40.1 C
Delhi
Thursday, May 23, 2024
spot_img
spot_img
spot_img

ਪਾਕਿਸਤਾਨੀ ਸ਼ਾਇਰਾ ਬੁਸ਼ਰਾ ਨਾਜ਼ ਦਾ ਲਾਹੌਰ ਵਿੱਚ ਫੁਲਕਾਰੀ ਸਨਮਾਨ

ਯੈੱਸ ਪੰਜਾਬ
ਲੁਧਿਆਣਾ, 28 ਮਾਰਚ, 2022:
ਪਾਕਿਸਤਾਨ ਦੇ ਸ਼ਹਿਰ ਵੱਸਦੀ ਸ਼ਾਇਰਾ ਬੁਸ਼ਰਾ ਨਾਜ਼ ਦਾ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਮੌਕੇ ਇੱਕ ਸ਼ਾਮ ਗੈਰ ਰਸਮੀ ਤੌਰ ਤੇ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਫੁਲਕਾਰੀ ਭੇਂਟ ਕਰਕੇ ਗੁਰਭਜਨ ਗਿੱਲ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਗੁਰਤੇਜ ਕੋਹਾਰਵਾਲਾ,ਡਾਃ ਭਾਰਤਬੀਰ ਕੌਰ, ਅਫ਼ਜ਼ਲ ਸਾਹਿਰ,ਡਾਃ ਸੁਲਤਾਨਾ ਬੇਗਮ, ਸਹਿਜਪ੍ਰੀਤ ਸਿੰਘ ਮਾਂਗਟ ਤੇ ਅਜ਼ੀਮ ਸ਼ੇਖ਼ਰ ਨੇ ਸਨਮਾਨਿਤ ਕੀਤਾ।

ਬੁਸ਼ਰਾ ਸਰਲ ਪੰਜਾਬੀ ਚ ਲਿਖਣ ਵਾਲੀ ਪੰਜਾਬੀ ਸ਼ਾਇਰਾ ਹੈ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਹਨ।
ਬੁਸ਼ਰਾ ਨਾਜ਼ ਬਾਰੇ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਚ 10 ਜੁਲਾਈ 1973 ਨੂੰ ਹਮੀਦਾ ਬੀਬੀ ਦੀ ਕੁਖੋਂ ਜਨਾਬ ਅਬਦੁਰ ਰਹਿਮਾਨ ਦੇ ਘਰ ਜਨਮੀ , ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ।

ਪੰਜਾਬ ਕਾਲਿਜ ਆਫ਼ ਕਾਮਰਸ ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਬਦੇਸ਼ਾਂ ਚ ਵੀ ਨਾਮਣਾ ਖੱਟ ਚੁਕੀ ਹੈ।
ਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ , ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। ਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ।

ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਕੋਆਰਡੀਨੇਟਰ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਬੁਸ਼ਰਾ ਨਾਜ਼ ਦੀਆਂ ਪੰਜਾਬੀ ਵਿੱਚ ਸ਼ਾਇਰੀ ਦੀਆਂ ਦੋ ਕਿਤਾਬਾਂ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁਕੀਆਂ ਨੇ। ਉਨ੍ਹਾਂ ਕਿਹਾ ਕਿ ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਕਵਿਤਾ ਸੰਗ੍ਰਹਿ ਇਲਹਾਮ ਛਪ ਚੁਕਾ ਹੈ।

ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ। ਇਸ ਸਾਲ 2022 ਵਿੱਚ ਉਸ ਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਣ ਲਈ ਤਿਆਰ ਨੇ। ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ।
ਬੁਸ਼ਰਾ ਨਾਜ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਪੂਰਾ ਪਰਿਵਾਰ ਪੰਜਾਬੀ ਲੇਖਕਾਂ ਨੂੰ ਮਿਲਣ ਲਈ ਲਾਇਲਪੁਰੋਂ ਚੱਲ ਕੇ ਆਇਆ ਹੈ।

ਉਸ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਆਪਣੇ ਘਰਾਂ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ।

ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਉਨ੍ਹਾਂ ਦੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ। ਬੁਸ਼ਰਾ ਨਾਜ਼ ਨੇ ਕਿਹਾ ਕਿ ਹੁਣ ਉਹ ਗੁਰਮੁਖੀ ਅੱਖਰ ਗਿਆਨ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰੇਗੀ ਤਾਂ ਜੋ ਰਾਵੀ ਪਾਰਲੇ ਪੰਜਾਬੀ ਅਦਬ ਨਾਲ ਸਾਂਝ ਪਾ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION