30.1 C
Delhi
Friday, May 10, 2024
spot_img
spot_img

ਨਾਭਾ ਜੇਲ੍ਹ ਦੀ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਸੁਖ਼ਜਿੰਦਰ ਸਿੰਘ ਰੰਧਾਵਾ

ਪਟਿਆਲਾ, 23 ਜੂਨ, 2019:
ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਨਾਭਾ ਦੀ ਨਵੀਂ ਜੇਲ੍ਹ ਦਾ ਦੌਰਾ ਕਰਕੇ ਬੀਤੇ ਦਿਨ, ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ‘ਤੇ ਹੋਏ ਘਾਤਕ ਹਮਲੇ ਮਗਰੋਂ ਉਪਜੀ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਸ੍ਰੀ ਰੋਹਿਤ ਚੌਧਰੀ, ਗ੍ਰਹਿ ਤੇ ਜੇਲ੍ਹ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ, ਆਈ.ਜੀ. ਪਟਿਆਲਾ ਜੋਨ ਸ. ਏ.ਐਸ. ਰਾਏ, ਡੀ.ਆਈ.ਜੀ. ਜੇਲਾਂ ਸ. ਲਖਮਿੰਦਰ ਸਿੰਘ ਜਾਖੜ ਵੀ ਮੌਜੂਦ ਸਨ।

ਜੇਲ੍ਹ ਮੰਤਰੀ ਸ. ਰੰਧਾਵਾ ਨੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਦੀ ਪੜਤਾਲ ਜਾਰੀ ਹੈ ਜਿਥੇ ਵੀ ਕਿਤੇ ਊਣਤਾਈ ਸਾਹਮਣੇ ਆਈ ਉਸਦੇ ਲਈ ਜਿੰਮੇਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇਗਾ ਅਤੇ ਜਲਦੀ ਹੀ ਇਸ ਦੀ ਰਿਪੋਰਟ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਹ ਬੇਅਦਬੀ ਘਟਨਾ ਦੇ ਬਾਕੀ ਦੋਸ਼ੀਆਂ ਨੂੰ ਜੇਲ ਅੰਦਰ ਮਿਲ ਕੇ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਹਿਲਾਂ ਕਦੇ ਉਨ੍ਹਾਂ ਨੂੰ ਅਜਿਹੀ ਘਟਨਾਂ ਬਾਬਤ ਕੋਈ ਧਮਕੀ ਨਹੀਂ ਮਿਲੀ ਅਤੇ ਨਾ ਹੀ ਕਦੇ ਕੋਈ ਅਜਿਹੀ ਗੱਲਬਾਤ ਹੋਈ ਹੈ।

ਸ. ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ‘ਚ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ।

ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਆਪਣੇ ਤੌਰ ‘ਤੇ ਵੱਡੀ ਰਾਸ਼ੀ ਖ਼ਰਚਕੇ ਜੇਲ੍ਹਾਂ ‘ਚ ਸੁਧਾਰ ਲਿਆਂਦੇ ਹਨ ਅਤੇ 11 ਜੇਲ੍ਹਾਂ ‘ਚ ਉਚ ਸੁਰੱਖਿਆ ਜ਼ੋਨ ਉਸਾਰੇ ਜਾ ਰਹੇ ਹਨ ਪਰੰਤੂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੁਲਿਸ ਸੁਧਾਰਾਂ ਦੀ ਤਰਜ ‘ਤੇ ਜੇਲ੍ਹਾਂ ‘ਚ ਸੁਧਾਰਾਂ ਲਈ ਵੀ ਫੰਡ ਮੁਹਈਆ ਕਰਵਾਏ।

ਉਨ੍ਹਾਂ ਕਿਹਾ ਕਿ ਜੇਲਾਂ ਨੂੰ ਬਾਡੀ ਸਕੈਨਰ ਹਾਈ ਸਕਿਉਰਟੀ ਜੋਨ ਤੇ ਹੋਰ ਤਕਨੀਕਾਂ ਦੀ ਲੋੜ ਹੈ, ਜਿਸ ਨੂੰ ਕੇਂਦਰ ਸਰਕਾਰ ਹੀ ਪੂਰਾ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ, ਜਿੱਥੇ ਖ਼ਤਰਨਾਕ ਗੈਂਗਸਟਰ ਤੇ ਹੋਰ ਅਪਰਾਧੀ ਬੰਦ ਕੀਤੇ ਜਾਂਦੇ ਹਨ, ‘ਚ ਸੁਧਾਰ ਲਈ ਘੱਟੋ-ਘੱਟ 100 ਕਰੋੜ ਰੁਪਏ ਦੀ ਰਾਸ਼ੀ ਲੋੜੀਂਦੀ ਹੈ, ਜਿਸ ਲਈ ਕੇਂਦਰ ਸਰਕਾਰ ਨਾਲ ਏ.ਡੀ.ਜੀ.ਪੀ. ਤੇ ਜੇਲ ਵਿਭਾਗ ਦੇ ਸਕੱਤਰ ਅਤੇ ਉਨ੍ਹਾਂ ਵੱਲੋਂ ਲਗਾਤਾਰ ਰਾਬਤਾ ਸਾਧਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਇਸ ਲਈ ਇੱਥੇ ਦੀਆਂ ਜੇਲ੍ਹਾਂ ‘ਚ ਸੁਧਾਰਾਂ ਲਈ ਵੱਖਰੇ ਫੰਡਾਂ ਦੀ ਲੋੜ ਹੈ।

ਸ. ਰੰਧਾਵਾ ਨੇ ਇੱਕ ਸਵਾਲ ਦੇ ਜੁਆਬ ‘ਚ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਜਾਇ ਕਾਂਗਰਸ ਸਰਕਾਰ ‘ਤੇ ਸਵਾਲ ਉਠਾਉਣ ਦੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ‘ਚ ਨਾਭਾ ਜੇਲ੍ਹ ਬਰੇਕ ਵਰਗੇ ਵੱਡੇ ਕਾਂਡ ਵਾਪਰੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION