41.1 C
Delhi
Wednesday, May 29, 2024
spot_img
spot_img
spot_img

ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਆਪ ਦੇ ਨੌਜਵਾਨ ਵਿੰਗ ਨੇ ਘੇਰਿਆ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਘਰ

ਯੈੱਸ ਪੰਜਾਬ
ਸੰਗਰੂਰ/ਚੰਡੀਗੜ੍ਹ, 22 ਜੂਨ, 2021 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੌਜਵਾਨ ਵਿੰਗ ਵੱਲੋਂ ਅੱਜ ਸੰਗਰੂਰ ਵਿਖੇ ਈਟੀਟੀ ਟੈਟ ਪਾਸ ਅਤੇ ਕੱਚੇ ਅਧਿਆਪਕਾਂ ਦੇ ਸਮਰਥਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਹਿਸ਼ ਦਾ ਘਿਰਾਓ ਕੀਤਾ ਗਿਆ ਅਤੇ ਰੋਸ ਧਰਨਾ ਲਾਇਆ ਗਿਆ।

ਇਸ ਧਰਨੇ ਦੀ ਅਗਵਾਈ ਆਪ ਦੇ ਵਿਧਾਇਕ ਅਤੇ ਸੂਬਾ ਪ੍ਰਧਾਨ (ਨੌਜਵਾਨ ਵਿੰਗ) ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤੀ, ਜਦੋਂ ਕਿ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਨਰਿੰਦਰ ਕੌਰ ਭਰਾਜ, ਪ੍ਰਸਿੱਧ ਗਾਇਕ ਤੇ ਆਪ ਆਗੂ ਬਲਕਾਰ ਸਿੱਧੂ ਅਤੇ ਡਾ. ਬਲਬੀਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਧਰਨੇ ਵਿੱਚ ਸ਼ਾਮਲ ਹੋਏ।

ਇਸ ਸਮੇਂ ਸੰਬੋਧਨ ਕਰਦਿਆਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਨੌਜਵਾਨ ਨੌਕਰੀਆਂ ਲੈਣ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ 2017 ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ।

ਪਰ ਸਾਢੇ ਚਾਰ ਸਾਲਾਂ ਦਾ ਸਮਾਂ ਕੈਪਟਨ ਸਰਕਾਰ ਦਾ ਬੀਤ ਜਾਣ ’ਤੇ ਵੀ ਪੰਜਾਬ ਦੇ ਪੜ੍ਹੇ ਲਿਖੇ ਲੱਖਾਂ ਨੌਜਵਾਨ, ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਰਕਾਰੀ ਨੌਕਰੀ ਲੈਣ ਲਈ ਸੜਕਾਂ ’ਤੇ ਬੈਠੇ ਹਨ, ਉਥੇ ਹੀ 15 ਸਾਲਾਂ ਤੋਂ ਕੱਚੇ ਅਧਿਆਪਕਾਂ ਵਜੋਂ ਨੌਕਰੀਆਂ ਕਰਦੇ ਹਜ਼ਾਰਾਂ ਅਧਿਆਪਕ ਆਪਣੀ ਨੌਕਰੀ ਰੈਗੂਲਰ ਕਰਾਉਣ ਲਈ ਸੰਘਰਸ਼ ਕਰ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ, ਏਆਈਈ, ਈਜੀਐਸ, ਐਸਟੀਆਰ ਆਦਿ ਕੱਚੇ ਅਧਿਆਪਕਾਂ ਨੇ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਸਰਕਾਰੀ ਸਕੂਲਾਂ ਨੂੰ ਦਿੱਤਾ ਅਤੇ ਮਹਿਜ਼ 5 ਹਜ਼ਾਰ ਤੋਂ 10 ਹਜ਼ਾਰ ਤੱਕ ਤਨਖਾਹਾਂ ‘ਤੇ ਕੰਮ ਕੀਤਾ।

ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇੰਨ੍ਹਾਂ ਅਧਿਆਪਕਾਂ ਦੇ ਪੱਲ੍ਹੇ ਲਾਰੇ ਹੀ ਪਏ ਅਤੇ ਹੁਣ ਪੰਜਾਬ ਦੀ ਕੈਪਟਨ ਸਰਕਾਰ ਹੱਕੀ ਮੰਗ ਰੈਗੂਲਰ ਕਰਨਾ ਤਾਂ ਦੂਰ ਸਗੋਂ ਪਿਛਲੇ ਲੰਬੇ ਸਮੇਂ ਤੋਂ ਮੀਟਿੰਗ ਕਰਨ ਤੋਂ ਵੀ ਕੰਨੀ ਕਤਰਾਅ ਰਹੀ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਧਰਨੇ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ‘ਤੇ ਉਹ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨਗੇ ਕਿਉਂਕਿ ਇੰਨ੍ਹਾਂ ਅਧਿਆਪਕਾਂ ਦੀ ਤਨਖਾਹ ਉਨ੍ਹਾਂ ਦੇ ਆਪਣੇ ਮਾਲੀ ਦੀ ਤਨਖਾਹ ਨਾਲੋਂ ਘੱਟ ਹੈ।

ਮੀਤ ਹੇਅਰ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰੀ ਨੌਕਰੀਆਂ ਲੈਣ ਲਈ ਪਟਿਆਲਾ ਸ਼ਹਿਰ ਵਿਚ ਤਿੰਨ ਮਹੀਨਿਆਂ ਤੋਂ ਟਾਵਰ ’ਤੇ ਚੜੇ ਨੌਜਵਾਨ ਕਿਉਂ ਦਿਖਾਈ ਨਹੀਂ ਦਿੰਦੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਮੰਤਰੀਆਂ ਅਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਕੇ ਪੰਜਾਬ ਦੇ ਨੌਜਵਾਨਾਂ ਨਾਲ ਧਰੋਹ ਕਮਾਇਆ ਹੈ ਕਿਉਂਕਿ ਜੇਕਰ ਅਤਿਵਾਦ ਵਿੱਚ ਮਾਰੇ ਜਾਣਾ ਹੀ ਨੌਕਰੀ ਦਾ ਆਧਾਰ ਹੈ ਤਾਂ ਕੈਪਟਨ ਸਰਕਾਰ ਕਾਲੇ ਦੌਰ ਵਿੱਚ ਜਾਨਾਂ ਗਵਾਉਣ ਵਾਲੇ ਲੱਖਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਨੌਕਰੀ ਦੇਵੇ।

ਪ੍ਰੋ. ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ’ਚ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਅਧਿਆਪਕਾਂ ’ਤੇ ਅੱਤਿਆਚਾਰ ਹੀ ਕੀਤੇ ਹਨ। ਕਾਂਗਰਸ ਸਰਕਾਰ ਨੇ ਨਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਅਤੇ ਨਾ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਲਾਂ ਤੋਂ ਆਪਣੀ ਨੌਕਰੀ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ । ਪ੍ਰੋ. ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਅਤੇ ਕੱਚੀਆਂ ਨੌਕਰੀਆਂ ਕਰਦੇ ਅਧਿਆਪਕਾਂ ਸਮੇਤ ਸਮੂਹ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਾਅਦਿਆਂ ਤੋਂ ਮੁਕਰਨ ਦਾ ਹਿਸਾਬ ਜ਼ਰੂਰ ਲੈਣਗੇ ਅਤੇ ਸੱਤਾ ਤੋਂ ਬਾਹਰ ਕਰਕੇ ਕਰਾਰਾ ਜਵਾਬ ਦੇਣਗੇ।

ਇਸ ਸਮੇਂ ਦਵਿੰਦਰ ਸਿੰਘ ਬਦੇਸ਼ਾ, ਗੁਨਿਦਰਜੀਤ ਸਿੰਘ ਜਵੰਦਾ, ਗੁਰਦੀਪ ਬਾਠ, ਚੇਤਨ ਜੌੜਾਮਾਜਰਾ, ਜਸਵੀਰ ਕੁਦਨੀ, ਕੁਲਜਿੰਦਰ ਢੀਂਡਸਾ , ਮੇਘਰਾਜ ਪਟਿਆਲਾ, ਰਾਜਵੰਤ ਘੁੱਲੀ, ਜਤਿੰਦਰ ਭੱਲਾ, ਲਾਲਜੀਤ ਸਿੰਘ ਭੁੱਲਰ, ਜ਼ਮੀਲ ਉੱਲ ਰਹਿਮਾਨ, ਜੇ ਪੀ ਸਿੰਘ, ਕੁੰਦਨ ਗੋਗੀਆ, ਅਵਤਾਰ ਤਾਰੀ, ਰਾਜਿੰਦਰ ਗੋਗੀ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION