ਯੈੱਸ ਪੰਜਾਬ
ਚੰਡੀਗੜ੍ਹ, 15 ਅਕਤੂਬਰ, 2020:
ਪੰਜਾਬ ਵਿੱਚ ਵੱਡੀ ਸਕਰੀਨ ’ਤੇ ਫ਼ਿਲਮਾਂ ਵੇਖ਼ਣ ਦੇ ਸ਼ੁਕੀਨ ਸਿਨੇਮਾ ਪ੍ਰੇਮੀਆਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।
ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਸੂਬੇ ਵਿੱਚ ਮਲਟੀਪਲੈਕਸ, ਸਿਨੇਮਾ ਹਾਲ ਅਤੇ ਐਂਟਰਟੇਨਮੈਂਟ ਪਾਰਕਸ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਅੱਜ ਇਕ ਟਵੀਟ ਦੇ ਜ਼ਰੀਏ ਦਿੱਤੀ ਹੈ।
ਉਹਨਾਂ ਦੱਸਿਆ ਕਿ ਰਾਮ ਲੀਲਾ ਦੇ ਆਯੋਜਨ ਨੂੰ ਪ੍ਰਵਾਨਗੀ ਦਿੱਤੀ ਗਈ।
ਯਾਦ ਰਹੇ ਕਿ ਦੇਸ਼ ਦੇ ਬਾਕੀ ਸੂਬਿਆਂ ਵਾਂਗ ਪੰਜਾਬ ਦੇ ਸਿਨੇਮਾ ਹਾਲ ਅਤੇ ਮਲਟੀਪਲੈਕਸ ਵੀ ਮਾਰਚ ਦੇ ਅਖ਼ੀਰ ਵਿੱਚ ਸ਼ੁਰੂ ਹੋਏ ਲਾਕਡਾਊਨ ਦੇ ਸਮੇਂ ਤੋਂ ਹੀ ਬੰਦ ਚੱਲ ਆ ਰਹੇ ਹਨ।
ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ 15 ਅਕਤੂਬਰ ਤੋਂ ਸਿਨੇਮਾ ਹਾਲ ਅਤੇ ਮਲਟੀਪਲੈਕਸ 50 ਪ੍ਰਤੀਸ਼ਤ ਹਾਜ਼ਰੀ ਨਾਲ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੀ ਹੈ ਹਾਲਾਂਕਿ ਕੰਟੇਨਮੈਂਟ ਜ਼ੋਨਾਂ ਵਿੱਚ ਇਹ ਬੰਦ ਹੀ ਰਹਿਣਗੇ। ਇਸ ਬਾਰੇ ਸੂਬਾ ਪੱਧਰ ’ਤੇ ਪੰਜਾਬ ਸਰਕਾਰ ਨੇ ਆਪਣੇ ਤੌਰ ’ਤੇ ਫ਼ੈਸਲਾ ਲਿਆ ਹੈ।