27.1 C
Delhi
Sunday, May 5, 2024
spot_img
spot_img

ਬੇਅਦਬੀ ਮਾਮਲਿਆਂ ‘ਤੇ ਬਹੁਤ ਜਲਦੀ ਮਿਲੇਗਾ ਇਨਸਾਫ਼: ਰਣਦੀਪ ਸਿੰਘ ਨਾਭਾ

ਯੈੱਸ ਪੰਜਾਬ
ਨਾਭਾ/ਭਾਦਸੋਂ, 3 ਅਕਤੂਬਰ, 2021:
ਪੰਜਾਬ ਦੇ ਖੇਤੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਤੇ ਬਹੁਤ ਜਲਦ ਨਿਆਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਈ ਜਾਵੇ, ਜਿਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਇੱਕ ਮਹੀਨੇ ਦੇ ਅੰਦਰ-ਅੰਦਰ ਹੋ ਜਾਣੀ ਹੈ।

ਕੈਬਨਿਟ ਮੰਤਰੀ ਬਨਣ ਮਗਰੋਂ ਨਾਭਾ ਦੀ ਆਪਣੀ ਪਲੇਠੀ ਫੇਰੀ ਮੌਕੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਨਾਭਾ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਅਮਲੋਹ ਉਨ੍ਹਾਂ ਦੀ ਕਰਮ ਭੂਮੀ ਅਤੇ ਉਥੋਂ ਦੇ ਲੋਕਾਂ ਦੇ ਪਿਆਰ, ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਅਸ਼ੀਰਵਾਦ ਦੀ ਬਦੌਲਤ ਅਤੇ ਉਨ੍ਹਾਂ ਦੇ ਪਿਤਾ ਸਵਰਗੀ ਸ. ਗੁਰਦਰਸ਼ਨ ਸਿੰਘ ਦੇ ਪ੍ਰਤਾਪ ਨਾਲ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਨਣ ਦਾ ਮਾਣ ਹਾਸਲ ਹੋਇਆ ਹੈ।

ਸ. ਰਣਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਆਖਿਆ ਕਿ ਰਾਜ ਦੇ ਉਪ ਮੁੱਖ ਮੰਤਰੀ, ਸ. ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਇਸ ਕੰਮ ‘ਚ ਲੱਗੇ ਹੋਏ ਹਨ ਅਤੇ ਉਹ ਵਿਸ਼ਵਾਸ਼ ਨਾਲ ਆਖਦੇ ਹਨ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਇਨਸਾਫ਼ ਜਰੂਰ ਮਿਲ ਜਾਵੇਗਾ।

ਸ. ਰਣਦੀਪ ਸਿੰਘ ਨੇ ਕਿਸਾਨੀ ਦੇ ਮੁੱਦੇ ‘ਤੇ ਆਖਿਆ ਕਿ ਸਰਕਾਰ ਵੱਲੋਂ ਬਹੁਤ ਜਲਦ ਖੇਤੀ ‘ਤੇ ਇੱਕ ‘ਪੰਜਾਬ ਦਾ ਵਿਜ਼ਨ ਡਾਕੂਮੈਂਟ’ ਤਿਆਰ ਕੀਤਾ ਜਾਵੇਗਾ ਤਾਂ ਕਿ ਕਾਲੇ ਕਾਨੂੰਨਾਂ ਦਾ ਸਾਹਮਣਾ ਕਰਕੇ ਸੰਘਰਸ਼ ਕਰ ਰਹੇ ਕਿਸਾਨ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਕੇ ਕਿਸਾਨਾਂ ਦੀ ਬਿਹਤਰੀ ਲਈ ਆਪਣੀ ਵਚਨਬੱਧਤਾ ਨਿਭਾ ਰਹੀ ਹੈ, ਇਸ ਲਈ ਕਿਸਾਨੀ ਨੂੰ ਪ੍ਰਫੁਲਤ ਕਰਨ ਲਈ ਕਿਸਾਨ ਬੋਰਡ ਗਠਿਤ ਕਰਕੇ ਕਿਸਾਨਾਂ ਨੂੰ ਨਾਲ ਲੈਕੇ ਉਨ੍ਹਾਂ ਦਾ ਵਿਸ਼ਵਾਸ਼ ਹਾਸਲ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕਿਸਾਨ ਸੰਘਰਸ਼ ਵਿੱਚ ਮ੍ਰਿਤਕ ਹੋਏ ਕਿਸਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਵਿੱਤੀ ਮਦਦ ਪ੍ਰਦਾਨ ਕਰਕੇ ਕਿਸਾਨਾਂ ਦੀ ਬਾਂਹ ਫੜੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਅੱਜ ਕਿਸਾਨ ਹੈ ਤਾਂ ਹੀ ਹਿੰਦੁਸਤਾਨ ਹੈ, ਇਸ ਲਈ ਕੇਂਦਰ ਨੂੰ ਤੁਰੰਤ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਨੀਵਾਂ ਦਿਖਾਉਣ ਲਈ ਹੀ ਝੋਨੇ ਦੀ ਖਰੀਦ 11 ਅਕਤੂਬਰ ‘ਤੇ ਪਾਈ ਸੀ ਪਰੰਤੂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਮੇਂ ‘ਤੇ ਇਸ ਮੁੱਦੇ ਨੂੰ ਉਠਾਇਆ ਅਤੇ ਇਹ ਮਸਲਾ ਹੱਲ ਹੋ ਗਿਆ ਹੈ।

ਸ. ਰਣਦੀਪ ਸਿੰਘ ਨੇ, ਪੱਤਰਕਾਰਾਂ ਵੱਲੋਂ, ਮੌਜੂਦਾ ਸਰਕਾਰ ਕੋਲ ਬਹੁਤ ਘੱਟ ਸਮਾਂ ਬਚਿਆ ਹੈ, ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕ੍ਰਿਕਟ ਖੇਡ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਜਿਸ ਤਰ੍ਹਾਂ ਕ੍ਰਿਕਟ ‘ਚ ਘੱਟ ਸਮਾਂ ਵੀ ਮੈਚ ਜਿਤਵਾ ਸਕਦਾ ਹੈ, ਉਸੇ ਤਰ੍ਹਾਂ ਹੀ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਪੂਰੀ ਤਰ੍ਹਾਂ ਖਰ੍ਹੀ ਉਤਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ 2022 ‘ਚ ਕਾਂਗਰਸ ਪਾਰਟੀ ਮੁੜ ਤੋਂ ਆਪਣੀ ਸਰਕਾਰ ਬਣਾਏਗੀ।

ਇਸ ਤੋਂ ਪਹਿਲਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਸ. ਰਣਦੀਪ ਸਿੰਘ ਨਾਭਾ ਦਾ ਸਵਾਗਤ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀਆਂ ਤਰਜੀਹਾਂ ਮੁਤਾਬਕ ਲੋਕਾਂ ਨੂੰ ਲੋਕ ਪੱਖੀ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਆਪਣੀ ਪਲੇਠੀ ਫੇਰੀ ਦੌਰਾਨ ਭਾਦਸੋਂ ਅਤੇ ਨਾਭਾ ਵਿਖੇ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਨਿਪਟਾਰਾ ਵੀ ਕੀਤਾ।

ਇਸ ਤੋਂ ਪਹਿਲਾਂ ਸ. ਰਣਦੀਪ ਸਿੰਘ ਨਾਭਾ ਨੇ ਆਪਣੇ ਸਵਰਗੀ ਪਿਤਾ ਤੇ ਸਾਬਕਾ ਮੰਤਰੀ ਸ. ਗੁਰਦਰਸ਼ਨ ਸਿੰਘ ਦੀ ਨਾਭਾ-ਪਟਿਆਲਾ ਬਾਈਪਾਸ ਨੇੜੇ ਸਥਿਤ ਯਾਦਗਾਰ ਵਿਖੇ ਨਤਮਸਤਕ ਹੋ ਕੇ ਪੰਜਾਬ ਦੇ ਲੋਕਾਂ ਦੀ ਨਿਰੰਤਰ ਨਿਰਸਵਾਰਥ ਸੇਵਾ ਕਰਨ ਦਾ ਪ੍ਰਣ ਕੀਤਾ।

ਕੈਬਨਿਟ ਮੰਤਰੀ ਨੇ ਨਾਭਾ ਤੇ ਅਮਲੋਹ ਹਲਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਲੋਕਾਂ ਦਾ ਖਾਸ ਧੰਨਵਾਦ ਕਰਦੇ ਹੋਏ ਆਪਣਾ ਅਹੁਦਾ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨਾਭਾ ਸ਼ਹਿਰ ਦੀ ਬਦੌਲਤ ਉਨ੍ਹਾਂ ਦੀ ਪਛਾਣ ਹੈ ਇਸ ਲਈ ਉਹ ਨਾਭਾ ਅਤੇ ਅਮਲੋਹ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਨਾਭਾ ਹਲਕੇ ‘ਚ ਸ਼ਨੀਵਾਰ ਤੇ ਐਤਵਾਰ ਨੂੰ ਉਹ ਨਾਭਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ ਕਰਨਗੇ ਅਤੇ ਜੇਕਰ ਕੋਈ ਕਮੀ ਰਹੀ ਹੈ, ਉਹ ਹਰ ਹਾਲ ਦੂਰ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਸ. ਰਣਦੀਪ ਸਿੰਘ ਨਾਭਾ ਦੀ ਨਾਭਾ ਵਿਖੇ ਪਲੇਠੀ ਫੇਰੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਭੇਟ ਕੀਤਾ ਗਿਆ। ਕੈਬਨਿਟ ਮੰਤਰੀ ਬਨਣ ਮਗਰੋਂ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਨਾਭਾ ਵਿਖੇ ਪੁੱਜੇ ਸ. ਰਣਦੀਪ ਸਿੰਘ ਨਾਭਾ ਦਾ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ, ਸ਼ਹਿਰ ਵਿੱਚ ਥਾਂ-ਥਾਂ ਉਪਰ ਸਵਾਗਤੀ ਗੇਟ ਬਣਾਕੇ ਕੈਬਨਿਟ ਮੰਤਰੀ ਦੀ ਆਮਦ ਮੌਕੇ ਲੋਕਾਂ ਨੇ ਜੀ ਆਇਆ ਆਖਿਆ ਅਤੇ ਵੱਡੀ ਗਿਣਤੀ ਲੋਕਾਂ ਨੇ ਉਤਸ਼ਾਹ ਨਾਲ ਉਨ੍ਹਾਂ ਦਾ ਸਨਮਾਨ ਵੀ ਕੀਤਾ।

ਇਸ ਮੌਕੇ ਐਸ.ਡੀ.ਐਮ ਨਾਭਾ ਕੰਨੂ ਗਰਗ, ਡੀ.ਐਸ.ਪੀ. ਰਜੇਸ਼ ਛਿੱਬੜ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਪੀ.ਏ. ਰਾਮ ਕ੍ਰਿਸ਼ਨ ਭੱਲਾ, ਓ.ਐਸ.ਡੀ. ਸੁਭਾਸ਼ ਸ਼ਾਹੀ, ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ, ਹਰਦੇਵ ਸਿੰਘ ਸਾਧੋਹੇੜੀ, ਹਰਦੇਵ ਸਿੰਘ ਸਰਾਓ, ਬਿਕਰਮਜੀਤ ਸਿੰਘ ਵਿੱਕੀ, ਮੇਜਰ ਸਿੰਘ ਬਨੇਰਾ, ਬਲਜੀਤ ਸਿੰਘ ਬੱਲੀ, ਕਰਮਜੀਤ ਸਿੰਘ, ਭਾਦਸੋਂ ਵਿਖੇ ਸੂਰਜ ਭਾਨ ਸਿੰਗਲਾ, ਅਸ਼ੀਸ਼ ਸਿੰਗਲਾ, ਭਗਵੰਤ ਸਿੰਘ ਮਣਕੂ, ਜਸਵਿੰਦਰ ਕੌਰ ਭੁੱਲਰ, ਅਜਮੀਲ ਖ਼ਾਨ, ਸੁਖਜੀਵਨ ਭੋਲਾ ਸਮੇਤ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਵਰਕਰ, ਆਗੂ ਅਤੇ ਸਥਾਨਕ ਸ਼ਹਿਰੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION