27.1 C
Delhi
Saturday, May 11, 2024
spot_img
spot_img

ਪੰਜਾਬ ’ਚ 3 ਦਿਨਾ ‘ਖ਼ੇਤੀ ਬਚਾਓ ਯਾਤਰਾ’ ਸਮਾਪਤ: ਰਾਹੁਲ ਤੇ ਕੈਪਟਨ ਨੇ ਕਿਹਾ, ਕਿਸਾਨਾਂ ਦੇ ਸਮਰਥਨ ਤੋਂ ਪਿੱਛੇ ਨਹੀਂ ਹਟਾਂਗੇ

ਫਰਾਂਸਵਾਲਾ (ਪਟਿਆਲਾ), 6 ਅਕਤੂਬਰ, 2020 –
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਿੰਨ ਦਿਨਾ ‘ਖੇਤੀ ਬਚਾਓ ਯਾਤਰਾ’ ਅੱਜ ਹਰਿਆਣਾ ਦੇ ਬਾਰਡਰ ‘ਤੇ ਸਮਾਪਤ ਹੋਈ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਇਹ ਅਹਿਦ ਲਿਆ ਕਿ ਕੇਂਦਰ ਸਰਕਾਰ ਦੇ ਘਾਤਕ ਖੇਤੀ ਕਾਨੂੰਨਾਂ ਨਾਲ ਅਸਰਅੰਦਾਜ਼ ਹੋਣ ਵਾਲੇ ਲੋਕਾਂ ਦੀ ਹਮਾਇਤ ਵਿੱਚ ਆਪਣੇ ਸਿਧਾਂਤਕ ਸਟੈਂਡ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ।

ਪਟਿਆਲਾ ਜ਼ਿਲ੍ਹੇ ਵਿੱਚ ਸਨੌਰ ਨੇੜੇ ਪਿੰਡ ਫਰਾਂਸਵਾਲਾ ਜੋ ਟਰੈਕਟਰ ਰੈਲੀ ਦਾ ਅਖੀਰਲਾ ਸਥਾਨ ਸੀ, ਵਿਖੇ ਜਨਤਕ ਰੈਲੀ ਦੌਰਾਨ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਛੇ ਸਾਲਾਂ ਵਿੱਚ ਲੋਕਾਂ ਉਪਰ ਜ਼ੁਲਮ ਦਰ-ਜ਼ੁਲਮ ਢਾਹੁਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕੀਤੀ।

ਛੋਟੇ ਵਪਾਰੀਆਂ, ਕਿਸਾਨਾਂ, ਆੜ੍ਹਤੀਆਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤ ਦਾਅ ‘ਤੇ ਲਾ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪਾਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਗਰੀਬ ਹੋਰ ਗਰੀਬ ਹੋ ਰਿਹਾ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ।

ਰਾਹੁਲ ਗਾਂਧੀ ਨੇ ਕਿਹਾ,”ਕਿਸਾਨ ਇਨ੍ਹਾਂ ਅਨਿਆਂਕਾਰੀ ਅਤੇ ਜ਼ਾਲਮਾਨਾ ਕਾਨੂੰਨਾਂ ਅੱਗੇ ਝੁਕਣ ਦੀ ਬਜਾਏ ਜਾਨ ਦੇ ਦੇਣਗੇ।” ਉਨ੍ਹਾਂ ਕਿਹਾ ਕਿ ਮੰਡੀ ਅਤੇ ਖਰੀਦ ਪ੍ਰਣਾਲੀ, ਜਿਸ ਨੂੰ ਖੇਤੀ ਕਾਨੂੰਨ ਬਰਬਾਦ ਕਰ ਦੇਣਗੇ, ਕਿਸਾਨ ਭਾਈਚਾਰੇ ਦੀ ਸੁਰੱਖਿਆ ਢਾਲ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਅੰਬਾਨੀ ਅਤੇ ਅਡਾਨੀ ਦੇ ਹੱਥਾਂ ਵਿੱਚ ਬੰਧੂਆਂ ਮਜ਼ਦੂਰਾਂ ਬਣਾ ਕੇ ਰੱਖ ਦੇਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਤਾਂ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ।


ਇਸ ਨੂੰ ਵੀ ਪੜ੍ਹੋ:
ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ


ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਇਕੱਲੇ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਕ ਵਾਰ ਇਹ ਕਾਨੂੰਨ ਲਾਗੂ ਕਰ ਦਿੱਤੇ ਗਏ ਤਾਂ ਕਿਸਾਨ ਮਦਦ ਲਈ ਪ੍ਰਸ਼ਾਸਨ ਕੋਲ ਗੁਹਾਰ ਲਾਉਣ ਜੋਗੇ ਵੀ ਨਹੀਂ ਰਹਿਣਗੇ। ਉਨ੍ਹਾਂ ਕਿਹਾ,”ਕੀ ਤਹਾਨੂੰ ਅਜਿਹੇ ਸਿਸਟਮ ਦੀ ਲੋੜ ਹੈ ਜਿੱਥੇ ਸ਼ਾਪਿੰਗ ਮਾਲ ਉਸਾਰੇ ਜਾਣ ਜਦਕਿ ਕਿਸਾਨ ਭੁੱਖ ਨਾਲ ਮਰਦਾ ਹੋਵੇ?” ਉਨ੍ਹਾਂ ਕਿਹਾ ਕਿ ਉਹ ਅਜਿਹਾ ਵਾਪਰਨ ਨਹੀਂ ਦੇਣਗੇ।

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਕਾਲਾ ਅਤੇ ਸਨੌਰ ਦੇ ਇਲਾਕੇ ਹਮੇਸ਼ਾ ਹੀ ਉਨ੍ਹਾਂ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਨਾਲ ਖੜ੍ਹਦੇ ਆਏ ਹਨ ਅਤੇ ਹੁਣ ਵੀ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਇਨ੍ਹਾਂ ਇਲਾਕਿਆਂ ਦੇ ਲੋਕ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਮੁਲਕ ਦੇ ਕਿਸਾਨ ਮੋਦੀ ਸ਼ਾਸਨ ਖਿਲਾਫ ਉਠ ਖੜ੍ਹੇ ਹਨ ਅਤੇ ਉਨ੍ਹਾਂ ਨੇ ਸਾਵਧਾਨ ਕੀਤਾ, ”ਅਗਲੀਆਂ ਚੋਣਾਂ ਵਿੱਚ ਇਹ ਜ਼ਾਲਮ ਹੂੰਝ ਕੇ ਰੱਖ ਦਿੱਤੇ ਜਾਣਗੇ।” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਉਜਾੜਨ ‘ਤੇ ਪੱਬਾਂ ਭਾਰ ਹੋਈ ਪਈ ਹੈ ਜਿਨ੍ਹਾਂ ਨੇ ਸਾਲਾਂ ਤੋਂ ਮੁਲਕ ਨੂੰ ਅਨਾਜ ਪੈਦਾ ਕਰਕੇ ਦਿੱਤਾ ਅਤੇ ਇੱਥੋਂ ਤੱਕ ਕਿ ਕੋਵਿਡ ਦੇ ਸੰਕਟ ਸਮੇਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਪਿੱਛੇ ਨਹੀਂ ਹਟੇ। ਇਹੀ ਨਹੀਂ, ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ, ਐਫ.ਸੀ.ਆਈ., ਮੰਡੀਆਂ ਅਤੇ ਆੜ੍ਹਤੀਆਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੈਪਟਨ ਅਮਰਿੰਦਰ ਨੇ ਪੁੱਛਿਆ, “ਜੇਕਰ ਕਿਸਾਨ ਇਨ੍ਹਾਂ ਕਾਨੂੰਨਾਂ ਤੋਂ ਸੱਚਮੁੱਚ ਖੁਸ਼ ਹਨ, ਜਿਵੇਂ ਕਿ ਮੋਦੀ ਸਰਕਾਰ ਦਾਅਵਾ ਕਰਦੀ ਹੈ, ਤਾਂ ਉਹ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਿਉਂ ਕਰ ਰਹੇ ਹਨ?” ਉਹਨਾਂ ਅੱਗੇ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਹਨਾਂ ਵਿਰੁੱਧ ਪੰਜਾਬ ਦੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਆਪਣਾ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਇਹ ਜੰਗ ‘ਰੋਟੀ’ ਲਈ ਹੈ ਕਿਉਂ ਜੋ ਦੇਸ਼ ਦੀ 65 ਫੀਸਦੀ ਆਬਾਦੀ ਖੇਤੀਬਾੜੀ ‘ਤੇ ਨਿਰਭਰ ਹੈ।

ਏ.ਆਈ.ਸੀ.ਸੀ ਦੇ ਜਨਰਲ ਸੱਕਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਸ ਮੁਸ਼ਕਲ ਘੜੀ ਵਿਚ ਪੰਜਾਬ ਆ ਕੇ ਕਿਸਾਨਾਂ ਦਾ ਸਮਰਥਨ ਕਰਨ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਮੋਦੀ ਦੀ ਬਰਾਬਰੀ ਬ੍ਰਿਟਿਸ਼ ਸ਼ਾਸਨ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦੇ ਅੱਤਿਆਚਾਰ ਗਾਂਧੀ ਪਰਿਵਾਰ ਦੀ ਭਾਵਨਾ ਅਤੇ ਆਤਮਵਿਸ਼ਵਾਸ ਨੂੰ ਢਾਹ ਲਾਉਣ ਵਿੱਚ ਅਸਫਲ ਰਹੇ ਸਨ, ਉਸੇ ਤਰ੍ਹਾਂ ਮੋਦੀ ਵੀ ਅਜਿਹਾ ਨਹੀਂ ਕਰ ਸਕੇਗਾ। ਰਾਹੁਲ ਗਾਂਧੀ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਉਹਨਾਂ ਕਿਹਾ ਕਿ ਸਿਰਫ ਉਹ ਹੀ ਮੋਦੀ ਸਰਕਾਰ ਨੂੰ ਢੁੱਕਵਾਂ ਜਵਾਬ ਦੇ ਸਕਦੇ ਹਨ।

ਕਿਸਾਨਾਂ ਦੀ ਇਸ ਜੰਗ ਵਿਚ ਉਹਨਾਂ ਨਾਲ ਖੜ੍ਹੇ ਹੋਣ ਦਾ ਵਾਅਦਾ ਕਰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਲੜਾਈ ਲੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਹੀ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦਾ ਪੱਖ ਪੂਰਿਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਦਿਨ ਕਿਸਾਨਾਂ ਦੀ ਤਕਦੀਰ ਕਾਰਪੋਰੇਟ ਦੈਂਤਾਂ ਦੇ ਹੱਥ ਆ ਗਈ ਤਾਂ ਪੀਡੀਐਸ ਸਿਸਟਮ ਅਤੇ ਮੰਡੀ ਪ੍ਰਣਾਲੀ ਖਤਮ ਹੋ ਜਾਵੇਗੀ ਜਿਸ ਨਾਲ ਕਿਸਾਨੀ ਭਾਈਚਾਰੇ ਅਤੇ ਗਰੀਬਾਂ ‘ਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ। ਸ੍ਰੀ ਜਾਖੜ ਨੇ ਮੋਦੀ ਦੇ ਏਜੰਟ ਅਕਾਲੀਆਂ ‘ਤੇ ਵਰ੍ਹਦਿਆਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਨੂੰ ਦਿਹਾੜੀਦਾਰ ਬਣਾ ਦੇਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸੰਸਦ ਮੈਂਬਰ ਮਨੀਸ਼ ਤਿਵਾੜੀ, ਜਸਬੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ, ਮੁਹੰਮਦ ਸਦੀਕ ਅਤੇ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਦੇ ਨਾਲ ਨਾਲ ਸਨੌਰ ਹਲਕਾ ਇੰਚਾਰਜ ਹਰਿੰਦਰ ਸਿੰਘ ਹੈਰੀ ਮਾਨ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ, ਡਾ. ਰਾਜ ਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਨਵਤੇਜ ਸਿੰਘ ਚੀਮਾ, ਗੁਰਪ੍ਰੀਤ ਸਿੰਘ ਜੀ.ਪੀ. , ਲਖਵੀਰ ਸਿੰਘ ਲੱਖਾ ਅਤੇ ਸੁਖਪਾਲ ਸਿੰਘ ਭੁੱਲਰ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਕੈਪਟਨ ਸੰਦੀਪ ਸੰਧੂ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਅਤੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਮੌਜੂਦ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION