ ਹੋ

ਨੀਂਦ ਕਿੰਨੀ ਕੁ ਆਉਂਦੀ ਹੈ
ਸਮਾਜਿਕ ਸਬੰਧ ਕਿੰਨੇ ਕੁ ਪੀਡੇ ਹਨ,

ਤੁਹਾਡੇ ਦੋਸਤਾਂ ਮਿੱਤਰਾਂ ਦੀ ਗਿਣਤੀ ਆਲਾ ਦੁਆਲਾ ਵਾਤਾਵਰਣ ਅਤੇ ਜ਼ਿੰਦਗੀ ਦੇ ਉਦੇਸ਼ ਦੀ ਭਾਵਨਾ ਵਿੱਚ ਹੀ ਸਾਡਾ ਜ਼ਿੰਦਗੀ ਦਾ ਸੁਪਨਾ ਛੁਪਿਆ ਹੋਇਆ ਹੈ

ਜਿੰਨਾ ਪੁਰਾਣਾ ਦੋਸਤ ਤੇ ਨੌਕਰ ਹੋਵੇਗਾ ਤੁਹਾਡਾ ਉਸ ਤੋਂ ਹੀ ਪਤਾ ਲੱਗ ਜਾਵੇਗਾ।
ਜ਼ਿੰਦਗੀ ਬਾਰੇ ਵੀ।

ਡੈਨ ਬੁਏਟਨਰ ਨੇ ਖੁਰਾਕ ਅਤੇ ਲੰਬੀ ਉਮਰ ‘ਤੇ ਕਾਫੀ ਖੋਜ ਕੀਤੀ ਹੈ। ਉਹ ਅਮਰੀਕਾ ਦੇ ਨੈਸ਼ਨਲ ਜੀਓਗ੍ਰਾਫਿਕ ਫੈਲੋ, ਪੁਰਸਕਾਰ ਜੇਤੂ ਪੱਤਰਕਾਰ ਅਤੇ ਦਸਤਾਵੇਜ਼ੀ ਨਿਰਮਾਤਾ ਹਨ । ਬੁਏਟਨਰ ਨੂੰ ਧਰਤੀ ਦੇ ‘ਬਲੂ ਜ਼ੋਨ’ ਦੀ ਪਛਾਣ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦਾ ਸਿਹਰਾ ਜਾਂਦਾ ਹੈ।

ਬਲੂ ਜ਼ੋਨ ਧਰਤੀ ‘ਤੇ ਪੰਜ ਸਥਾਨ ਹਨ ਜਿੱਥੇ ਲੋਕ ਸਭ ਤੋਂ ਲੰਬੀ, ਸਿਹਤਮੰਦ ਜ਼ਿੰਦਗੀ ਜੀਉਂਦੇ ਹਨ।
ਇੱਥੇ ਲੋਕ 100 ਸਾਲ ਜਾਂ ਇਸ ਤੋਂ ਵੱਧ ਜੀਉਂਦੇ ਹਨ ਅਤੇ ਉਹ ਵੀ ਬਿਨਾਂ ਕਿਸੇ ਬਿਮਾਰੀ ਦੇ।

2008 ਵਿੱਚ, ਉਸਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ‘ਦ ਬਲੂ ਜ਼ੋਨਜ਼: 9 ਲੈਸਨਜ਼ ਫਾਰ ਲਿਵਿੰਗ ਲੌਂਗਰ ਫਰਾਮ ਦਿ ਪੀਪਲ ਵੋਹ ਹੈਵ ਵੇਡ ਦ ਲੌਂਗਸਟ’ ਵਿੱਚ ਆਪਣੀਆਂ ਖੋਜਾਂ ਪ੍ਰਕਾਸ਼ਿਤ ਕੀਤੀਆਂ ਹਨ।

ਬਲੂ ਜ਼ੋਨਾਂ ਵਿੱਚ ਉਸ ਨੇ ਸਥਾਨਾਂ ਵਿੱਚ ਆਈਕਾਰੀਆ (ਗ੍ਰੀਸ), ਸਾਰਡੀਨੀਆ (ਇਟਲੀ), ਓਕੀਨਾਵਾ (ਜਾਪਾਨ), ਲੋਮਾ ਲਿੰਡਾ (ਕੈਲੀਫੋਰਨੀਆ) ਅਤੇ ਨਿਕੋਯਾ (ਕੋਸਟਾ ਰੀਕਾ) ਨੂੰ ਸ਼ਾਮਲ ਕੀਤਾ ਹੈ।

‘ਜੇਕਰ ਤੁਸੀਂ ਵਿਕਸਤ ਸੰਸਾਰ ਵਿੱਚ ਰਹਿਣ ਵਾਲੇ ਇੱਕ ਔਸਤ ਵਿਅਕਤੀ ਹੋ। ਤਾਂ ਤੁਸੀਂ ਸ਼ਾਇਦ ਲਗਭਗ 14 ਸਾਲ ਦੀ ਉਮਰ ਗੁਆ ਰਹੇ ਹੋ।

ਇਸ ਦਾ ਸਭ ਤੋਂ ਵੱਡਾ ਕਾਰਨ ਤੁਹਾਡਾ ਸੁਆਦੀ, ਜ਼ਿਆਦਾ ਉੱਚ ਪ੍ਰੋਸੈਸਡ ਭੋਜਨ ਹੀ ਹੈ। ਪਰ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਡੈਨ ਬੁਏਟਨਰ ਨੇ ਆਪਣੇ ਇੱਕ ਪੋਡਕਾਸਟ ਵਿੱਚ ਕਿਹਾ ਹੈ।

ਅਸੀਂ ਆਪਣੀ ਦੁਨੀਆ ਵਿਚ ਰਹਿੰਦੇ ਹੋਏ ਵੀ ਬਲੂ ਜ਼ੋਨ ਦੇ ਲੋਕਾਂ ਵਾਂਗ ਖਾਣਾ ਬਣਾਉਣਾ ਅਤੇ ਖਾਣਾ ਸਿੱਖ ਸਕਦੇ ਹਾਂ। ਉਸਨੇ ਦਸ ਅਜਿਹੇ ਭੋਜਨਾਂ ਬਾਰੇ ਦੱਸਿਆ ਹੈ ਜੋ ਬਲੂ ਜ਼ੋਨ ਦੇ ਲੋਕ ਖਾਂਦੇ ਹਨ।

ਥੋੜੀ ਜਿਹੀ ਕੋਸ਼ਿਸ਼ ਨਾਲ ਅਸੀਂ ਇਨ੍ਹਾਂ ਭੋਜਨਾਂ ਨੂੰ ਆਪਣੀ ਖੁਰਾਕ ਵਿੱਚ ਵੀ ਸ਼ਾਮਲ ਕਰ ਸਕਦੇ ਹਾਂ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬਲੂ ਜ਼ੋਨ ਦੇ ਲਗਭਗ ਸਾਰੇ ਲੋਕ ਆਪਣੇ ਪੀਣ ਵਿੱਚ ਚਾਹ-ਕੌਫੀ ਅਤੇ ਵਾਈਨ ਸ਼ਾਮਲ ਕਰਦੇ ਹਨ। ਡੈਨ ਬੁਏਟਨਰ ਨੇ ਲਿਖਿਆ ਤੇ ਬੋਲਿਆ ਵੀ ਹੈ।

ਆਪਣੀ ਖੁਰਾਕ ਭੋਜਨ ਵਿੱਚ। ਵੱਧ ਤੋਂ ਵੱਧ ਪੌਦਿਆਂ ਤੋਂ ਪ੍ਰਾਪਤ ਉਤਪਾਦਾਂ ਨੂੰ ਪਹਿਲ ਦਿਓ। ਇਹ ਫਸਟ ਟਰੌਫਿਕ ਲੈਵਲ ਤੋਂ ਮਿਲਦਾ ਹੈ। ਆਪਾਂ ਵੀ ਪੜਿਆ ਤੇ ਪੜ੍ਹਾਇਆ ਵੀ ਹੈ।

95% ਭੋਜਨ ਬਲੂ ਜ਼ੋਨ ਦੇ ਲੋਕਾਂ ਦਾ ਪੌਦਿਆਂ ਤੋਂ ਹੀ ਆਉਂਦਾ ਹੈ। ਬਹੁਤ ਸਾਰੀਆਂ ਬੀਨਜ਼, ਸਾਗ – ਖਾਸ ਕਰਕੇ ਪਾਲਕ, ਸ਼ਕਰਕੰਦੀ, ਗਿਰੀਦਾਰ ਅਤੇ ਬੀਜ, ਸਾਬਤ ਅਨਾਜ ਖਾਓ।

ਜੇ ਘੋੜੇ ਵਾਂਗ ਰਹਿਣਾ ਹੈ ਤਾਂ ਉਹ ਕੀ ਖਾਂਦੇ ਹਨ। ਖਾਓ ਫਿਰ।
ਘਾਹ ਨਹੀਂ ਮੈਂ ਕਿਹਾ। ਬੀਨਜ਼, ਸਾਗ, ਪਾਲਕ, ਸ਼ਕਰਕੰਦੀ ਦੀ ਗੱਲ ਕੀਤੀ ਹੈ।
ਆਪਾਂ ਉਹ ਕਿਓਂ ਨਹੀਂ ਖਾਂਦੇ।

ਲੋਕ ਮੀਟ ਵੀ ਖਾਂਦੇ ਹਨ ਪੰਜ ਵਿੱਚੋਂ ਚਾਰ ਬਲੂ ਜ਼ੋਨਾਂ ਵਿੱਚ। ਪਰ ਜੋ ਲੋਕ ਬਲੂ ਜ਼ੋਨ ਵਿੱਚ ਮੀਟ ਖਾਂਦੇ ਹਨ।
ਉਹ ਕਿਸੇ ਤਿਉਹਾਰ ਵਾਲੇ ਦਿਨ ਹੀ ਖਾਂਦੇ ਹਨ। ਆਪਾਂ ਨੂੰ ਤਾਂ ਮੀਟ ਬਗੈਰ ਰੋਟੀ ਚੰਗੀ ਹੀ ਨਹੀਂ ਲਗਦੀ। ਫਿਰ ਦੋਸ਼ ਵੀ ਆਪਣੇ ਆਪ ਨੂੰ ਹੀ ਦਿਓ।

ਜ਼ਿੰਦਗੀ। ਲੰਬੀ ਉਮਰ ਦਾ ਖ਼ਤ ਵੀ ਅਸੀਂ ਆਪ ਹੀ ਲਿਖਣਾ ਹੈ ਹਜ਼ੂਰ।

ਮੀਟ ਚਿਕਨ ਨੂੰ ਸਾਈਡ ਡਿਸ਼ ਵਜੋਂ ਖਾਓ। ਹਫਤੇ ‘ਚ ਦੋ ਵਾਰ ਤੋਂ ਜ਼ਿਆਦਾ ਇਸ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਮੀਟ ਖਾਣ ਦੇ ਸ਼ੌਕੀਨ ਹੋ ਤਾਂ।

ਜੋ ਮੀਟ ਖਾ ਰਹੇ ਹੋ, ਉਹ ਤਾਜ਼ਾ ਹੋਣਾ ਚਾਹੀਦਾ ਹੈ, ਪ੍ਰੋਸੈਸਡ ਮੀਟ ਨਹੀਂ।ਇਹ ਵੀ ਧਿਆਨ ਵਿੱਚ ਰੱਖੋ।

ਹਰ ਨੀਲੇ ਜ਼ੋਨ ਦੇ ਲੋਕ ਪ੍ਰਤੀ ਦਿਨ ਆਮ ਤੌਰ ‘ਤੇ ਥੋੜ੍ਹੀ ਜਿਹੀ ਮੱਛੀ ਖਾਂਦੇ ਹਨ। ਲੰਬੀ ਉਮਰ ਲਈ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ। ਜਿਸ ਵਿੱਚ ਪਾਰੇ ਦੀ ਮਾਤਰਾ ਨਾਮੁਮਕਿਨ ਹੋਵੇ।ਭੋਜਨ ਵਿੱਚ ਅਜਿਹੀਆਂ ਮੱਛੀਆਂ ਨੂੰ ਸ਼ਾਮਲ ਕਰੋ।

ਅਕਸਰ ਗਾਂ ਦੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਲਈ ਕਿਹਾ ਜਾਂਦਾ ਹੈ। ਸਿਹਤਮੰਦ ਰਹਿਣ ਅਤੇ ਕੈਲਸ਼ੀਅਮ ਦੀ ਸਪਲਾਈ ਪੂਰੀ ਕਰਨ ਲਈ।

ਕਿਸੇ ਵੀ ਬਲੂ ਜ਼ੋਨ ਖੁਰਾਕ ਦਾ। ਗਾਂ ਦਾ ਦੁੱਧ ਮਹੱਤਵਪੂਰਨ ਹਿੱਸਾ ਨਹੀਂ ਹੈ।

ਬੱਕਰੀ ਜਾਂ ਭੇਡ ਦੇ ਦੁੱਧ ਤੋਂ ਦਹੀ। ਜਾਂ ਪਨੀਰ ਬਣਾਉਂਦੇ ਹਨ ਇੱਥੋਂ ਦੇ ਲੋਕ। ਇਹੀ ਉਨ੍ਹਾਂ ਦੀ ਖੁਰਾਕ ਵਿੱਚ ਸ਼ਾਮਲ ਹੁੰਦਾ ਹੈ।

ਸਾਡੀ ਪਾਚਨ ਪ੍ਰਣਾਲੀ ਗਾਂ ਦੇ ਦੁੱਧ ਦੇ ਉਤਪਾਦਾਂ ਲਈ ਅਨੁਕੂਲ ਨਹੀਂ ਹੈ। ਗਾਂ ਦੇ ਦੁੱਧ ਦੀ ਬਜਾਏ ਅਸੀਂ ਇੱਕ ਕੱਪ ਟੋਫੂ ਲੈ ਸਕਦੇ ਹਾਂ। ਇਸ ਚ ਇੱਕ ਕੱਪ ਦੁੱਧ ਜਿੰਨਾ ਕੈਲਸ਼ੀਅਮ ਦਿੰਦਾ ਹੈ। ਕਈ ਖੋਜਾਂ ਨੇ ਇਹ ਵੀ ਦੱਸਿਆ ਹੈ। ਹਜ਼ੂਰ ਸੋਚਣਾ ਵਿਚਾਰਨਾ ਤੁਸੀਂ ਹੈ।

ਇੱਕ ਹਫ਼ਤੇ ਵਿੱਚ ਤਿੰਨ ਤੋਂ ਵੱਧ ਅੰਡੇ ਨਹੀਂ ਖਾਂਦੇ ਆਮ ਤੌਰ ‘ਤੇ।ਬਲੂ ਜ਼ੋਨ ਦੇ ਨਿਵਾਸੀ। ਮੀਟ ਦੇ ਨਾਲ ਸਾਈਡ ਡਿਸ਼ ਦੇ ਤੌਰ ‘ਤੇ ਇੱਥੋਂ ਦੇ ਲੋਕ ਅੰਡੇ ਖਾਂਦੇ ਹਨ। ਜਾਂ ਪੂਰੇ ਅਨਾਜ ਨਾਲ ਖਾਂਦੇ ਹਨ।

ਕਈ ਲੋਕ ਆਪਣੀ ਸੂਪ ‘ਚ ਉਬਲੇ ਹੋਏ ਆਂਡੇ ਵੀ ਖਾਂਦੇ ਹਨ। ਤੇ ਕਈ ਬੀਨਜ਼ ਦੇ ਨਾਲ ਤਲੇ ਹੋਏ ਅੰਡੇ ਵੀ ਖਾਂਦੇ ਹਨ। ਉਹ ਲੋਕ ਨਾਸ਼ਤੇ ਲਈ ਵੀ ਅੰਡੇ ਲੈਂਦੇ ਹਨ।

ਘੱਟੋ-ਘੱਟ ਅੱਧਾ ਕੱਪ ਬੀਨਜ਼ ਅਤੇ ਫਲ਼ੀਦਾਰ ਸਬਜ਼ੀਆਂ ਰੋਜ਼ਾਨਾ ਖਾਓ। ਕਿਸਮ ਕੋਈ ਵੀ ਹੋਵੇ।

ਬੀਨਜ਼ ਸਭ ਤੋਂ ਆਮ ਭੋਜਨਾਂ ਵਿੱਚੋਂ ਇੱਕ ਹੈ। ਬਲੂ ਜ਼ੋਨਾਂ ਵਿੱਚ ਖਪਤ ਕੀਤੇ ਜਾਣ ਵਾਲੇ ।

ਕਾਲੀਆਂ ਫਲੀਆਂ, ਦਾਲ, ਛੋਲੇ ਅਤੇ ਸੋਇਆਬੀਨ ਭੋਜਨ ਵਿੱਚ ਸ਼ਾਮਲ ਕਰੋ।

ਜ਼ਿਆਦਾਤਰ ਵਿਕਸਤ ਦੇਸ਼ਾਂ ਨਾਲੋਂ ਔਸਤਨ, ਬਲੂ ਜ਼ੋਨ ਦੇ ਲੋਕ। ਚਾਰ ਗੁਣਾ ਜ਼ਿਆਦਾ ਫਲ਼ੀਦਾਰ ਸਬਜ਼ੀਆਂ ਖਾਂਦੇ ਹਨ।

ਕਿਸੇ ਵੀ ਜਸ਼ਨ ਦੌਰਾਨ ਹੀ ਬਲੂ ਜ਼ੋਨ ਦੇ ਲੋਕ ਮਠਿਆਈ ਖਾਂਦੇ ਹਨ।

ਕਿਸੇ ਵੀ ਅਜਿਹੇ ਭੋਜਨ। ਉਤਪਾਦ ਦਾ ਸੇਵਨ ਨਾ ਕਰੋ। ਜਿਸ ਦੇ ਪਹਿਲੇ ਪੰਜ ਤੱਤਾਂ ਵਿੱਚ ਚੀਨੀ ਸ਼ਾਮਲ ਹੋਵੇ। ਜੇਕਰ ਤੁਸੀਂ ਲੰਬੇ ਸਮੇਂ ਤੱਕ ਜੀਣ ਦੇ ਇਸ਼ਕ ਹੋ ਤਾਂ।

ਖੰਡ ਦੀ ਮਾਤਰਾ ਨੂੰ ਪ੍ਰਤੀ ਦਿਨ 100 ਕੈਲੋਰੀ ਤੱਕ ਸੀਮਤ ਰੱਖਣ ਨਾਲ ਬਿਹਤਰ ਰਹੇਗਾ। ਜੇਕਰ ਇਹ ਮਿੱਠਾ ਸੁੱਕੇ ਮੇਵਿਆਂ ਤੋਂ ਪ੍ਰਾਪਤ ਕੀਤਾ ਜਾਵੇ ਤਾਂ ਚੰਗਾ ਹੈ।

ਸਦਾ ਸੱਜਰੀਆਂ ਰਿਸ਼ਮਾਂ ਦੇ ਚਾਨਣ ਵਿਚ ਇਸ਼ਨਾਨ ਕਰਿਆ ਕਰੋ। ਚਿਹਰਿਆਂ ਤੇ ਲਾਲੀਆਂ ਲਿਆਉਣ ਲਈ।
ਹਸਮੁਖ ਹੋਣਾ ਪਵੇਗਾ। ਯਾਰ ਉਹ ਬਣਾਓ ਕਿ ਗੱਲਾਂ ਕਰਦੇ ਖੂਨ ਵਧਾਉਣ। ਵੱਖੀਂਆਂ ਟੁੱਟਣ ਹੱਸ ਹੱਸ ਕੇ। ਖੁਸ਼ੀ ਦੇ ਅੱਥਰੂ ਆਉਣ ਆਪ ਮੁਹਾਰੇ।

ਇੰਝ ਹਰ ਦਿਨ ਦੀ ਸਰਘੀ ਦੇ ਰੰਗ ਰੂਪ ਨੂੰ ਆਪਣੀ ਹਿੱਕ ਨਾਲ ਲਾਇਆ ਕਰੋ। ਅੱਗੇ ਤੇਰਾ ਦਿਨ ਯਾਰਾ!!

ਸੱਭ ਤੋਂ ਉੱਪਰ

ਸ਼ਰੀਂਹ ਅੰਬ ਦੇ ਪੱਤੇ ਟੰਗ਼ਣ ਦਾ ਵੇਲਾ ਤੇ ਜਨਮ ਸਮੇਂ ਦੀਆਂ ਹੋਰ ਰੀਤਾਂ -ਅਮਰਜੀਤ ਟਾਂਡਾ।

ਸ਼ਰੀਂਹ ਅੰਬ ਦੇ ਪੱਤੇ ਟੰਗ਼ਣ ਦਾ ਵੇਲਾ। ਖੁਸ਼ੀਆਂ ਮਨਾਉਣ ਵਾਲਾ। ਖੁਸ਼ੀਆਂ ਦੱਸਦਾ। ਸਾਰੇ ਪਿੰਡ ਗਲੀਆਂ ਨੂੰ ਆਉਣ ਵਾਲੇ ਗੀਗੇ ਦੀ ਖ਼ਬਰ ਦਿੰਦਾ ਹੈ। ਸੁਨੇਹਾ ਪਹੁੰਚਾਉਂਦਾ ਹੈ ਘਰ ਘਰ।

ਜਦੋਂ ਕਿਸੇ ਘਰ ਬੇਟਾ ਜਨਮ ਲੈਂਦਾ ਹੈ। ਘਰ ਦੀਆਂ ਦਰਾਂ ਉਪਰ ਸ਼ਰੀਂਹ ਦੇ ਪੱਤੇ ਬੰਨ੍ਹੇ ਜਾਂਦੇ ਹਨ। ਜੋ ਘਰ ਆਈ ਖ਼ੁਸ਼ੀ ਦਾ ਸੰਦੇਸ਼ ਦਿੰਦੇ ਤੇ ਨਵਜੰਮੇ ਬੱਚੇ ਨੂੰ ਮਾੜੀਆਂ ਰੂਹਾਂ ਤੋਂ ਬਚਾਉਣ ਦਾ ਸੰਕੇਤ ਕਰਦੇ ਹਨ।

ਕੀਹਨੇ ਉਸਾਰੀਆਂ ਮਹਿਲ ਵੇ ਮਾੜੀਆਂ
ਕੀਹਨੇ ਚਮਕਾਇਆ ਬੂਹਾ ਬਾਰ
ਨੀਂ ਸ਼ਰੀਂਹਾਂ ਦੇ ਪੱਤੇ ਹਰੇ
ਬਾਬਲ ਉਸਾਰੀਆਂ ਮਹਿਲ ਤੇ ਮਾੜੀਆਂ
ਅੰਮੜੀ ਨੇ ਚਮਕਾਏ ਬੂਹੇ ਬਾਰ
ਨੀਂ ਸ਼ਰੀਂਹਾਂ ਦੇ ਪੱਤੇ ਹਰੇ

ਬਹੁਤ ਸੁੰਦਰ ਤੇ ਦਿਲਕਸ਼ ਫੁੱਲ ਹਲਕੀ ਹਰੀ ਪੀਲੀ ਭਾਅ ਮਾਰਦੇ ਹਨ। ਪੀਲੇ ਰੰਗ ਵਿੱਚ ਤਬਦੀਲੀ ਦਿਸਦੀ ਹੈ।
ਸਮਾਂ ਪਾ ਕੇ ਫਲੀਆਂ ਫਟ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ ਬੀਜ ਕਿਰ ਕੇ ਧਰਤੀ ਉਪਰ ਡਿੱਗ ਪੈਂਦੇ ਹਨ। ਜੋ ਢੁਕਵਾਂ ਸਮਾਂ ਆਉਣ ‘ਤੇ ਖੁਦ-ਬ-ਖੁਦ ਉਗ ਆਉਂਦੇ ਹਨ। ਗੀਗੇ ਦੇ ਆਉਣ ਦੀ ਵੀ ਅਜਿਹੀ ਹੀ ਪ੍ਰੀਕਿਰਿਆ ਹੁੰਦੀ ਹੈ।

ਸਮਾਜਿਕ ਸਿਸਟਮ ’ਚ ਔਰਤਾਂ ਪ੍ਰਤੀ ਨਾ-ਬਰਾਬਰੀ। ਨੀਵਾਂ ਦਰਜਾ। ਔਰਤਾਂ ਪ੍ਰਤੀ ਵਧ ਰਹੀ ਹਿੰਸਾ। ਜ਼ੁਲਮ, ਦਾਜ਼, ਔਰਤਾਂ ਨਾਲ ਜੁੜੇ ਹੋਰ ਖਰਚੀਲੇ ਰੀਤੀ ਰਿਵਾਜ।

ਧੀ ਨੂੰ ਬੋਝ ਅਤੇ ਪੁੱਤਰ ਨੂੰ ਆਮਦਨ ਪ੍ਰਾਪਤੀ ਦਾ ਸਾਧਨ ਸਮਝਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਪੁੱਤਰ ਬੁਢਾਪੇ ਦੀ ਡੰਗੋਰੀ ਹੁੰਦੇ ਹਨ। ਪਰਿਵਾਰਕ ਵੰਸ਼ ਅੱਗੇ ਤੋਰਨ ਦਾ ਜ਼ਰੀਆ। ਧੀ ਦੇ ਘਰ ਪੁੱਤਰ ਪੈਦਾ ਹੋਣ ’ਤੇ ਮਾਂ ਵੀ ਸੁੱਖ ਦਾ ਸਾਹ ਲੈਂਦੀ ਹੈ। ‘ਮੇਰੀ ਧੀ ਵਸ ਗਈ’। ਵਾਰਿਸ ਪੈਦਾ ਹੋ ਗਿਆ।

ਪੇਕੇ ਘਰ ਦਾ ਪਰਾਇਆ ਧਨ। ਸਹੁਰਿਆਂ ਦੇ ਬੇਗਾਨੀ ਧੀ ਨੂੰ। ਸਾਰੀ ਉਮਰ ਇਹ ਸਮਝ ਨਹੀਂ ਆਉਂਦੀ ਕਿ ਉਸ ਦਾ ਆਪਣਾ ਘਰ ਕਿਹੜਾ ਸੀ/ਤੇ ਹੈ। ਭਰੂਣ ਦੇ ਲਿੰਗ ਨਿਰਧਾਰਨ ਟੈਸਟ ਵਿਰੁੱਧ ਬਣਾਏ ਕਾਨੂੰਨ ਨੂੰ ਪ੍ਰਸ਼ਾਸਨ ਵਲੋਂ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਵੰਸ਼ ਅੱਗੇ ਤਾਂ ਹੀ ਚੱਲੇਗਾ, ਜੇ ਉਸ ਨੂੰ ਜਨਮ ਦੇਣ ਲਈ ਪਹਿਲਾਂ ਔਰਤ, ਕੁੜੀ, ਧੀ ਦਾ ਜਨਮ ਹੋਵੇਗਾ।

ਇਕੱਲੇ ਲੜਕੇ ਹੀ ਨਹੀਂ ਕਮਾਉਂਦੇ, ਧੀਆਂ ਵੀ ਦਿਨ-ਰਾਤ ਕੰਮ ਕਰਦੀਆਂ ਹਨ। ਉਹਨਾਂ ਦੀ ਜਿੰਦਗੀ ਦੀਆਂ ਵੀ ਖਾਹਸ਼ਾਂ ਤੇ ਉਮੀਦਾਂ ਹਨ। ਜਿੰਨਾ ਮੋਹ ਪਿਆਰ ਤੇ ਇੱਜਤ ਧੀਆਂ ਆਪਣੇ ਮਾਪਿਆਂ ਦੀ ਕਰਦੀਆਂ ਹਨ, ਓਨਾ ਪੁੱਤਰ ਨਹੀਂ ਕਰਦੇ।

ਆਮ ਤੌਰ ਤੇ ਪੰਜਾਬ ਵਿੱਚ ਪਹਿਲਾ ਜਣੇਪਾ ਕੁੜੀ ਦੇ ਪੇਕੇ ਕਰਾਉਣ ਦਾ ਰਿਵਾਜ਼ ਹੈ। ਜਿੱਥੇ ਜਣੇਪਾ ਕਰਵਾਇਆ ਜਾਵੇ। ਉਸ ਕਮਰੇ ਨੂੰ ਛਿਲੇ ਵਾਲਾ ਕਮਰਾ ਕਿਹਾ ਜਾਂਦਾ ਹੈ।

ਛਿਲੇ ਵਾਲੇ ਕਮਰੇ ਵਿਚ ਅਨਾਜ਼, ਲੋਹੇ ਦਾ ਕੜਾ ਜਾਂ ਦਾਤੀ ਬਗੈਰਾ ਆਮ ਰੱਖੇ ਜਾਂਦੇ ਸਨ। ਇਹ ਚੀਜ਼ਾਂ ਕਈ ਲੋਕ ਜਣੇਪੇ ਵਾਲੀ ਔਰਤ ਦੇ ਮੰਜ਼ੇ ਨਾਲ ਬੰਨ੍ਹ ਦਿੰਦੇ ਸਨ।

ਉਸ ਕਮਰੇ ਵਿੱਚ ਅਣਪਹਿਰੀ ਜੋਤ ਜਗਦੀ ਰੱਖੀ ਜਾਂਦੀ ਹੈ। ਇਸ ਨਾਲ ਬੀਮਾਰੀਆਂ ਦੇ ਕੀਟਾਣੂਆਂ ਦਾ ਨਾਸ਼ ਹੁੰਦਾ ਹੈ।

ਬਾਂਦਰਵਾਲ ਲਟਕਾਉਣਾ

ਬੱਚੇ ਦੇ ਜਨਮ ਦਾ ਐਲਾਨ ਘਰ ਦੀ ਡਿਉਢੀ ਦੇ ਬੂਹੇ। ਦਰਵਾਜ਼ੇ ਤੇ ਸ਼ਰੀਂਹ ਦੇ ਪੱਤੇ ਬੰਨ੍ਹ ਕੇ ਕੀਤਾ ਜਾਂਦਾ ਹੈ।

“ਮੁੰਡਾ ਹੋਣ ਦੀ ਸੂਰਤ ਵਿੱਚ ਘਰ ਅੱਗੇ ਸ਼ਰੀਂਹ ਅਤੇ ਅੰਬ ਦੇ ਪੱਤਿਆਂ ਦਾ ਬਾਂਦਰਵਾਲ ਲਟਕਾਇਆ ਜਾਂਦਾ ਹੈ।

ਇਹ ਜਿੱਥੇ ਘਰ ਵਿੱਚ ਖ਼ੁਸ਼ੀ ਦਾ ਪ੍ਰਤੀਕ ਹੁੰਦਾ ਹੈ। ਉੱਥੇ ਔਰਤ ਦੀ ਹਰਿਆਵਲ। ਕੁੱਖ ਹਰੀ ਹੋਣ ਦਾ ਵੀ ਪ੍ਰਤੀਕ ਸੀ/ਹੈ। ਜਿਵੇਂ ਪੌਦਿਆਂ ਨੂੰ ਫ਼ੁੱਲਾਂ ਬਾਅਦ ਫ਼ਲ ਲੱਗਦਾ ਹੈ।

ਸੁੰਦਰਤਾ ਵੀ ਵਧਦੀ ਹੈ ਬੂਟੇ ਦੀ। ਨਵੀਂਆਂ ਕੁੜੀਆਂ। ਬਣੀਆਂ ਵਹੁਟੀਆਂ। ਔਰਤਾਂ ਦੇ ਮੁਖੜਿਆਂ ਅੰਗਾਂ ਤੇ ਹੋਰ ਸੁਹੱਪਣਤਾ ਆ ਸਜਦੀ ਹੈ। ਸ਼ਰੀਰ ਵਿੱਚ ਹਾਰਮੋਨਲ ਤਬਦੀਲੀਆਂ ਆਉਂਦੀਆਂ ਹਨ। ਰਾਤਾਂ ਦੇ ਸੁਪਨੇ ਵੀ ਨਾਲ ਰਲਦੇ ਹਨ।

ਜੱਗ ਵਿਚ ਸੀਰ ਪਈ

ਪੰਜਾਬੀ ਸਭਿਆਚਾਰ ਵਿਚ ਜਦੋਂ ਵੀ ਕਿਸੇ ਘਰ ਪੁੱਤਰ ਜਨਮ ਲੈਂਦਾ ਹੈ ਤਾਂ ਜਸ਼ਨ ਮਨਾਏ ਜਾਂਦੇ ਹਨ। ‘ਜੱਗ ਵਿਚ ਸੀਰ ਪਈ’ ਆਮ ਆਖਿਆ ਜਾਂਦਾ ਹੈ। ‘ਵੇਲ ਵਧੀ’ ਮੰਨੀ ਜਾਂਦੀ ਹੈ। ਘਰ ਵਿਚ ਵਧਾਈਆਂ ਦੇਣ ਵਾਲਿਆਂ ਅਤੇ ਲਾਗੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

ਪਹਿਲਾਂ-ਪਹਿਲ ਲਾਗੀ ਬੂਹੇ ਤੇ ਅੰਬ ਦੇ ਪੱਤੇ ਬੰਨ੍ਹਣ ਆਉਂਦੇ, ਨਵਜਨਮੇ ਬੱਚੇ ਲਈ ਲੱਕੜੀ ਦਾ ਗਡੀਰਨਾ ਵਿਹੜੇ ਵਿਚ ਰੱਖਦੇ ਸਨ।

‘ਵਧਾਈ ਹੋਵੇ’ ਦੀ ਆਵਾਜ਼ ਕੰਨਾਂ ਵਿਚ ਪੈਂਦੀ ਸੀ। ਤੜਾਗੀ ਲੈ ਕੇ ਆਈਆਂ ਬਾਜ਼ੀਗਰਨੀਆਂ ਗਿੱਧੇ ਦਾ ਪਿੜ੍ਹ ਬੰਨ੍ਹ ਕੇ ਮੂੰਹ ਮੰਗੀ ਵਧਾਈ ਲੈ ਕੇ ਜਾਂਦੀਆਂ ਸਨ। ਖੁਸਰੇ ਆਪਣੇ ਨਿਵੇਕਲੇ ਅੰਦਾਜ਼ ਵਿਚ ‘ਵਧਾਈਆਂ’ ਦਿੰਦੇ ਅਤੇ ਮੂੰਹ ਮੰਗੀ ਵਧਾਈ ਲੈਂਦੇ ਸਨ।

ਵਿਹੜੇ ਨੱਚਦੇ ਸਨ। ਆਸਾਂ ਉ‌ਮੀਦਾਂ ਬੱਝਦੀਆਂ ਸਨ। ਨਗਰ ਪਿੰਡ ਇੱਕ ਦੂਸਰੇ ਨੂੰ ਦੱਸਦੇ ਫਿਰਦੇ ਹਨ। ਖੁਸ਼ੀ ਦੀ ਖਬਰ ਸਾਰੀਆਂ ਗਲੀਆਂ ਘਰਾਂ ਵਿੱਚ ਚਲੀ ਜਾਂਦੀ ਸੀ। ਨਵੀਂ ਵਹੁਟੀ ਦੀ ਪੁੱਛ ਗਿੱਛ ਵਧਦੀ ਹੈ।

ਕਨੇਰਾਂ ਫੁੱਲਦੀਆਂ ਹਨ। ਖੁਸ਼ਬੂਆਂ। ਸੁਗੰਧੀਆਂ ਖਿਲਰਦੀਆਂ। ਖਿੰਡਦੀਆਂ ਹਨ।

ਭਰੇ ਭਰੇ ਅੰਗਾਂ ਵਿੱਚੋਂ ਮਹਿਕਾਂ ਸਿੰਮਦੀਆਂ ਹਨ। ਚਾਅ ਉਘੜਦੇ ਹਨ। ਬੁੱਲ੍ਹਾਂ ਤੇ ਆਪ ਮੁਹਾਰੇ ਗੀਤ ਫੁੱਟਦੇ। ਆਉਂਦੇ ਹਨ। ਝਾਂਜਰਾਂ ਬੋਲਣ ਲਗਦੀਆਂ ਹਨ। ਵੰਗਾਂ ਨੂੰ ਸੁਰ ਤਾਲ ਮਿਲਦੀ ਹੈ। ਵਿਹੜੇ ਵਿਚ ਛਣਕਾਰਾਂ ਆ ਵਸਦੀਆਂ ਹਨ।

ਸ਼ੀਸ਼ਾ ਦੇਖ ਦੇਖ ਰੱਜਦਾ ਨਹੀਂ। ਤਰੇੜਾਂ ਪੈਂਦੀਆਂ ਹਨ ਸ਼ੀਸ਼ੇ ਵਿਚ। ਕੰਘੀ ਵਾਲ ਨਹੀਂ ਝੱਲਦੀ। ਹਿੱਕ ਖੁਸ਼ੀਆਂ ਖੇੜੇ ਖਿਲਾਰਦੀ ਨਹੀਂ ਥੱਕਦੀ ਹੈ। ਹਰ ਪਲ। ਮਾਹੀ ਮੁਸਕਰਾਹਟ ਦੇ। ਓਹਲੇ ਚੂੰਢੀਆਂ ਵੱਢਦਾ। ਬਾਂਹਾਂ ਵਿਚ ਲੈਂਦਾ ਲੰਘ ਜਾਂਦਾ ਹੈ। ਮਾਂ ਤੋਂ ਚੋਰੀ ਚੋਰੀ।

ਚਾਵਾਂ ਨੂੰ ਬੂਰ ਪੈਂਦੇ ਹਨ। ਸ਼ਰੀਰ ਦੀਆਂ ਗੋਲਾਈਆਂ ਬਦਲਦੀਆਂ ਹਨ। ਮੌਸਮ ਚੰਗਾ ਲੱਗਣ ਲਗਦਾ ਹੈ। ਦੂਰੋਂ ਹੀ ਘਰਵਾਲੇ ਦੀਆਂ ਮੁਸਕਰਾਹਟਾਂ ਹਾਲ ਚਾਲ ਪੁੱਛਦੀਆਂ ਲੰਘਦੀਆਂ ਹਨ।

ਸੱਸ ਜਾਣੀ ਕਿ ਅਪੋਜ਼ੀਸ਼ਨ ਵੀ ਪੁੱਛਦੀ ਹੈ ਕਿ ਰੋਟੀ ਖਾ ਲਈ ਸੀ ਪਰਮਜੀਤ। ਹਾਂ ਬੀ ਜੀ। ਜੁਆਬ ਮਿਲਦਾ ਹੈ। ਬਜ਼ਾਰ ਨੂੰ ਸਾਰੇ ਜਾਂਦੇ ਆਉਂਦੇ। ਕੁਝ ਖਾਣ ਪੀਣ ਵਾਲਾ ਲਿਆਉਣ ਨੂੰ ਪੁੱਛਦੇ ਹਨ।

ਨਵ-ਜਨਮੇ ਬਾਲ ਦੇ ਨਾੜੂਏ ਨੂੰ ਕੱਟਣ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਨੂੰ ‘ਨਾੜੂਆ ਸੰਘਰਨਾ’ ਕਿਹਾ ਜਾਂਦਾ ਹੈ। ਦਾਈ ਬੱਚੇ ਨੂੰ ਪਹਿਲਾਂ ਸਫ਼ਾਈ ਵਜੋਂ ਇਸ਼ਨਾਨ ਕਰਵਾਉਂਦੀ ਹੈ।

ਦੁਧੀਆਂ ਧੋਣ ਦੀ ਰਸਮ ਬੱਚਾ ਜੰਮਣ ਤੇ। ਕੋਮਲ ਆਕੜੀਆਂ ਦੁਧੀਆਂ ਧੋਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਦੇ ਇਵਜ਼ ਵਜੋਂ ਸਵਾ ਰੁਪਈਆ ਤੇ ਕੱਪੜੇ ਮਿਲਦੇ ਹਨ। ਨਵਾਂ ਨਵਾਂ ਚਾਅ ਵੀ ਹੁੰਦਾ ਹੈ ਕਿ ਆਪਣੇ ਬੱਚੇ ਨੂੰ ਹਿੱਕ ਨਾਲ ਲਾ ਕੇ ਦੁੱਧ ਚੁੰਘਾਇਆ ਜਾਵੇ।

ਰਾਤ ਨੂੰ ਸੱਭ ਕੱਲਿਆਂ ਮਾਹੀਏ ਨਾਲ ਸਾਂਝਾ ਕੀਤਾ ਜਾਂਦਾ ਹੈ। ਦਿਨ ਵੇਲੇ ਤਾਂ ਮਿਲਣ ਵਾਲਿਆਂ ਚੋਂ ਵਿਹਲ ਨਹੀਂ ਮਿਲਦੀ। ਓਸ ਵੇਲੇ ਜਿੰਨੀ ਆਨੰਦਿਤ। ਉਹ ਕਾਇਨਾਤ ਹੁੰਦੀ ਹੈ। ਜੋੜੀ ਦਾ ਜਹਾਨ ਹੀ ਜਾਣਦਾ ਹੈ।ਓਦੋਂ ਫਿਰ ਗਲਵੱਕੜੀਆਂ ਵਿਚ ਬਹਿ। ਲੇਟ। ਵਾਰ ਵਾਰ ਜ਼ਨਤ ਸਜਦੀ ਹੈ। ਠਰੀਆਂ ਹਿੱਕਾਂ ਨਿੱਘੀਆਂ ਹੁੰਦੀਆਂ ਹਨ।

ਆਨੰਦ ਸ਼ਾਂਤੀ ਨਾਲ ਦਿਲ ਭਰਦੇ ਹਨ। ਚੀਜ਼ਾਂ ਕੱਪੜੇ ਤੇ ਹੋਰ ਕਈ ਕੁਝ ਲੈ ਕੇ ਦੇਣ ਦੇ ਵਾਅਦੇ ਲਏ। ਕੀਤੇ ਜਾਂਦੇ ਹਨ।

ਠੂਠੀ ਵਿੱਚ ਹਲਦੀ ਗੱਠੀ ਘਸਾ ਕੇ, ਵਿੱਚ ਚਾਂਦੀ ਦਾ ਰੁਪਈਆ ਰੱਖ ਕੇ ਚੌਲ਼ ਘੋਲ਼ ਲਏ ਜਾਂਦੇ ਸਨ। ਹਰੇ ਘਾਹ ਦੀ ਗੁੱਥੀ ਨਾਲ਼ ਦੁਧੀਆਂ ਧੋਤੀਆਂ ਜਾਂਦੀਆਂ ਹਨ। ਇਸ ਨੂੰ ਫਿਰ ਅਹਿਮ ਰਸਮ ਬਣਾ ਲਿਆ ਗਿਆ।

ਅਸਲ ਵਿੱਚ ਦੁਧੀਆਂ ਧੋਣਾ ਸਫ਼ਾਈ ਤੇ ਕੀਟਾਣੂ ਰਹਿਤ ਕਰਨਾ ਹੁੰਦਾ ਸੀ। ਠੂਠੀ ਵਿੱਚ ਹਲਦੀ ਦੀ ਗੱਠੀ ਇਕ ਐਟੀਂਇਨਫੈਕਸਨ ਘੋਲ ਹੈ। ਇਸ ਨਾਲ ਦੁਧੀਆਂ ਨਿਪਲਾਂ ਨੂੰ ਸਾਫ਼ ਕਰਨ ਨਾਲ ਬੱਚੇ ਨੂੰ ਬੀਮਾਰੀ ਤੋਂ ਬਚਾਉਣਾ ਹੁੰਦਾ ਹੈ। ਚੰਗੀ ਤਰ੍ਹਾਂ ਸੈਨੇਟਾਈਜ ਕੀਤਾ ਜਾਂਦਾ ਸੀ। ਠੂਠੀ ਨਾਰੀਅਲ ਇਕ ਸੁਪਰਫੂਡ ਹੈ। ਇਸ ਦੇ ਨਾਲ ਹੀ ਇਸ ਚ ਐਨਜ਼ਾਈਮ, ਵਿਟਾਮਿਨ-ਸੀ, ਅਮੀਨੋ-ਐਸਿਡ, ਐਂਟੀ-ਆਕਸੀਡੈਂਟ ਤੇ ਹੋਰ ਕਈ ਮਹੱਤਵਪੂਰਨ ਗੁਣ ਵੀ ਪਾਏ ਜਾਂਦੇ ਹਨ।

ਫਿਰ ਬੱਚੇ ਦੀਆਂ ਬੁੱਲ੍ਹੀਆਂ ਦੀ ਪਹਿਲੀ ਛੁਹ ਨਾਲ ਜੋ ਨਿਪਲਾਂ ਚ ਸਧਰਾਂ ਉਸਰਦੀਆਂ ਸਨ। ਉਹ ਸਿਰਫ਼ ਰਾਂਝਣ ਨੂੰ ਹੀ ਦੱਸੀਆਂ ਜਾਂਦੀਆਂ ਸਨ। ਇਕ ਨਵਾਂ ਸੰਸਾਰ ਸਿਰਜਦਾ ਸੀ। ਭਵਿੱਖ ਦੀਆਂ ਪਲੈਨਾਂ ਬਣਦੀਆਂ ਹਨ। ਬੱਚੇ ਨੂੰ ਘੁੱਟ ਘੁੱਟ ਕੇ ਛਾਤੀ ਨਾਲ ਲਾਇਆ ਜਾਂਦਾ ਹੈ। ਨਿੱਕੀਆਂ ਨਿੱਕੀਆਂ ਮੁਸਕਾਨਾਂ ਉੱਗਦੀਆਂ ਹਨ। ਦੁੱਧ ਨਾਲ ਫਿਰ ਦੁਧੀਆਂ ਭਰਦੀਆਂ ਹਨ। ਨਣਦ ਵੀ ਇਹ ਸਭ ਵੇਖ ਵੇਖ ਮੁਸਕਰਾਉਂਦੀ ਹੈ। ਕਿਉਂਕਿ ਉਹ ਵੀ ਇਹਨਾਂ ਘੜੀਆਂ ਪਲਾਂ ਨੂੰ ਚੇਤੇ ਵਿਚ ਵਸਾ ਰਹੀ ਹੁੰਦੀ ਹੈ। ਇਹ ਓਹਦੇ ਲਈ ਵੀ ਦਿਨ ਆਉਣ ਵਾਲੇ ਹੁੰਦੇ ਹਨ।

ਇਹੋ ਜਿਹੇ ਸੰਸਾਰ ਸਿਰਫ਼ ਓਹਲਿਆਂ। ਪਰਦਿਆਂ। ਤੇ ਦਿਲਾਂ ਦੀਆਂ ਪਰਤਾਂ ਵਿਚ ਹੀ ਜਨਮਦੇ ਹਨ।

ਪਰ ਸਟਿਪ ਵਾਇਜ਼ ਦਾਈ ਤੇ ਲਾਗੀ ਪੈਸੇ ਕੱਪੜੇ ਬਣਾਉਂਦੇ ਸਨ। ਮੁੰਡਾ ਹੋਣ ਦੀ ਖੁਸ਼ੀ ਵਿੱਚ ਘਰ ਵਾਲਿਆਂ ਤੋਂ ਜੋ ਕੁਝ ਮਰਜ਼ੀ ਲੈ ਸਕਦੇ ਹੋ।

ਕਈ ਘਰਾਂ ਵਿੱਚ ਭੂਆ ਕੋਲੋਂ ਜੱਚਾ ਦੀਆਂ ਦੁੱਧੀਆਂ ਨੂੰ ਉਚੇਰੇ ਤੌਰ ਤੇ ਤਿਆਰ ਕੀਤੀ ਸਮੱਗਰੀ ਨਾਲ ਧੁਆਇਆ ਜਾਂਦਾ ਹੈ।

ਸਰਦੇ ਘਰਾਂ ਵਿੱਚ ਦੁੱਧ-ਧੁਆਈ ਦੀ ਰਸਮ ਲਈ ਨਵ-ਜਨਮੇ ਬਾਲ ਦੀ ਭੂਆ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ ਜਾਂਦੇ ਹਨ। ਅਸਲ ਵਿੱਚ ਭੂਆ ਜੇ ਵਿਆਹੀ ਹੋਵੇ ਤਾਂ ਉਸ ਨੂੰ ਤਜੁਰਬਾ ਵੀ ਹੁੰਦਾ ਹੈ।

ਜੇ ਭੂਆ ਨਣਦ ਕੁਆਰੀ ਹੋਵੇ ਤਾਂ ਉਸ ਨੂੰ ਇਹ ਜਾਣਕਾਰੀ ਜਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਿਉਂਕਿ ਕੱਲ ਨੂੰ ਉਸਨੇ ਵੀ ਇਸ ਪ੍ਰੀਕਿਰਿਆ ਵਿਚ ਦੀ ਲੰਘਣਾ। ਗੁਜ਼ਰਨਾ ਹੁੰਦਾ ਹੈ/ਸੀ।

ਅੱਜਕਲ ਡਾਕਟਰ ਡਿਟੋਲ ਦੇ ਨਾਲ ਸੱਭ ਕੁੱਝ ਸਾਫ਼ ਕਰ ਦਿੰਦੇ ਹਨ। ਜੋ ਕਿ ਵੱਧ ਸਾਇੰਟੇਫਿਕ ਸੈਨੇਟਾਈਜਰ ਹੈ।

ਗੁੜ੍ਹਤੀ ਦੇਣਾ ਨਵੇਂ ਜੰਮੇ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਉਣ ਤੋਂ ਪਹਿਲਾਂ ਗੁੜ੍ਹਤੀ ਦਿੱਤੀ ਜਾਂਦੀ ਹੈ। ਇਹ ਸਭ ਤੋਂ ਪਹਿਲਾ ਪਦਾਰਥ ਜੋ ਆਂਦਰਾਂ ਦੀ ਸਫ਼ਾਈ ਲਈ ਗੁੜ ਵਿੱਚ ਸੌਂਫ਼ ਆਦਿ ਦੀ ਬਣੀ ਘੁੱਟੀ ਮਿਲਾ ਕੇ ਦਿੱਤੀ ਜਾਂਦੀ ਸੀ ਜਿਸਨੂੰ ਗੁੜ-ਘੁੱਟੀ ਵੀ ਕਹਿੰਦੇ ਹਨ।

ਗੁੜ ਵਿੱਚ ਮਿਨਰਲ ਅਤੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਪੋਟਾਸ਼ੀਅਮ ਤੇ ਕਾਪਰ ਵੀ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ‘ਬੀ’ ਅਤੇ ਨਿਆਸਿਨ ਵੀ ਹੁੰਦੀ ਹੈ।

ਸੌਂਫ ਦੇ ਵਿੱਚ ਕੈਲਸ਼ੀਅਮ, ਤਾਂਬਾ, ਆਇਰਨ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਕਈ ਮਹੱਤਵਪੂਰਣ ਤਤਾਂ ਨਾਲ ਭਰਪੂਰ ਸੌਂਫ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ। ਸੌਂਫ ਦਾ ਸੇਵਨ ਕਈ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ।

ਇਹ ਸਾਰੇ ਸਾਇੰਟੇਫਿਕ ਮੁਢਲੇ ਕਾਰਨ। ਸੱਭ ਜਾਣਕਾਰੀ ਮੈਂ ਪਹਿਲੀ ਵਾਰ ਦੱਸ ਲਿਖ ਰਿਹਾ ਹਾਂ ਇਤਿਹਾਸ ਵਿਚ। ਤੇ ਇਸ ਤੇ ਗੌਰ ਵੀ ਫ਼ੁਰਮਾਇਆ ਜਾਣਾ ਚਾਹੀਦਾ ਹੈ।

ਇਹੋ ਸ਼ਬਦ ਸੰਯੁਕਤ ਰੂਪ ਵਿੱਚ ਗੁੜ੍ਹਤੀ ਪ੍ਰਚਲਿਤ ਹੋ ਗਿਆ। ਗੁੜ੍ਹਤੀ ਪਹਿਲੀ ਖੁਰਾਕ ਹੁੰਦੀ ਹੈ। ਜੋ ਜੰਮਣ ਮਗਰੋਂ ਬੱਚਾ ਪਹਿਲੀ ਵਾਰ ਰਸਮੀ ਢੰਗ ਨਾਲ ਮੂੰਹ ਲਗਾਉਂਦਾ ਹੈ।

ਕਿਸੇ ਕੋਰੇ ਭਾਂਡੇ ਜਾਂ ਚੱਪਣੀ ਵਿੱਚ ਬੱਕਰੀ ਦੇ ਦੁੱਧ ਦੀਆਂ ਕੁਝ ਧਾਰਾ ਜਾਂ ਮਾਖਿਓ ਦੀਆਂ ਬੂੰਦਾਂ ਪਾ ਕੇ ਉਸਨੂੰ ਰੂੰ ਦੀ ਪੱਤਲੀ ਬੱਤੀ ਜਾਂ ਦਰਭ ਘਾਹ ਦੀਆਂ ਪੱਤੀਆਂ ਨਾਲ ਬੱਚੇ ਦੇ ਮੂੰਹ ਵਿੱਚ ਚੋਇਆ ਜਾਂਦਾ ਹੈ।

ਬੱਕਰੀ ਦੇ ਦੁੱਧ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਪ੍ਰਦਾਨ ਕਰਦਾ ਹੈ।

ਰਾਜਪੂਤਾਂ ਵਿੱਚ ਕਿਰਪਾਨ ਦੀ ਨੋਕ ਨਾਲ ਸ਼ਹਿਦ ਲਗਾ ਕੇ ਬੱਚੇ ਦੀ ਜੀਭ ਉੱਤੇ ਲਗਾਇਆ ਜਾਂਦਾ ਹੈ। ਕਿਉਂਕਿ ਉਹਨਾਂ ਨੇ ਬੱਚੇ ਨੂੰ ਯੋਧਾ ਬਣਾਉਣਾ ਹੁੰਦਾ ਹੈ। ਕਿਰਪਾਨ ਦੀ ਛੁਹ ਦਿਤੀ ਜਾਂਦੀ ਹੈ। ਸਿੰਘਾਂ ਦੇ ਘਰੀਂ ਤਾਂ ਸਦਾ ਦੂਲੇ। ਸੂਰਬੀਰ। ਯੋਧੇ ਹੀ ਜਨਮ ਲੈਂਦੇ ਹਨ।

ਇਸ ਰੀਤ ਸਮੇਂ ਮਰਾਸੀ ਜਾਂ ਕਿਸੇ ਹੋਰ ਕੰਮੀ ਨੂੰ ਕੁਝ ਸਿੱਕੇ ਜਾਂ ਦਾਣਿਆਂ ਦਾ ਛੱਜ ਭਰ ਕੇ ਦਾਨ ਕੀਤਾ ਜਾਂਦਾ ਸੀ।

ਸਿਹਤ ਲਈ ਸ਼ਹਿਦ ਦੀ ਗੁੜ੍ਹਤੀ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਮਾਈਕਰੋਬਾਇਲ ਵਰਗੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਈਆਂ ਹਨ।

ਬੱਚੇ ਦੇ ਜਨਮ ਤੋਂ ਬਾਅਦ ਕਿਸੇ ਠੰਡੇ ਸੁਭਾਅ ਵਾਲੇ ਬੰਦੇ ਜਾਂ ਬਜ਼ੁਰਗ ਔਰਤ ਤੋਂ ਗੁੜ੍ਹਤੀ ਦੁਆਈ ਜਾਂਦੀ ਹੈ। ਇਸ ਪਿੱਛੇ ਇਹ ਵਿਸ਼ਵਾਸ ਕੰਮ ਕਰਦਾ ਹੈ ਕਿ ਬੱਚੇ ਦਾ ਸੁਭਾੳ ਵੀ ਉਸਨੂੰ ਗੁੜ੍ਹਤੀ ਦੇਣ ਵਾਲੇ ਸੁਭਾੳ ਦੇ ਉੱਪਰ ਵੀ ਨਿਰਭਰ ਕਰਦਾ ਹੈ।

ਇਹ ਕੋਈ ਦਲੀਲ ਨਹੀਂ ਹੈ। ਇੰਝ ਤਾਂ ਜਦੋਂ ਮਰਜ਼ੀ ਸੁਭਾਅ ਬਦਲਾਅ ਲਵੋ। ਇਹ ਕਿਹੜੀ ਜੈਨੈਟਿਕ ਇੰਜਨੀਰਿੰਗ ਹੈ। ਹਾਂ ਮਿੱਥ ਬਣੀ ਹੋਈ ਹੈ।

ਜਨਮ ਦੀ ਖ਼ਬਰ ਸੁਣਨ ਤੋਂ ਬਾਅਦ ਭਾਈਚਾਰੇ ਦੇ ਲੋਕ ਤੇ ਲਾਗੀ ਆਦਿ ਵਧਾਈਆਂ ਦੇਣ ਆਉਂਦੇ ਹਨ। ਇਸ ਸਮੇਂ ਆਪੋ ਆਪਣੀ ਵਿੱਤ ਅਨੁਸਾਰ ਗੁੜ , ਪਤਾਸੇ ਜਾਂ ਲੱਡੂ ਆਦਿ ਵੰਡੇ ਜਾਂਦੇ ਹਨ।

ਪੰਜਾਬ ਵਿੱਚ ਬਹੁਤੇ ਚਾਓ ਮਲ੍ਹਾਰ ਮੁੰਡੇ ਦੇ ਜਨਮ ਨਾਲ ਹੀ ਜੁੜੇ ਹੋਏ ਹਨ। ਬਹੁਤ ਲੋਕਾਂ ਦੇ ਘਰੀ ਕੁੜੀ ਦੇ ਜਨਮ ਸਮੇਂ ਤਾਂ ਸੋਗ ਦਾ ਵਾਤਾਵਰਣ ਛਾ ਜਾਂਦਾ ਹੈ । ਪਰੰਤੂ ਅੱਜ ਕੱਲ੍ਹ ਨਵੇਂ ਵਿਚਾਰਾਂ ਵਾਲੇ ਲੋਕਾਂ ਦੇ ਘਰਾਂ ਵਿੱਚ ਭਿੰਨ ਭੇਦ ਮਿਟਦਾ ਜਾ ਰਿਹਾ ਹੈ ।

ਪੰਜਾਬ ਵਿੱਚ ਪੰਜਵਾਂ ਨਹਾਉਣ ਦੀ ਰੀਤ ਆਮ ਹੈ। ਬੱਚੇ ਦੇ ਜਨਮ ਤੋਂ ਪੰਜਵੇਂ ਦਿਨ ਬਾਅਦ ਮਾਂ ਨੂੰ ਨਵਾਇਆ ਜਾਂਦਾ ਹੈ। ਤੋਹਫ਼ੇ ਦਿਨ ਰਹੁ-ਰੀਤਾਂ ਦਾ ਪਾਲਣ ਕਰਕੇ ਜੱਚਾ ਨੂੰ ਨਵੇਂ ਕੱਪੜੇ ਆਦਿ ਪੁਆ ਕੇ ਬਾਹਰ ਵਧਾਇਆ ਜਾਂਦਾ ਹੈ।

ਬਾਹਰ ਵਧਣ ਤੋਂ ਬਾਅਦ ਇਸਤਰੀ ਨੂੰ ਛਿੱਲੇ ਵਾਲੇ ਕਮਰੇ ਚੋ ਬਾਹਰ ਆਉਣ ਜਾਣ ਦੀ ਖੁੱਲ ਹੁੰਦੀ ਹੈ।

ਪਰ ਉਹਨੂੰ ਸਵਾ ਮਹੀਨਾ ਕਾਫ਼ੀ ਸਾਰੇ ਰੱਖ-ਪਰਹੇਜ਼ ਕਰਨੇ ਪੈਂਦੇ ਹਨ। ਕੁੜੀ ਦੇ ਸਹੁਰੀ ਮਿੱਠਾ ਭੇਜ ਕੇ ਬੱਚੇ ਦੇ ਜਨਮ ਦੀ ਖ਼ਬਰ ਭੇਜੀ ਜਾਂਦੀ ਹੈ ਬਦਲੇ ਵਿੱਚ ਉਸ ਦੀ ਸੱਸ ਘਿਉ ਲੈ ਕੇ ਆਉਂਦੀ ਹੈ।

ਘਿਉ ਜਿਸਦਾ ਜੱਚਾ ਲਈ ਦਾਬੜਾ ਬਣਾਇਆ ਜਾਂਦਾ ਹੈ। ਇਸ ਤੋਂ ਬਿਨਾ ਬੱਚੇ ਤੇ ਉਹਦੀ ਮਾਂ ਲਈ ਕੱਪੜੇ-ਲੀੜੇ ਤੇ ਗਹਿਣਿਆਂ ਆਦਿ ਦੀ ਸੂਰਤ ਵਿੱਚ ਹੋਰ ਸੁਗਾਤਾਂ ਵੀ ਲਿਆਂਦੀਆਂ ਜਾਂਦੀਆਂ ਹਨ ।

ਛਿਲੇ ਦੀ ਹਰ ਪ੍ਰਕਾਰ ਦੀ ਅਸ਼ੁੱਧਤਾ ਚਾਲੀਵੇਂ ਦਿਨ ਖਤਮ ਹੋਈ ਸਮਝੀ ਜਾਂਦੀ ਹੈ।

ਅਜੇਹੇ ਸੋਹਣੇ ਵਾਤਾਵਰਣ। ਕਾਇਨਾਤਾਂ। ਸਮੇਂ। ਰਾਜਿਆਂ ਨੂੰ ਜਨਮ ਦੇਣ ਵਾਲੀਆਂ ਹੀ ਬਖ਼ਸ਼ ਸਕਦੀਆਂ ਹਨ।
ਔਰਤ ਨਾ ਹੁੰਦੀ ਤਾਂ ਘਰ। ਸੰਸਾਰ ਨਹੀਂ ਸੀ ਵਸਣਾ। ਬੂਹਿਆਂ ਦਰਾਂ ਤੇ ਕਿਤੇ ਖੁਸ਼ੀਆਂ ਨੇ ਆਣ ਨਹੀਂ ਸੀ ਨੱਚਣਾ।
ਕਿਸੇ ਨੇ ਸ਼ਰੀਂਹ ਅੰਬ ਦੇ ਪੱਤਿਆਂ ਨੂੰ ਨਹੀਂ ਸੀ ਟੰਗਣਾ। ਸ਼ਾਲਾ! ਹਰ ਦਰ ਘਰ। ਇਹ ਅਰਧੰਗਣੀਆਂ ਇੰਝ ਹੀ ਖੇੜੇ। ਖੁਸ਼ੀਆਂ। ਮਹਿਕਾਂ। ਸੁਗੰਧੀਆਂ ਵੰਡਦੀਆਂ। ਖਿਲਾਰਦੀਆਂ ਰਹਿਣ।

ਇੰਝ ਸਮਾਜਿਕ ਮੋਹ ਪਿਆਰ ਵੀ। ਆਉਣ ਜਾਣਗੇ ਘਰੀਂ। ਮਿਲਣ ਨਾਲ ਗੰਢਾਂ ਵੀ ਪੈਣਗੀਆਂ। ਨਵੇਂ ਨਵੇਂ ਰਿਸ਼ਤੇ ਨਾਤੇ ਵੀ ਉਸਰਨਗੇ।

ਮੇਰਾ ਪੰਜਾਬ ਵੀ ਨੱਚੇ ਗਾਏਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION