31.7 C
Delhi
Monday, May 6, 2024
spot_img
spot_img

ਪਹਿਲਾਂ ਤੋਲੋ, ਫੇਰ ਬੋਲੋ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਨਸੀਹਤ

ਯੈੱਸ ਪੰਜਾਬ
ਚੰਡੀਗੜ੍ਹ, 26 ਅਪਰੈਲ, 2022 –
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਵਰ੍ਹਦਿਆਂ ਉਨ੍ਹਾਂ ਨੂੰ ‘ਆਪ’ ਸਰਕਾਰ ਵੱਲੋਂ ਹਾਲ ਹੀ ਵਿਚ ਲਏ ਇਤਿਹਾਸਕ ਫੈਸਲਿਆਂ ਦੀ ਆਲੋਚਨਾ ਕਰਨ ਲਈ ਬੇਬੁਨਿਆਦ, ਤਰਕਹੀਣ, ਫਜ਼ੂਲ ਅਤੇ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਲਈ ਕਿਹਾ।

ਇੱਕ ਵੀਡੀਓ ਸੰਦੇਸ਼ ਵਿੱਚ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਦਿੱਲੀ ਮਾਡਲ ‘ਤੇ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਦੀ ਸਰਕਾਰ ਦੀਆਂ ਹਾਲੀਆ ਪਹਿਲਕਦਮੀਆਂ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਫਟਕਾਰ ਲਾਈ। ਸੁਖਬੀਰ ਬਾਦਲ ਨੂੰ ਨਸੀਹਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਉਸਾਰੂ ਆਲੋਚਨਾ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ ਪਰ ਸਿਰਫ਼ ਆਲੋਚਨਾ ਅਤੇ ਸਿਆਸੀ ਹੋਂਦ ਬਚਾਉਣ ਲਈ ਆਲੋਚਨਾ ਕਰਨਾ ਬਹੁਤ ਹੀ ਨਿੰਦਣਯੋਗ ਹੈ।”

ਅਕਾਲੀ ਦਲ ਦੀ ਦਿਨੋ-ਦਿਨ ਵਧ ਰਹੀ ਬੁਖਲਾਹਟ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਉਸਾਰੂ ਸਿਆਸੀ ਏਜੰਡੇ ਤੋਂ ਪੂਰੀ ਤਰ੍ਹਾਂ ਸੱਖਣੀ ਹੈ ਅਤੇ ‘ਆਪ’ ਦੇ ਅਕਸ ਨੂੰ ਢਾਹ ਲਾਉਣ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਸੱਤਾ ‘ਚ ਲਿਆਂਦਾ ਗਿਆ ਸੀ ਜਦਕਿ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦਾ ਹੀ ਸਫਾਇਆ ਹੋਇਆ ਸੀ।

ਭਗਵੰਤ ਮਾਨ ਨੇ ਅਫਸੋਸ ਜ਼ਾਹਰ ਕੀਤਾ ਕਿ ਅਕਾਲੀ ਦਲ, ਦਿੱਲੀ ਸਰਕਾਰ ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ‘ਨਾਲੇਜ ਸ਼ੇਅਰਿੰਗ ਐਗਰੀਮੈਂਟ’ (ਕੇਐਸਏ) ਨੂੰ ਲੈ ਕੇ ਬੇਲੋੜਾ ਰੌਲਾ-ਰੱਪਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 44 ਸਾਲਾਂ ਤੱਕ ਪੰਜਾਬ ‘ਤੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਖੁਸ਼ਹਾਲੀ ਲਈ ਕੋਈ ਠੋਸ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਇੰਨੀ ਵੱਡੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਘੱਟੋ ਘੱਟ ਕੁਝ ਸਮਾਂ ਸਬਰ ਕਰਨਾ ਚਾਹੀਦਾ ਹੈ ਕਿਉਂਕਿ ‘ਆਪ’ ਸਰਕਾਰ ਨੇ ਆਪਣੇ 44 ਦਿਨ ਵੀ ਪੂਰੇ ਨਹੀਂ ਕੀਤੇ ਹਨ ਜਦੋਂ ਕਿ ਕਾਂਗਰਸ 25 ਸਾਲ ਤੋਂ ਵੱਧ ਸਮਾਂ ਸੱਤਾ ਵਿੱਚ ਰਹੀ ਅਤੇ ਅਕਾਲੀ ਦਲ ਨੇ 19 ਸਾਲ ਰਾਜ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚਲਾਉਣ ਦੇ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਮੂਰਖ ਬਣਾਉਣ ਤੋਂ ਇਲਾਵਾ ਕੇ.ਐਸ.ਏ. ਬਾਰੇ ਝੂਠੇ ਦਸਤਾਵੇਜ਼ਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਝੋਨੇ ਦੀ ਪਰਾਲੀ ਤੋਂ ਬਿਜਲੀ ਦਾ ਉਤਪਾਦਨ ਕਰਨ ਲਈ ਸਹਿਯੋਗ ਵਾਸਤੇ ਚੀਨ ਗਏ ਸਨ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕੈਨੇਡਾ ਦੇ ਓਨਟਾਰੀਓ ਸੂਬੇ ਨਾਲ ਵੱਖ-ਵੱਖ ਖੇਤਰਾਂ ਵਿੱਚ ਕਈ ਸਮਝੌਤੇ ਕੀਤੇ ਸਨ। ਉਨ੍ਹਾਂ ਨੇ ਸੁਖਬੀਰ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਸਰਕਾਰ ਚੀਨ ਸਰਕਾਰ ਦੁਆਰਾ ਚਲਾਈ ਜਾਂਦੀ ਹੈ ਜਾਂ ਓਨਟਾਰੀਓ ਸੂਬੇ ਦੀ ਸਰਕਾਰ ਵੱਲੋਂ।

ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿਆਸੀ ਸ਼ਹਿ ਲਈ ਬੇਬੁਨਿਆਦ ਦੋਸ਼ ਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਉਹ ਵੇਲਾ ਯਾਦ ਦਿਵਾਇਆ ਜਦੋਂ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਆਪਣੇ ਵਿਦੇਸ਼ੀ ਮਹਿਮਾਨ ਦੇ ਕਹਿਣ ‘ਤੇ ਮੁੱਖ ਸਕੱਤਰ, ਡੀਜੀਪੀ ਵਰਗੇ ਸਿਖਰਲੇ ਅਧਿਕਾਰੀਆਂ ਅਤੇ ਉੱਚ ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਤਬਾਦਲਿਆਂ ਦੇ ਹੁਕਮ ਦੇ ਰਹੇ ਸਨ। ਮੁੱਖ ਮੰਤਰੀ ਨੇ ਬਾਜਵਾ ਨੂੰ ਯਾਦ ਦਿਵਾਇਆ, “ਤੁਸੀਂ ਉਸ ਸਮੇਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਤਾਨਾਸ਼ਾਹੀ ਕਾਰਜਸ਼ੈਲੀ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਪੱਤਰ ਲਿਖ ਰਹੇ ਸੀ ਪਰ ਬਾਅਦ ਵਿਚ ਤਹਾਨੂੰ ਵੀ ਉਨ੍ਹਾਂ ਨਾਲ ਦੁਪਹਿਰ ਅਤੇ ਰਾਤ ਦਾ ਖਾਣਾ ਖਾਂਦੇ ਦੇਖਿਆ ਗਿਆ ਸੀ।”

ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਆਪਣੇ ਧੜੇ ਨੂੰ ਮਾਨਤਾ ਦਿਵਾਉਣੀ ਚਾਹੀਦੀ ਹੈ, ਜੋ ਕਿ ਰਾਜਪੁਰਾ ਵਿਖੇ ਬਿਜਲੀ ਸਮਝੌਤਿਆਂ ਦਾ ਵਿਰੋਧ ਕਰ ਰਹੀ ਸੀ ਅਤੇ ਇਸ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ। ਸਿੱਧੂ ਦੇ ਆਪਮੁਹਾਰੇ ਕੰਮਕਾਜ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਉਨ੍ਹਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਧਰਨਾ ਹੀ ਨਹੀਂ ਸੀ।

ਮੁੱਖ ਮੰਤਰੀ ਨੇ ਸਿੱਧੂ ਨੂੰ ਕਿਹਾ, “ਤੁਸੀਂ ਬਿਜਲੀ ਮੰਤਰੀ ਵਜੋਂ ਅਹੁਦਾ ਕਿਉਂ ਨਹੀਂ ਸੰਭਾਲਿਆ ਜਦੋਂ ਕਿ ਤੁਸੀਂ ਇਹਨਾਂ ਬਿਜਲੀ ਸਮਝੌਤਿਆਂ ਨੂੰ ਆਸਾਨੀ ਨਾਲ ਰੱਦ ਕਰ ਸਕਦੇ ਸੀ।” ਹਾਲਾਂਕਿ, ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਛੇਤੀ ਹੀ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰ ਦੇਵੇਗੀ ਪਰ ਬਦਕਿਸਮਤੀ ਨਾਲ ਤੁਸੀਂ ਇਸ ਇਤਿਹਾਸਕ ਫੈਸਲੇ ਦਾ ਗਵਾਹ ਬਣਨ ਲਈ ਸਦਨ ਵਿੱਚ ਮੌਜੂਦ ਨਹੀਂ ਹੋਵੋਗੇ।

ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਹੋਣ ਦੇ ਨਾਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ, “ਆਪ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਇਸ ਦੇ ਵਸਨੀਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਦੇਸ਼ ਦੇ ਅੰਦਰੋਂ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਕਿਸੇ ਵੀ ਸਾਰਥਕ ਵਿਕਾਸ ਮਾਡਲ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।”

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION