ਯੈੱਸ ਪੰਜਾਬ
ਚੰਡੀਗੜ੍ਹ, 3 ਜੁਲਾਈ, 2022:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਸੋਮਵਾਰ ਨੂੰ ਵਾਧਾ ਹੋਣ ਜਾ ਰਿਹਾ ਹੈ। ਇਸ ਦੌਰਾਨ ਂ 5 ਮੰਤਰੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਦੀ ਤਜ਼ਵੀਜ਼ ਹੈ।
ਤਾਜ਼ਾ ਖ਼ਬਰ ਹੈ ਕਿ ਇਸ ਵਜ਼ਾਰਤੀ ਵਾਧੇ ਲਈ 5 ਨਾਂਅ ਲਗਪਗ ‘ਫ਼ਾਈਨਲ’ ਹੋ ਚੁੱਕੇ ਹਨ।
ਇਨ੍ਹਾਂ ਵਿੱਚ ਸੁਨਾਮ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਦੂਜੀ ਵਾਰ ਚੁਣ ਕੇ ਆਏ ਵਿਧਾਇਕ ਸ੍ਰੀ ਅਮਨ ਅਰੋੜਾ ਇਕੋ ਇਕ ਐਸੇ ਵਿਧਾਇਕ ਹਨ ਜਿਹੜੇ ਦੂਜੀ ਵਾਰ ਚੁਣੇ ਹੋਏ ਵਿਧਾਇਕਾਂ ਵਿੱਚੋਂ ਵਜ਼ਾਰਤੀ ਵਾਧੇ ਦੌਰਾਨ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿੱਚ ਪਹਿਲਾਂ ਸ੍ਰੀਮਤੀ ਸਰਬਜੀਤ ਕੌਰ ਮਾਣੂਕੇ ਅਤੇ ਪ੍ਰੋ:ਬਲਜਿੰਦਰ ਕੌਰ ਦੇ ਨਾਂਅ ਵੀ ਸਾਹਮਣੇ ਆਏ ਸਨ ਪਰ ਪਤਾ ਲੱਗਾ ਹੈ ਕਿ ਫ਼ਾਈਨਲ ਸੂਚੀ ਵਿੱਚ ਇਹ ਦੋਵੇਂ ਨਾਂਅ ਸ਼ਾਮਲ ਨਹੀਂ ਹਨ।
4 ਹੋਰ ਵਿਧਾਇਕ ਜਿਹੜੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ ਉਹ ਸਾਰੇ ਹੀ ਨਵੇਂ ਚਿਹਰੇ ਹਨ, ਭਾਵ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਖ਼ਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ, ਸਮਾਨਾ ਤੋਂਵਿਧਾਇਕ ਚੇਤੰਨ ਸਿੰਘ ਜੌੜਾਮਾਜਰਾ ਅਤੇ ਗੁਰੂ ਹਰਸਹਾਏ ਤੋਂ ਵਿਧਾਇਕ ਫ਼ੌਜਾ ਸਿੰਘ ਸਰਾਰੀ ਸ਼ਾਮਲ ਹਨ।
ਸ: ਫ਼ੌਜਾ ਸਿੰਘ ਸਰਾਰੀ ਨੇ ਤਾਂ ਖ਼ੁਦ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਹੁੰ ਚੁੱਕਣ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਚਿਤ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ: ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਹੈ।
ਇਸ ਤੋਂ ਪਹਿਲਾਂ ਚੱਲ ਰਹੀਆਂ ਚਰਚਾਵਾਂ ਵਿੱਚ ਬੀਬੀ ਮਾਣੂਕੇ ਅਤੇ ਪ੍ਰੋ: ਬਲਜਿੰਦਰ ਕੌਰ ਤੋਂ ਇਲਾਵਾ ਪ੍ਰਿੰਸੀਪਲ ਬੁੱਧ ਰਾਮ, ਸ੍ਰੀਮਤੀ ਨੀਨਾ ਮਿੱਤਲ ਅਤੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਸ: ਅਜੀਤ ਪਾਲ ਸਿੰਘ ਕੋਹਲੀ ਦੇ ਨਾਂਅ ਵੀ ਸ਼ਾਮਲ ਸਨ।
ਇਸ ਵਜ਼ਾਰਤੀ ਵਾਧੇ ਸੰਬੰਧੀ ਸਰਕਾਰ ਵੱਲੋਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਸੋਮਵਾਰ 4 ਜੁਲਾਈ ਨੂੰ 5 ਵਜੇ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਏ ਜਾਣਾ ਤੈਅ ਹੈ।
ਇਸ ਬਾਰੇ ਫ਼ੈਸਲਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਦਿੱਲੀ ਵਿਖ਼ੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਲਿਆ ਗਿਆ ਜਿਸ ਵਿੱਚ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਵੀ ਹਾਜ਼ਰ ਸਨ। ਲÑਗਪਗ ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿੱਚ ਉਨ੍ਹਾਂ ਨਾਂਵਾਂ ’ਤੇ ਵਿਚਾਰ ਕੀਤਾ ਗਿਆ ਜਿਨ੍ਹਾਂ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਮੁੱਖ ਮੰਤਰੀ ਤੋਂ ਇਲਾਵਾ 9 ਕੈਬਨਿਟ ਮੰਤਰੀ ਹਨ। ਇਕ ਮੰਤਰੀ ਡਾ: ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਕਰਕੇ ਨਾ ਕੇਵਲ ਹਟਾਇਆ ਗਿਆ ਸਗੋਂ ਉਹਨਾਂ ’ਤੇ ਮਾਮਲਾ ਦਰਜ ਹੋਇਆ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਹਨ। ਕੈਬਨਿਟ ਵਿੱਚ ਅਜੇ 8 ਮੰਤਰੀਆਂ ਦੀ ਥਾਂ ਖਾਲੀ ਹੈ ਪਰ ਅਜੇ ਕੇਵਲ 5 ਹੀ ਅਹੁਦੇ ਭਰੇ ਜਾਣ ਦੀ ਸੂਚਨਾ ਹੈ ਅਤੇ ਮੰਤਰੀਆਂ ਦੇ ਤਿੰਨ ਅਹੁਦੇ ਅਜੇ ਵੀ ਖ਼ਾਲੀ ਰੱਖੇ ਜਾਣਗੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ