44.1 C
Delhi
Monday, May 27, 2024
spot_img
spot_img
spot_img

ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 71ਵੇਂ ਵਣ ਮਹਾਂਉਤਸਵ ਮੌਕੇ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ

ਯੈੱਸ ਪੰਜਾਬ
ਚੰਡੀਗੜ੍ਹ, 24 ਅਗਸਤ, 2021 –
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ 71ਵੇਂ ਸੂਬਾ ਪੱਧਰੀ ਵਣ ਮਹਾਂਉਤਸਵ ਮੌਕੇ ਲੋਕਾਂ ਨੂੰ ਸਮਰਪਿਤ ਕਈ ਹੋਰ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਧਰਤੀ ‘ਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਦੇ ਮੱਦੇਨਜ਼ਰ ਜੰਗਲਾਂ ਅਤੇ ਵਾਤਾਵਰਣ ਵਿਚਲੇ ਮਹੱਤਵਪੂਰਣ ਸੰਬੰਧ ‘ਤੇ ਜ਼ੋਰ ਦਿੱਤਾ ਗਿਆ।

ਸ੍ਰੀ ਧਰਮਸੋਤ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੰਗਲਾਤ ਅਧੀਨ ਖੇਤਰ ਨੂੰ ਘਟਾਉਣ ਅਤੇ ਖੇਤੀਬਾੜੀ ਅਧੀਨ ਰਕਬੇ ਵਿੱਚ ਵਾਧੇ ਦੇ ਨਤੀਜੇ ਵਜੋਂ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਅਤੇ ਵਿਕਾਸ ਸਬੰਧੀ ਗਤੀਵਿਧੀਆਂ ਹਵਾ ਤੇ ਪਾਣੀ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦਾ ਕਾਰਨ ਬਣ ਰਹੀਆਂ ਹਨ।

ਉਹਨਾਂ ਅੱਗੇ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਸਥਿਰ ਰੱਖਣ ਦਾ ਇਕੋ ਇਕ ਜ਼ਰੀਆ ਜੰਗਲ ਹਨ ਜੋ ਵਾਯੂਮੰਡਲ ਵਿਚਲੀ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ।

ਸ. ਧਰਮਸੋਤ ਨੇ ਕਿਹਾ ਕਿ ਪਹਿਲਾ ਵਣ ਮਹਾਂਉਤਸਵ ਸਾਲ 1950 ਵਿੱਚ ਮਨਾਇਆ ਗਿਆ ਸੀ, ਜਦ ਕਿ ਪੰਜਾਬ ਵਿੱਚ ਅਜੇ ਵੀ ਜੰਗਲਾਂ ਅਧੀਨ ਰਕਬਾ ਘੱਟ ਹੈ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2030 ਤੱਕ ਜੰਗਲ ਅਧੀਨ ਰਕਬੇ ਨੂੰ 6.83 ਫ਼ੀਸਦ ਤੋਂ 7.5 ਫ਼ੀਸਦ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ। ਸਾਲ 2019 ਦੀ ਸੈਟੇਲਾਈਟ ਰਿਪੋਰਟ ਅਨੁਸਾਰ, ਸੂਬੇ ਵਿੱਚ ਜੰਗਲ ਅਧੀਨ ਰਕਬੇ ਵਿੱਚ 11.63 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ।

ਇਸ ਮੌਕੇ ਜੰਗਲਾਤ ਮੰਤਰੀ ਨੇ ਵੱਖ-ਵੱਖ ਸਰਕਾਰੀ ਏਜੰਸੀਆਂ ਜਿਵੇਂ ਡੀਸੀਜ਼/ ਡੀਐਫਓਜ਼/ ਪੈਰਾ ਮਿਲਟਰੀ ਫੋਰਸਿਜ਼/ ਸਕੂਲਾਂ ਅਤੇ ਹੋਰ ਭਾਈਵਾਲਾਂ ਜਿਵੇਂ ਐਨਜੀਓਜ਼ ਆਦਿ ਦੇ ਸਹਿਯੋਗ ਨਾਲ ਇੱਕ ਕਰੋੜ ਤੋਂ ਵੱਧ ਪੌਦੇ ਲਗਾਉਣ ਲਈ ਸੂਬਾ ਪੱਧਰੀ ਵਿਆਪਕ ਮੁਹਿੰਮ ਸ਼ੁਰੂ ਕੀਤੀ।

ਇਸ ਤੋਂ ਇਲਾਵਾ ਸੂਬੇ ਦੇ ਨਾਗਰਿਕਾਂ ਨੂੰ ਰੁੱਖਾਂ ਅਤੇ ਜੰਗਲਾਂ ਦੀ ਸੁਰੱਖਿਆ ਵਿੱਚ ਸਹਿਯੋਗ ਦੇ ਸਮਰੱਥ ਬਣਾਉਣ ਲਈ ਆਈ-ਰਖਵਾਲੀ ਮੋਬਾਈਲ ਐਪਲੀਕੇਸ਼ਨ ਸ਼ੁਰੂ ਕੀਤੀ ਜਿਸ ਜ਼ਰੀਏ ਲੋਕ ਜੰਗਲਾਂ ਨਾਲ ਜੁੜੇ ਅਪਰਾਧਾਂ ਸਬੰਧੀ ਸ਼ਿਕਾਇਤਾਂ ਸਿੱਧੇ ਸਬੰਧਤ ਅਧਿਕਾਰੀਆਂ ਕੋਲ ਭੇਜਣ ਦੇ ਯੋਗ ਹੋ ਜਾਣਗੇ।

ਸ਼ੁਰੂ ਕੀਤੇ ਹੋਰ ਪ੍ਰਾਜੈਕਟਾਂ ਵਿੱਚ ਸੂਬੇ ਦੇ ਸਭ ਤੋਂ ਪੁਰਾਣੇ ਦਰਖਤਾਂ ਦੀ ਸੁਰੱਖਿਆ ਲਈ ਇੱਕ ਨਵੀਂ ਯੋਜਨਾ ਵਿਰਾਸਤ-ਏ-ਦਰਖੱਤ ਯੋਜਨਾ ਸ਼ੁਰੂ ਕੀਤੀ ਜਿਸ ਤਹਿਤ ਪੁਰਾਣੇ ਦਰਖਤਾਂ ਨੂੰ ਵਿਰਾਸਤੀ ਦਰਖਤਾਂ ਦਾ ਦਰਜਾ ਦਿੱਤਾ ਜਾਵੇਗਾ। ਇਹ ਰੁੱਖਾਂ ਅਤੇ ਜੰਗਲਾਂ ਦੀ ਸੁਰੱਖਿਆ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਵਿੱਚ ਸਹਾਈ ਹੋਵੇਗਾ।

ਇਸ ਦੇ ਨਾਲ ਹੀ ਰੇਸ਼ਮ ਉਤਪਾਦਨ ਸਬੰਧੀ ਪ੍ਰਮੁੱਖ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪਠਾਨਕੋਟ ਵਿੱਚ 6 ਪਿੰਡਾਂ ਦੇ ਲਾਭਪਾਤਰੀਆਂ ਨੂੰ ਸ਼ਾਮਲ ਕਰਕੇ ਰੇਸ਼ਮ ਦੇ ਕੀੜੇ ਪਾਲਣ ਲਈ 46 ਘਰ ਅਤੇ ਸ਼ਹਿਤੂਤ ਦੇ 37500 ਪੌਦੇ ਲਗਾਏ ਜਾਣਗੇ ਜਿਸ ਨਾਲ 116 ਲਾਭਪਾਤਰੀਆਂ ਨੂੰ ਲਾਭ
ਮਿਲੇਗਾ।

ਸ. ਧਰਮਸੋਤ ਨੇ ਸਿਸਵਾਂ ਵਿਖੇ ਕੁਦਰਤ ਪ੍ਰਤੀ ਜਾਗਰੂਕਤਾ ਕੈਂਪ ਦਾ ਉਦਘਾਟਨ ਵੀ ਕੀਤਾ ਜਿਸ ਤਹਿਤ ਸੂਬੇ ਦੇ ਲੋਕਾਂ ਨੂੰ ਕੁਦਰਤ ਪ੍ਰਤੀ ਜਾਗਰੂਕ ਕਰਨ ਲਈ ਟੈਂਟ ਰਿਹਾਇਸ਼ ਸਹੂਲਤ (3 ਟੈਂਟ) ਸਥਾਪਤ ਕੀਤੀ ਗਈ। ਇਸ ਸਹੂਲਤ ਵਿੱਚ ਬੋਟਿੰਗ, ਈਕੋ ਟ੍ਰੇਲਸ, ਪੰਛੀ ਦੇਖਣਾ, ਟ੍ਰੈਕਿੰਗ ਅਤੇ ਸਾਈਕਲਿੰਗ ਰਾਹੀਂ ਕੁਦਰਤ ਨਾਲ ਰੂ-ਬ-ਰੂ ਕਰਵਾਉਣਾ ਸ਼ਾਮਲ ਹੈ।
ਪਿੰਡ ਚਮਰੌਦ, ਧਾਰ ਬਲਾਕ, ਪਠਾਨਕੋਟ ਵਿਖੇ ਕੁਦਰਤ ਜਾਗਰੂਕਤਾ ਕੈਂਪ ਦੇ ਦੂਜੇ ਪੜਾਅ ਵਿੱਚ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਚਾਰ ਹੋਰ ਟੈਂਟ ਸਥਾਪਤ ਕੀਤੇ ਗਏ। ਇਸ ਦੇ ਨਾਲ ਹੀ ਜ਼ਿਪ ਲਾਈਨ ਸਥਾਪਤ ਕੀਤੀ ਗਈ ਹੈ ਅਤੇ ਬੋਟਿੰਗ ਵੀ ਸ਼ੁਰੂ ਕੀਤੀ ਗਈ ਹੈ ਜਦਕਿ ਪਹਿਲੇ ਪੜਾਅ ਵਿੱਚ ਟੈਂਟ ਰਿਹਾਇਸ਼ ਹੀ ਸਥਾਪਤ ਕੀਤੀ ਗਈ ਸੀ।

ਇਸ ਤੋਂ ਇਲਾਵਾ ਨੇਚਰ ਇੰਟਰ-ਪ੍ਰਿਟੇਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਜਿਸ ਵਿੱਚ ਸੈਲਾਨੀਆਂ ਨੂੰ ਸ਼ਿਵਾਲਿਕ ਖੇਤਰ ਦੇ ਪੌਦਿਆਂ ਅਤੇ ਜੀਵ-ਜੰਤੂਆਂ ਬਾਰੇ ਜਾਗਰੂਕ ਕਰਨ ਸਬੰਧੀ ਸੁਵਿਧਾਜਨਕ ਸਹੂਲਤਾਂ ਹੋਣਗੀਆਂ।

ਪਿਛਲੇ 4 ਸਾਲਾਂ ਦੌਰਾਨ ਪੌਦੇ ਲਗਾਉਣ ਸਬੰਧੀ ਯਤਨਾਂ ਤਹਿਤ ਸੂਬੇ ਸਰਕਾਰ ਨੇ ਪੌਦੇ ਲਗਾਉਣ ਸਬੰਧੀ ਮੁਹਿੰਮ ਅਧੀਨ 2,14,00000 ਬੂਟੇ ਲਗਾ ਕੇ 21410 ਹੈਕਟੇਅਰ ਰਕਬਾ ਕਵਰ ਕੀਤਾ। ਇਸ ਤੋਂ ਇਲਾਵਾ, ਘਰ-ਘਰ ਹਰਿਆਲੀ ਸਕੀਮ ਅਧੀਨ 1,23,00000 ਦੇਸੀ ਕਿਸਮਾਂ ਦੇ ਪੌਦੇ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਸੂਬੇ ਦੇ 12986 ਪਿੰਡਾਂ ਵਿੱਚ 76 ਲੱਖ ਪੌਦੇ ਲਗਾਏ ਗਏ। ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ, ਸੂਬੇ ਵਿੱਚ 60 ਲੱਖ ਪੌਦੇ ਲਗਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਕਿਸਾਨਾਂ ਨੇ ਵੀ ਵੱਡੇ ਪੱਧਰ ‘ਤੇ ਐਗਰੋਫੌਰੈਸਟਰੀ ਨੂੰ ਅਪਣਾ ਕੇ ਸੂਬੇ ਵਿੱਚ ਰੁੱਖਾਂ ਅਧੀਨ ਰਕਬੇ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ। ਪਿਛਲੇ 4 ਸਾਲਾਂ ਦੌਰਾਨ ਸੂਬੇ ਵਿੱਚ 13039 ਕਿਸਾਨਾਂ ਨੇ 1 ਕਰੋੜ 49 ਲੱਖ ਪੌਦੇ ਲਗਾਏ ਹਨ।

ਸੂਬੇ ਵਿੱਚ ਜੰਗਲੀ ਜੀਵਾਂ ਦੀ ਸਥਿਤੀ ਨੂੰ ਸੁਧਾਰਨ ਦੇ ਸਾਂਝੇ ਯਤਨਾਂ ਦੇ ਹਿੱਸੇ ਵਜੋਂ, ਬਿਆਸ ਕੰਜ਼ਰਵੇਸ਼ਨ ਰਿਜ਼ਰਵ ਵਿੱਚ ਘੜਿਆਲ ਨੂੰ ਸਫ਼ਲਤਾਪੂਰਵਕ ਦੁਬਾਰਾ ਛੱਡਿਆ ਗਿਆ। ਕਈ ਦਹਾਕੇ ਪਹਿਲਾਂ, ਘੜਿਆਲ ਕੁਦਰਤੀ ਤੌਰ ‘ਤੇ ਬਿਆਸ ਦਰਿਆ ਵਿੱਚ ਪਾਏ ਜਾਂਦੇ ਸਨ, ਪਰ ਕਈ ਕਾਰਨਾਂ ਕਰਕੇ ਇਹ ਅਲੋਪ ਹੋ ਗਏ।

ਇੰਡਸ ਡਾਲਫਿਨ ਬਿਆਸ ਦਰਿਆ ਵਿੱਚ ਪਾਈ ਜਾਣ ਵਾਲੀ ਇੱਕ ਦੁਰਲੱਭ ਅਤੇ ਲੁਪਤ ਹੋ ਰਹੀ ਪ੍ਰਜਾਤੀ ਹੈ। ਇਸ ਪ੍ਰਜਾਤੀ ਨੂੰ ਉੱਚ ਸੁਰੱਖਿਆ ਦੇਣ ਲਈ, ਇਸ ਨੂੰ ਪੰਜਾਬ ਰਾਜ ਜਲ ਜੀਵ ਐਲਾਨਿਆ ਗਿਆ ਹੈ ਜਦਕਿ ਏਸ਼ੀਆ ਦਾ ਸਭ ਤੋਂ ਵੱਡਾ ਪੰਛੀਆਂ ਦਾ ਰਹਿਣ ਬਸੇਰਾ ਛੱਤਬੀੜ ਚਿੜੀਆਘਰ ਵਿੱਚ ਸਥਾਪਤ ਕੀਤਾ ਗਿਆ ਹੈ ਅਤੇ ਇਸ ਸਾਲ ਇੱਕ ਡਾਇਨਾਸੌਰ ਪਾਰਕ ਵੀ ਖੋਲ੍ਹਿਆ ਗਿਆ ਹੈ।

ਜੰਗਲਾਤ ਜ਼ਮੀਨ ‘ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਯਤਨਾਂ ਬਾਰੇ ਗੱਲ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਅਸੀਂ ਹਜ਼ਾਰਾਂ ਏਕੜ ਜ਼ਮੀਨ ਮੁੜ ਪ੍ਰਾਪਤ ਕਰਨ ਦੇ ਯੋਗ ਹੋਏ ਹਾਂ। ਜੰਗਲ ਅਧੀਨ ਰਕਬੇ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਗੰਭੀਰ ਸਮੇਂ ਦੌਰਾਨ ਜਦੋਂ ਮਰੀਜ਼ਾਂ ਨੂੰ ਆਕਸੀਜਨ ਦੀ ਸਖ਼ਤ ਜ਼ਰੂਰਤ ਸੀ, ਲੋਕਾਂ ਨੇ ਰੁੱਖਾਂ ਦੀ ਮਹਤੱਤਾ ਨੂੰ ਸਵੀਕਾਰਿਆ।

ਇਸ ਮੌਕੇ ਸ੍ਰੀ ਡੀ.ਕੇ. ਤਿਵਾੜੀ, ਵਿੱਤ ਕਮਿਸ਼ਨਰ, ਜੰਗਲਾਤ, ਸ੍ਰੀ ਸਾਧੂ ਸਿੰਘ ਸੰਧੂ, ਚੇਅਰਮੈਨ ਜੰਗਲਾਤ ਸਹਿਕਾਰਤਾ, ਸ੍ਰੀ ਵਿਦਿਆ ਭੂਸ਼ਣ ਕੁਮਾਰ, ਪੀਸੀਸੀਐਫ, ਪੰਜਾਬ, ਸ੍ਰੀ ਜਗਮੋਹਨ ਸਿੰਘ ਕੰਗ, ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ੍ਰੀ ਆਰ.ਕੇ. ਮਿਸ਼ਰਾ, ਚੀਫ਼ ਵਾਈਲਡ ਲਾਈਫ ਵਾਰਡਨ, ਸ੍ਰੀ ਪਰਵੀਨ ਕੁਮਾਰ, ਵਧੀਕ ਪੀਸੀਸੀਐਫ (ਐਫਸੀਏ) ਅਤੇ ਸੀਈਓ (ਸੀਏਐਮਪੀਏ), ਸ੍ਰੀ ਸੌਰਭ ਗੁਪਤਾ, ਵਧੀਕ ਪੀਸੀਸੀਐਫ (ਵਿਕਾਸ) ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION