ਯੈੱਸ ਪੰਜਾਬ
ਚੰਡੀਗੜ੍ਹ, 2 ਜੁਲਾਈ, 2021:
ਪੰਜਾਬ ਲਲਿਤ ਕਲਾ ਅਕਾਦਮੀ ਦੀ ਜਨਰਲ ਕੌਂਸਲ ਦੀ ਮੀਟਿੰਗ ਅੱਜ ਮਿਤੀ ੧ ਜੁਲਾਈ ੨੦੨੧ ਨੂੰ ਪੰਜਾਬ ਕਲਾ ਭਵਨ ਵਿਖੇ ਅਕਾਦਮੀ ਦੇ ਪ੍ਰਧਾਨ ਅਤੇ ਉੱਘੇ ਕਲਾਕਾਰ ਸ੍ਰੀ ਦੀਵਾਨ ਮਾਨਾ ਦੀ ਪ੍ਰਧਾਨਗੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਦੀ ਹਾਜ਼ਰੀ ਵਿਚ ਹੋਈ|
ਇਸ ਮੀਟਿੰਗ ਵਿਚ ਨਾਮੀ ਸ਼ਿਲਪਕਾਰ ਸ੍ਰੀਮਤੀ ਜੋਯਾ ਰਿਖੀ ਸ਼ਰਮਾ ਨੂੰ ਅਕਾਦਮੀ ਦੇ ਮੀਤ ਪ੍ਰਧਾਨ ਦੇ ਅਹੁਦੇ ਲਈ ਅਤੇ ਜਾਣੇ ਪਛਾਣੇ ਚਿੱਤਰਕਾਰ ਸ੍ਰੀ ਮਦਨ ਲਾਲ ਨੂੰ ਸਕੱਤਰ ਲਈ ਸਰਬਸੰਮਤੀ ਨਾਲ ਚੁਣਿਆ ਗਿਆ|
ਇਸੇ ਮੀਟਿੰਗ ਵਿਚ ਅਕਾਦਮੀ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ. ਇਸ ਤੋਂ ਪਹਿਲਾ ਪੰਜਾਬ ਕਲਾ ਪਰਿਸ਼ਦ ਦੇ ਗਠਨ ਲਈ ਪੰਜਾਬ ਸਾਬਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਦੀ ਪ੍ਰਧਾਨਗੀ ਵਿਚ ੨੭ ਅਪ੍ਰੈਲ ਨੂੰ ਹੋਈ ਮੀਟਿੰਗ ਵਿਚ ਪੰਜਾਬ ਕਲਾ ਪਰਿਸ਼ਦ ਦਾ ਗਠਨ ਕਰਨ ਦੇ ਨਾਲ ਨਾਲ ਪਰਿਸ਼ਦ ਦੇ ਅਹੁਦੇਦਾਰਾਂ ਅਤੇ ਤਿੰਨੇ ਅਕਾਦਮੀਆਂ ਦੇ ਪ੍ਰਧਾਨਾਂ ਦੀ ਨਾਮਜ਼ਦਗੀ ਕਰਦੇ ਸਮੇਂ ਸ੍ਰੀ ਦੀਵਾਨ ਮਾਨਾ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਨਾਮੀ ਗ੍ਰਾਮੀ ਕਵੀ ਡਾ. ਸੁਰਜੀਤ ਪਾਤਰ ਨੂੰ ਪਰਿਸ਼ਦ ਦੇ ਚੈਅਰਮੈਨ, ਡਾ. ਲਖਵਿੰਦਰ ਜੌਹਲ ਨੂੰ ਸਕੱਤਰ ਅਤੇ ਡਾ. ਯੋਗਰਾਜ ਨੂੰ ਉਪ ਚੇਅਰਮੈਨ ਬਣਾਇਆ ਗਿਆ ਸੀ|
ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਸਮੇਤ ਸ੍ਰੀ ਬੀਬਾ ਬਲਵੰਤ, ਡਾ. ਸੁਭਾਸ਼ ਪਰਿਹਾਰ, ਸ੍ਰੀਮਤੀ ਨੋਨਿਕਾ ਸਿੰਘ, ਡਾ. ਜਸਪਾਲ ਐੱਸ, ਸ੍ਰੀ ਸਵਰਨਜੀਤ ਸਵੀ, ਸ੍ਰੀ ਸਿਧਾਰਥ ਵਿੱਗ, ਸ੍ਰੀਮਤੀ ਰਿਤੂ ਬਾਂਸਲ ਅਤੇ ਸ੍ਰੀ ਪੰਕਜ ਸ਼ਰਮਾ ਪੰਜਾਬ ਲਲਿਤ ਕਲਾ ਅਕਾਦਮੀ ਦੀ ਜਨਰਲ ਕੌਂਸਲ ਦੇ ਮੈਂਬਰ ਹੋਣਗੇ . ਅਕਾਦਮੀ ਦੇ ਮੈਂਬਰ ਅਤੇ ਅਹੁਦੇਦਾਰਾਂ ਨੂੰ ਅਕਾਦਮੀ ਦੇ ਸੰਵਿਧਾਨ ਅਨੁਸਾਰ ਤਿੰਨ ਸਾਲ ਲਈ ਅਕਾਦਮੀ ਦਾ ਕਾਰਜਕਾਲ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ|
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ