ਨਵੀਂ ਦਿੱਲੀ, 2 ਨਵੰਬਰ, 2019 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਾਹਿਤ ਤੇ ਚਿੱਤਰਾਂ ਦੀ ਪ੍ਰਦਰਸ਼ਨੀ ਇਥੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਹੈ ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ । ਇਹ ਪ੍ਰਦਰਸ਼ਨੀ 14 ਨਵੰਬਰ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚੱਲੇਗੀ ਅਤੇ ਇਸ ਉਪਰੰਤ ਡੇਰਾ ਬਾਬ ਨਾਨਕ ਵਿਖੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਬਣੇ ਆਈ ਸੀ ਸੈਂਟਰ ‘ਤੇ ਇਸ ਸਾਹਿਤ ਤੇ ਚਿੱਤਰਾਂ ਦੀ ਪ੍ਰਦਰਸ਼ਨੀ ਪ੍ਰਦਰਸ਼ਤ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਸਿਰਸਾ ਨੇ ਦੱਸਿਆ ਕਿ ਉਂਝ ਤਾਂ ਇਥੇ ਹਰ ਸਾਲ ਗੁਰੂ ਸਾਹਿਬ ਦੇ ਇਤਿਹਾਸ, ਸਿੱਖ ਸਾਕੀਆਂ ਤੇ ਗੁਰਮਤਿ ਵਿਚਾਰਾਂ ਦੀ ਪੁਸਤਕਾਂ ਦੀ ਪ੍ਰਦਰਸ਼ਨੀ ਲੱਗਦੀ ਹੈ ਪਰ ਇਸ ਵਾਰ ਵਿਲੱਖਣ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿਚ ਸਾਹਿਤ ਦੇ ਨਾਲ ਨਾਲ ਨਵੇਂ ਤਿਆਰ ਕੀਤੇ ਚਿੱਤਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਤੱਕ ਜੀਵਨ ਕਾਲ ਨੂੰ ਦਰਸਾਇਆ ਗਿਆ ਹੈ। ਉਹਨਾਂ ਦੱਸਿਆ ਕਿ ਚਿੱਤਰਾਂ ਰਾਹੀਂ ਹੀ ਗੁਰੂ ਸਾਹਿਬ ਦੀਆਂ ਚਾਰ ਉਦਾਸੀਅ ਬਾਰੇ ਵੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਥੇ ਇਕ ਆਡੀਟੋਰੀਅਮ ਸੈਂਟਰ ਵੀ ਬਣਾਇਆ ਜਿਸ ਵਿਚ ਗੁਰੂ ਸਾਹਿਬ ਦੇ ਜੀਵਨ ਕਾਲ ‘ਤੇ ਬਣਾਈਆਂ ਲਾਈਵ ਵੀਡੀਓ ਵੀ ਪ੍ਰਦਰਸ਼ਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ‘ਤੇ ਉਹਨਾਂ ਲੋਕਾਂ ਨੂੰ ਵੀ ਆਪਣੇ ਨਾਲ ਜੋੜਿਆ ਜਾਵੇ ਜੋ ਹਾਲੇ ਤੱਕ ਗੁਰੂ ਸਾਹਿਬ ਦੇ ਸੰਦੇਸ਼ ਤੋਂ ਵਾਂਝੇ ਹਨ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਬਹੁਤ ਹੀ ਸੂਚਨਾਦਾਇਕ ਹੈ ਤੇ ਬੱਚਿਆਂ ਵਾਸਤੇ ਵੀ ਜਾਣਕਾਰੀ ਭਰਪੂਰ ਹੈ। ਉਹਨਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਬਾਰੇ ਜਾਣਕਾਰੀ ਸ਼ੇਅਰ ਕਰਦੇ ਹਨ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਕੋਲ ਇਸ ਬਾਰੇ ਜਾਣਕਾਰੀ ਪਹੁੰਚ ਸਕੇ।
ਉਹਨਾਂ ਨੇ ਸੰਗਤ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਪਹੁੰਚ ਕੇ ਇਥੇ ਆ ਕੇ ਇਹ ਪ੍ਰਦਰਸ਼ਨੀ ਵੇਖਣ ਅਤੇ ਆਪਣੇ ਦੋਸਤਾਂ ਨੂੰ ਵੀ ਵਿਖਾਉਣ।