36.1 C
Delhi
Thursday, May 9, 2024
spot_img
spot_img

ਜੇ.ਪੀ.ਐਮ.ਓ. ਨੇ ਕੀਤੀ ਕਿਸਾਨ ਸੰਘਰਸ਼ ਦੀ ਜਿੱਤ ਲਈ ਸੂਬਾ ਪੱਧਰੀ ਇਕਜੁੱਟਤਾ ਕਨਵੈਨਸ਼ਨ ਅਤੇ ਰੋਹ ਭਰਪੂਰ ਮਾਰਚ

ਯੈੱਸ ਪੰਜਾਬ
ਜਲੰਧਰ, 21 ਜਨਵਰੀ, 2021:
ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐਮ.ਓ.) ਪੰਜਾਬ ਵੱਲੋਂ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਪ੍ਰਭਾਵਸ਼ਾਲੀ ਨੁਮਾਇੰਦਾ ਕਨਵੈਨਸ਼ਨ ਕੀਤੀ ਗਈ। ਸਰਵ ਸਾਥੀ ਵਿਜੈ ਮਿਸ਼ਰਾ ਸੀ.ਟੀ.ਯੂ. ਪੰਜਾਬ, ਸਤੀਸ਼ ਰਾਣਾ ਪ.ਸ.ਸ.ਫ., ਕੁਲਵਿੰਦਰ ਸਿੰਘ ਗਰੇਵਾਲ ਐਨ.ਆਰ.ਐਮ.ਯੂ., ਕੁਲਦੀਪ ਸਿੰਘ ਖੰਨਾ ਟੀ.ਐਸ.ਯੂ. ’ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਨਿਗਰਾਨੀ ਹੇਠ ਹੋਈ ਸੂਬਾਈ ਕਨਵੈਨਸ਼ਨ ਵਿੱਚ ਹਾਜਰ ਪ੍ਰਤੀਨਿਧਾਂ ਵੱਲੋਂ ਜਨ ਸੰਗਰਾਮ ਦਾ ਰੂਪ ਧਾਰ ਚੁੱਕੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਜਿੱਤ ਲਈ ਹਰ ਪੱਧਰ ਤੇ ਵਿਸ਼ਾਲ ਲੋਕ ਲਾਮਬੰਦੀ ਕਰਨ ਦਾ ਮਤਾ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ।

ਮਤੇ ਰਾਹੀਂ ਇਹ ਵੀ ਨਿਰਣਾ ਲਿਆ ਗਿਆ ਕਿ ਕਿਸਾਨ ਘੋਲ ਦੀ ਸੁਚੱਜੀ ਅਗਵਾਈ ਕਰ ਰਹੇ ਸੰਗਠਨਾਂ ’ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦਾ ਹਰ ਸੱਦਾ ਲਾਗੂ ਕਰਨ ਲਈ ਗੰਭੀਰਤਾ ਨਾਲ ਹਰ ਕਿਸਮ ਦੇ ਯਤਨ ਕੀਤੇ ਜਾਣਗੇ।

ਕਨਵੈਨਸ਼ਨ ਵੱਲੋਂ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਵੱਲੋਂ ਲੋਕ ਰਾਇ ਦੀ ਅਣਦੇਖੀ ਕਰਦਿਆਂ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਸੰਵਿਧਾਨ ਵਿਰੋਧੀ-ਲੋਕ ਮਾਰੂ ਤਿੰਨੇ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਨਾਲ ਸਬੰਧਤ ਡਿਕਟੇਟਰਾਨਾ ਆਰਡੀਨੈਂਸ ਫੌਰੀ ਰੱਦ ਕੀਤੇ ਜਾਣ ਅਤੇ ਕਿਸਾਨੀ ਜਿਣਸਾਂ ਦੀਆਂ ਲਾਹੇਵੰਦ ਕੀਮਤਾਂ ’ਤੇ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ।

ਹਾਜਰ ਪ੍ਰਤੀਨਿਧਾਂ ਵਲੋਂ ਇਹ ਗੱਲ ਬਹੁਤ ਸੰਜੀਦਗੀ ਅਤੇ ਗੁੱਸੇ ਨਾਲ ਨੋਟ ਕੀਤੀ ਗਈ ਕਿ ਮੋਦੀ ਸਰਕਾਰ, ਅਡਾਨੀ-ਅੰਬਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੇ ਜੋਟੀਦਾਰ ਸਾਮਰਾਜੀ ਬਘਿਆੜਾਂ ਦੀ ਮੁਨਾਫਿਆਂ ਦੀ ਹਵਸ ਪੂਰੀ ਕਰਨ ਲਈ ਰੁਜਗਾਰ ਦੇ ਪ੍ਰਮੁੱਖ ਸ੍ਰੋਤਾਂ ਖੇਤੀਬਾੜੀ, ਪ੍ਰਚੂਨ ਵਿਉਪਾਰ ਅਤੇ ਛੋਟੇ ਤੇ ਦਰਮਿਆਨੇ ਉਦਯੋਗ-ਧੰਦਿਆਂ ਦੀ ਸੰਘੀ ਘੁੱਟਣ ਦੇ ਰਾਹ ਪਈ ਹੋਈ ਹੈ।

ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤੀ ਤਬਕਿਆਂ ਦੇ ਮਜਬੂਤ ਏਕੇ ਅਤੇ ਫੈਸਲਾਕੁੰਨ ਸੰਗਰਾਮਾਂ ਦੀ ਉਸਾਰੀ ਕਰਦਿਆਂ ਦੇਸ਼ ਦੀ ਏਕਤਾ-ਅਖੰਡਤਾ, ਪ੍ਰਭੂਸੱਤਾ ਅਤੇ ਸਵੈਮਾਣ ਦਾ ਖਾਤਮਾ ਕਰਨ ਵਾਲੀਆਂ, ਮੋਦੀ ਸਰਕਾਰ ਵਲੋਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ, ਸਾਮਰਾਜ ਦੇ ਨਿਰਦੇਸ਼ਾਂ ਤਹਿਤ ਬਣੀਆਂ ਨਵਉਦਾਰਵਾਦੀ ਨੀਤੀਆਂ ਰੱਦ ਕਰਵਾਉਣ ਲਈ ਪੂਰਾ ਤਾਣ ਲਾਇਆ ਜਾਵੇਗਾ।

ਮੋਦੀ ਸਰਕਾਰ ਦੀਆਂ ਫਿਰਕੂ-ਫੁੱਟ ਪਾਊ ਸਾਜਿਸ਼ਾਂ ਅਤੇ ਸੰਗਰਾਮੀ ਤੇ ਪ੍ਰਗਤੀ ਹਾਮੀ ਧਿਰਾਂ ਖਿਲਾਫ ਬੇਬੁਨਿਆਦ ਪ੍ਰਚਾਰ ਤੇ ਜਾਬਰ ਹਥਕੰਡਿਆਂ ਖਿਲਾਫ਼ ਵੀ ਵਿਸ਼ਾਲ ਸਾਂਝੇ ਘੋਲਾਂ ਦੀ ਉਸਾਰੀ ਦਾ ਫੈਸਲਾ ਕੀਤਾ ਗਿਆ।

ਹਾਜਰ ਪ੍ਰਤੀਨਿਧਾਂ ਸਨਮੁੱਖ ਸਰਵ ਸਾਥੀ ਮੰਗਤ ਰਾਮ ਪਾਸਲਾ, ਨੱਥਾ ਸਿੰਘ ਡਡਵਾਲ, ਤੀਰਥ ਸਿੰਘ ਬਾਸੀ, ਸ਼ਿਵ ਦੱਤ, ਰਾਮ ਲੁਭਾਇਆ, ਪਰਮਜੀਤ ਸਿੰਘ, ਪਰਵੀਨ ਕੁਮਾਰ ਨੇ ਵਿਚਾਰ ਰੱਖੇ।

ਬੁਲਾਰਿਆਂ ਨੇ ਦੇਸ਼ ਵਾਸੀਆਂ ਦੇ ਖੂਨ-ਪਸੀਨੇ ਦੀ ਕਮਾਈ ਚੋਂ ਅਦਾ ਕੀਤੇ ਟੈਕਸਾਂ ਰਾਹੀਂ ਉਸਾਰੇ, ਦੇਸ਼ ਦੀ ਸਵੈ ਨਿਰਭਰਤਾ ਅਤੇ ਗੌਰਵ ਦੇ ਪ੍ਰਤੀਕ ਜਨਤਕ ਖੇਤਰ ਦੇ ਅਦਾਰਿਆਂ ਨੂੰ ਮੁਫਤੋ-ਮੁਫਤੀ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਹੱਥੀਂ ਲੁਟਾਉਣ ਦੇ ਮੋਦੀ ਸਰਕਾਰ ਦੇ ਕਦਮਾਂ, ਕਿਰਤੀ ਸ਼੍ਰੇਣੀ ਦੇ ਅਧਿਕਾਰਾਂ ਦੀ ਸੀਮਤ ਗਰੰਟੀ ਕਰਦੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਦੇ ਖਾਤਮੇ ਦੀਆਂ ਸਾਜਿਸ਼ਾਂ, ਸਿੱਖਿਆ-ਸਿਹਤ ਸੇਵਾਵਾਂ-ਊਰਜਾ-ਸੜਕੀ, ਰੇਲ ਅਤੇ ਹਵਾਈ ਆਵਾਜਾਈ- ਰੱਖਿਆ ਅਤੇ ਸੰਚਾਰ ਖੇਤਰ ਦੇ ਅੰਨ੍ਹੇਵਾਹ ਨਿੱਜੀਕਰਨ ਵਿਰੁੱਧ ਅਤੇ ਠੇਕਾ ਪ੍ਰਣਾਲੀ ਦੇ ਖਾਤਮੇ ਲਈ ਤਿੱਖੇ ਸੰਘਰਸ਼ਾਂ ਦਾ ਸੱਦਾ ਦਿੱਤਾ।

ਕਨਵੈਨਸ਼ਨ ਦਾ ਆਰੰਭ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤਾ ਗਿਆ। ਮੰਚ ਸੰਚਾਲਨ ਸਾਥੀ ਮਹੀਪਾਲ ਵੱਲੋਂ ਕੀਤਾ ਗਿਆ। ਕਨਵੈਨਸ਼ਨ ਦੀ ਸਮਾਪਤੀ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION