38.1 C
Delhi
Tuesday, May 7, 2024
spot_img
spot_img

ਜਲੰਧਰ ਪ੍ਰਸ਼ਾਸਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਹਾਨਾਂਟਕ ਜੰਗ-ਏ-ਸਾਰਾਗੜ੍ਹੀ ਕਰਵਾਇਆ

ਯੈੱਸ ਪੰਜਾਬ
ਜਲੰਧਰ, 12 ਸਤੰਬਰ, 2022 –
ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੇ ਸ਼ਹੀਦਾਂ ਦੀ ਸ਼ਹਾਦਤ ਦੀ 125ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਮਵਾਰ ਸ਼ਾਮ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪੰਜਾਬ ਆਰਟ ਥੀਏਟਰ ਦਾ ਮਹਾਂਨਾਟਕ ਜੰਗ-ਏ-ਸਾਰਾਗੜ੍ਹੀ ਕਰਵਾਇਆ ਗਿਆ।

ਜ਼ਿਲ੍ਹੇ ਦੇ ਲੋਕਾਂ ਨੂੰ ਸਾਰਾਗੜ੍ਹੀ ਦੇ ਸੂਰਬੀਰਾਂ ਦੀ ਲਾਮਿਸਾਲ ਦਲੇਰੀ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਦੌਰਾਨ ਪੰਜਾਬ ਆਰਟ ਥੀਏਟਰ ਦੀ ਟੀਮ ਵੱਲੋਂ ਨਾਟਕ ਦਾ ਸ਼ਾਨਦਾਰ ਅਤੇ ਢੁੱਕਵਾਂ ਮੰਚਨ ਕੀਤਾ ਗਿਆ। ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਹਰਬਕਸ਼ ਸਿੰਘ ਲਾਟਾ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ ਜੰਗ-ਏ-ਸਾਰਾਗੜ੍ਹੀ ਦੌਰਾਨ 21 ਸਿੱਖ ਫੌਜੀਆਂ ਅਤੇ ਇਕ ਸਹਾਇਕ ਵੱਲੋਂ 10 ਹਜ਼ਾਰ ਤੋਂ ਵੱਧ ਅਫਗਾਨੀ ਪਸ਼ਤੂਨਾਂ ਦਾ 12 ਸਤੰਬਰ 1897 ਨੂੰ ਛੇ ਘੰਟੇ ਡਟਵਾਂ ਟਾਕਰਾ ਕਰਨ ਦੀ ਲੜੀਵਾਰ ਗਾਥਾ ਨੂੰ ਬਾਖੂਬੀ ਬਿਆਨ ਕੀਤਾ ਗਿਆ।

ਜੰਗ-ਏ-ਸਾਰਾਗੜ੍ਹੀ ਦੇ ਮੰਚਨ ਦੌਰਾਨ ਪੰਜਾਬ ਆਰਟ ਥੀਏਟਰ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ ਕਿ ਕਿਵੇਂ ਸਿੱਖ ਸਿਪਾਹੀਆਂ ਨੇ ਬਹਾਦਰੀ ਦੀ ਵਿਲੱਖਣ ਮਿਸਾਲ ਦਿੰਦਿਆਂ ਵਿਰੋਧੀਆਂ ਸਾਹਮਣੇ ਗੋਡੇ ਟੇਕਣ ਅਤੇ ਹਥਿਆਰ ਸੁੱਟਣ ਦੀ ਥਾਂ ਉਨ੍ਹਾਂ ਨੂੰ ਆਪਣੇ ਜੋਸ਼, ਜਜ਼ਬੇ ਤੇ ਬਹਾਦਰੀ ਸਦਕਾ ਭਾਜੜਾਂ ਪਾਈ ਰੱਖੀਆਂ।

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਹੋਰਨਾਂ ਆਈਆਂ ਸ਼ਖਸੀਅਤਾਂ ਨੇ ਬਹੁਤ ਹੀ ਗਹੁ ਨਾਲ ਜੰਗ-ਏ-ਸਾਰਾਗੜ੍ਹੀ ਦੀ ਪੇਸ਼ਕਾਰੀ ਨੂੰ ਵਾਚਿਆ ਅਤੇ ਸ਼ਹੀਦਾਂ ਨੂੰ ਸਿੱਜਦਾ ਕੀਤਾ। ਮਹਾਂਨਾਟਕ ਦੀ ਸਮਾਪਤੀ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਦੇ ਪਿੰਡ ਕਦੋਲਾ ਵਿੱਚ ਜਨਮੇ ਸਰਦਾਰ ਰਾਮ ਸਿੰਘ ਜੀ, ਜੋ ਸਾਰਾਗੜ੍ਹੀ ਦੀ ਜੰਗ ਵੇਲੇ 36 ਸਿੱਖ ਰੈਜੀਮੈਂਟ, ਜੋ ਹੁਣ 4 ਸਿੱਖ ਰੈਜੀਮੈਂਟ ਹੈ, ਦਾ ਹਿੱਸਾ ਸਨ ਅਤੇ ਪਠਾਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ, ਦੇ ਪਰਿਵਾਰਕ ਮੈਂਬਰ ਰਾਜਵਿੰਦਰ ਕੌਰ ਨੂੰ ਸ਼ਾਲ ਭੇਟ ਕੀਤਾ ਗਿਆ।

ਜੰਗ-ਏ-ਸਾਰਾਗੜ੍ਹੀ ਦੇ ਸਫ਼ਲ ਮੰਚਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਭਾਰਤ ਪੈਟਰੋਲੀਅਮ, ਪੀ.ਕੇ.ਐਫ ਤੋਂ ਅਲੋਕ ਸੌਂਧੀ, ਪਟੇਲ ਹਸਪਤਾਲ ਤੋਂ ਡਾ. ਸਵਪਨ ਸੂਦ, ਐਚ.ਆਰ. ਇੰਡਸਟਰੀ ਤੋਂ ਸੁਸ਼ਾਂਤ ਸ਼ਰਮਾ, ਸਾਵੀ ਇੰਟਰਨੈਸ਼ਨਲ ਤੋਂ ਮੁਕੁਲ ਵਰਮਾ ਨੇ ਵਿਸ਼ੇਸ਼ ਸਹਿਯੋਗ ਕੀਤਾ।

ਪਾਵਰਕਾਮ ਦੇ ਸਾਬਕਾ ਕਾਰਜਕਾਰੀ ਇੰਜੀਨੀਅਰ ਕਰਮਜੀਤ ਸਿੰਘ ਨੂਰ ਨੇ ਜੰਗ-ਏ-ਸਾਰਾਗੜ੍ਹੀ ਮਹਾਂਨਾਟਕ ਦੀ ਸ਼ੁਰੂਆਤ ਤੋਂ ਪਹਿਲਾਂ ਸਾਰਾਗੜ੍ਹੀ ਜੰਗ ’ਤੇ ਆਧਾਰਿਤ ਨਜ਼ਮ ਬਾਖੂਬੀ ਪੇਸ਼ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੂਰਾਲ, ਆਮ ਆਦਮੀ ਪਾਰਟੀ ਦੇ ਆਗੂ ਮੰਗਲ ਸਿੰਘ, ਅੰਮ੍ਰਿਤਪਾਲ ਸਿੰਘ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖਸੀਅਤਾਂ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION