ਨਵੀਂ ਦਿੱਲੀ, 1 ਸਤਬੰਰ, 2020 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਦਿਆ ਸਿੰਘ ਲਾਹੌਰੀਆ ਨੂੰ ਟੀ ਵੀ ਅਤੇ ਹੋਰ ਸਹੂਲਤਾਂ ਦੇਣ ਫੈਸਲਾ ਬੜੀ ਦੇਰ ਤੋਂ ਲੋੜੀਂਦਾ ਸੀ ਕਿਉਂਕਿ ਇਹ ਉਹਨਾਂ ਦਾ ਹੱਕ ਸਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਖੁਦ ਤਤਕਾਲੀ ਲੀਗਲ ਸੈਲ ਚੇਅਰੈਨ ਸ੍ਰੀ ਜਸਵਿੰਦਰ ਸਿੰਘ ਜੌਲੀ ਨਾਲ ਰਲ ਕੇ ਵਕੀਲ ਸ੍ਰੀ ਐਚ ਐਸ ਹੋਰਾ ਰਾਹੀਂ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਜਿਸ ਵਿਚ ਇਹ ਮੰਗ ਕੀਤੀ ਸੀ ਕਿ ਹਾਈ ਸੁਰੱਖਿਆ ਵਾਰਡ ਅਤੇ ਜਨਰਲ ਵਾਰਡ ਵਿਚ ਵਿਤਕਰਾ ਨਾ ਕਰਦੇ ਹੋਏ ਸਿੱਖ ਕੈਦੀਆਂ ਨੂੰ ਉਹਨਾਂ ਦੇ ਹੱਕ ਅਨੁਸਾਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਦਿਆ ਸਿੰਘ ਲਾਹੌਰੀਆ ਸਿੱਖ ਕੌਮ ਦੇ ਨਾਇਕ ਹਨ ਜਿਹਨਾਂ ਨੂੰ ਵੱਖ ਵੱਖ ਕੇਸਾਂ ਵਿਚ ਸਜ਼ਾਵਾਂ ਮਿਲੀਆਂ ਹੋਈਆਂ ਹਨ ਪਰ ਜੇਲ ਦੇ ਨਿਯਮਾਂ ਦੇ ਮੁਤਾਬਕ ਇਹਨਾਂ ਨੂੰ ਬਣਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਨਿਯਮਾਂ ਅਨੁਸਾਰ ਸਹੂਲਤਾਂ ਦੀ ਮੰਗ ਕੀਤੀ ਸੀ ਤੇ ਸਾਡੀ ਮੰਗ ਨੂੰ ਅਦਾਲਤ ਨੇ ਸਵੀਕਾਰ ਕੀਤਾ ਹੈ ਜਿਸ ਲਈ ਅਸੀਂ ਅਦਾਲਤ ਦੇ ਧੰਨਵਾਦੀ ਹਾਂ।
ਸ੍ਰੀ ਸਿਰਸਾ ਨੇ ਕਿਹਾ ਕਿ ਸਿਰਫ ਦਿੱਲੀ ਕਮੇਟੀ ਹੀ ਨਹੀਂ ਬਲਕਿ ਸਮੁੱਚੇ ਸਿੱਖ ਕੌਮ ਵਾਸਤੇ ਭਾਈ ਹਵਾਰਾ ਤੇ ਭਾਈ ਦਿਆ ਸਿੰਘ ਲਾਹੌਰੀਆ ਸਾਡੇ ਨਾਇਕ ਹਨ। ਉਹਨਾਂ ਕਿਹਾ ਕਿ ਸਿਰਫ ਇਹੀ ਆਗੂ ਨਹੀਂ ਬਲਕਿ ਸਿੱਖੀ ਕੌਮ ਦੇ ਹਰ ਸੂਰਮੇ ਵਾਸਤੇ ਅਸੀਂ ਹਰ ਤਰ•ਾਂ ਦੀ ਅਦਾਲਤੀ ਜੰਗ ਲੜਨ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਹਾਂ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਸੇਵਾ ਸਭ ਤੋਂ ਵੱਡਮੁੱਲੀ ਸੇਵਾ ਤੇ ਸਿੱਖ ਨਾਇਕਾਂ ਵਾਸਤੇ ਕੰਮ ਕਰਨਾ ਆਪਣੇ ਆਪ ਵਿਚ ਸੁਭਾਗ ਪੂਰਨ ਹੈ।
ਸ੍ਰੀ ਸਿਰਸਾ ਨੇ ਐਲਾਨ ਕੀਤਾ ਕਿ ਸਿੱਖ ਕੈਦੀਆਂ ਦੇ ਮਾਮਲੇ ਵਿਚ ਲੋੜ ਪੈਣ ‘ਤੇ ਉਹ ਦੁਨੀਆਂ ਦੀ ਕਿਸੇ ਵੀ ਅਦਾਲਤ ਵਿਚ ਕੇਸ ਲੜਨ ਲਈ ਤਿਆਰ ਬਰ ਤਿਆਰ ਹਨ। ਉਹਨਾਂ ਕਿਹਾ ਕਿ ਸਾਡੇ ਵਾਸਤੇ ਸਾਡੀ ਕੌਮ ਸਾਡਾ ਵਿਰਸਾ ਸਭ ਤੋਂ ਉਪਰ ਹੈ ਤੇ ਇਸ ਵਾਸਤੇ ਜੇਕਰ ਅਸੀਂ ਜਾਨ ਵੀ ਵਾਰ ਦੇਈਏ ਤਾਂ ਘੱਟ ਹੈ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ