ਜਲੰਧਰ, 1 ਮਾਰਚ, 2020:
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਥਾਨਕ ਗੋਪਾਲ ਨਗਰ ਵਿਖੇ ਸਥਿਤ ਸਵਾਮੀ ਸੰਤ ਦਾਸ ਉਦਾਸੀਨ ਆਸ਼ਰਮ ਵਿਖੇ ਸਵਾਮੀ ਸ਼ਾਂਤਾਨੰਦ ਜੀ ਨੂੰ ਹੜ੍ਹਾਂ ਦੌਰਾਨ ਲੋਕਾਂ ਦੇ ਬਚਾਓ ਅਤੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਧ ਚੜ੍ਹ ਕੇ ਮਦਦ ਕਰਨ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਅੱਜ ਗੋਪਾਲ ਨਗਰ ਵਿਖੇ ਸਥਿਤ ਆਸ਼ਰਮ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਨੇ ਸਵਾਮੀ ਸ਼ਾਂਤਾਨੰਦ ਜੀ ਮਹਾਰਾਜ ਨਾਲ ਭੇਟ ਕੀਤੀ ਅਤੇ ਆਸ਼ਰਮ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਸਵਾਮੀ ਸ਼ਾਂਤਾਨੰਦ ਜੀ ਮਹਾਰਾਜ ਨੂੰ ਪ੍ਰਸੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੌਰਾਨ ਆਸ਼ਰਮ ਵਲੋਂ ਲੋਕਾਂ ਦੇ ਬਚਾਓ ਅਤੇ ਮੁੜ ਵਸੇਬੇ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਤਲੁਜ ਵਿਚ ਆਏ ਹੜ੍ਹ ਦੌਰਾਨ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ,ਜਿਸ ਕਾਰਨ ਉਨਾਂ ਦੀ ਰਾਹਤ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਸੀ।
ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਕਾਰਜ਼ ਵਿਚ ਸਵਾਮੀ ਸ਼ਾਂਤਾਨੰਦ ਜੀ ਦੀ ਅਗਵਾਈ ਵਿਚ ਆਸ਼ਰਮ ਨੇ ਵੱਡਮੁੱਲਾ ਯੋਗਦਾਨ ਪਾਇਆ। ਉਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਨਿਸ਼ਕਾਮ ਸੇਵਾ ਕਰਦਿਆਂ ਆਸ਼ਰਮ ਨੇ ਲੋਕਾਂ ਨੂੰ ਪਾਣੀ,ਰਸਦ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਕੇ ਫੌਰੀ ਰਾਹਤ ਪਹੁੰਚਾਈ। ਜਿਸ ਨਾਲ ਉਨਾਂ ਦੇ ਜ਼ਖਮਾਂ ਤੇ ਮਲਹਮ ਲੱਗੀ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਸ਼ਰਮ ਦੇ ਇਸ ਵੱਡਮੁੱਲੇ ਯੋਗਦਾਨ ਲਈ ਹਮੇਸ਼ਾ ਰਿਣੀ ਰਹੇਗਾ।
ਉਨਾਂ ਕਿਹਾ ਕਿ ਇਹ ਪ੍ਰਸੰਸਾ ਪੱਤਰ ਆਸ਼ਰਮ ਵਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਦੇ ਸਤਿਕਾਰ ਵਜੋਂ ਪ੍ਰਸ਼ਾਸਨ ਵਲੋਂ ਇੱਕ ਨਿਮਾਨੀ ਜਿਹੀ ਭੇਟ ਹੈ। ਉਨਾਂ ਆਸ਼ਰਮ ਵਲੋਂ ਸਵਾਮੀ ਸੰਤ ਦਾਸ ਸਕੂਲ ਰਾਹੀਂ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਦੇ ਕੀਤੇ ਜਾ ਰਹੇ ਯਤਨਾ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਉਨਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਵੀ ਆਸ਼ਰਮ ਸਵਾਮੀ ਸੰਤ ਦਾਸ ਜੀ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ ਹੋਏ ਦੇਸ਼ ਅਤੇ ਸਮਾਜ ਦੀ ਇੰਝ ਹੀ ਨਿਸ਼ਕਾਮ ਸੇਵਾ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਰਾਮ ਦਾਸ ਜੀ, ਬਾਬਾ ਚਰਨਦਾਸ ,ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਸੰਤ ਕੁਮਾਰ ਜੁਨੇਜਾ,ਸ੍ਰੀ ਗੁਰਬਖਸ਼ ਸਿੰਘ, ਸ੍ਰੀ ਕੇ.ਕੇ ਮੱਕੜ,ਸ੍ਰੀ ਗੁਰਦੀਪ ਸਿੰਘ ਕਾਲੜਾ, ਸ੍ਰੀ ਅਤਰਜੀਤ ਸਿੰਘ,ਸ੍ਰੀ ਸੰਤੋਖ ਸਿੰਘ,ਸ੍ਰੀ ਕਰਨੈਲ ਸਿੰਘ,ਸ੍ਰੀ ਜੋਨੀ ਸਿੰਘ,ਸ੍ਰੀ ਪ੍ਰੇਮ ਸਿੰਘ,ਸ੍ਰੀ ਰਾਜਪਾਲ ਸਿੰਘ,ਸ੍ਰੀ ਗੁਰਚਰਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।