ਯੈੱਸ ਪੰਜਾਬ
ਚੰਡੀਗੜ੍ਹ, 21 ਜੂਨ, 2019:
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਐਸ.ਪੀ. ਬਲਜੀਤ ਸਿੰਘ ਸਿੱਧੂ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਅਗਾਊਂ ਜ਼ਮਾਨਤ ਦੇ ਦਿੱਤੀ ਪਰ ਨਾਲ ਹੀ ਐਸ.ਪੀ. ’ਤੇ ਇਹ ਸ਼ਰਤ ਵੀ ਲਾਈ ਕਿ ਉਹ ਇਸ ਮਾਮਲੇ ਵਿਚ 12 ਜੁਲਾਈ ਨੂੰ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਹੋਣਗੇ।
ਐਸ.ਪੀ.ਸਿੱਧੂ ਨੂੰ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ ਦੇ ਸੰਬੰਧ ਵਿਚ ਬਣੀ ਐਸ.ਆਈ.ਟੀ. ਵੱਲੋਂ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਐਸ.ਪੀ. ਸਿੱਧੂ ਗਿਰਫ਼ਤਾਰੀ ਤੋਂ ਬਚਾਅ ਲਈ ਅਗਾਊਂ ਜ਼ਮਾਨਤ ਸੰਬੰਧੀ ਯਤਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਕੋਟਕਪੂਰਾ ਗੋਲੀ ਕਾਂਡ ਵੇਲੇ ਡੀ.ਐਸ.ਪੀ. ਦੇ ਤੌਰ ’ਤੇ ਮੌਕੇ ’ਤੇ ਮੌਜੂਦ ਬਲਜੀਤ ਸਿੱਧੂ ਨੂੰ ਫ਼ਰੀਦਕੋਟ ਅਦਾਲਤ ਵੱਲੋਂ 13 ਜੂਨ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਉਨ੍ਹਾਂ ਹਾਈਕੋਰਟ ਦਾ ਰੁਖ਼ ਕੀਤਾ ਸੀ।
ਬੀਤੇ ਕਲ੍ਹ ਐਸ.ਪੀ. ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਸ਼ੁੱਕਰਵਾਰ ਲਈ ਨੋਟਿਸ ਕੀਤਾ ਗਿਆ ਸੀ ਅਤੇ ਅੱਜ ਇਸ ਮਾਮਲੇ ਵਿਚ ਬਹਿਸ ਸੁਨਣ ਉਪਰੰਤ ਹਾਈਕੋਰਟ ਨੇ ਐਸ.ਪੀ.ਸਿੱਧੂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਪਰ ਇਹ ਸ਼ਰਤ ਵੀ ਰੱਖ ਦਿੱਤੀ ਕਿ 12 ਜੁਲਾਈ ਨੂੰ ਉਨ੍ਹਾਂ ਨੂੰ ਹਰ ਹਾਲ ਫ਼ਰੀਦਕੋਟ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।
ਐਸ.ਪੀ.ਸਿੱਧੂ ਦੇ ਵਕੀਲਾਂ ਨੇ ਇਹ ਤਰਕ ਦਿੱਤਾ ਕਿ ਉਸ ਵੇਲੇ ਡੀ.ਐਸ.ਪੀ. ਦੇ ਤੌਰ ’ਤੇ ਕੋਟਕਪੂਰਾ ਵਿਚ ਮੌਜੂਦ ਐਸ.ਪੀ. ਸਿੱਧੂ ਮੌਕੇ ਦਾ ‘ਕਮਾਂਡਿੰਗ ਅਫ਼ਸਰ’ ਨਹੀਂਸੀ ਸਗੋਂ ਉੱਥੇ ਉਸ ਤੋਂ ਸੀਨੀਅਰ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਦੇ ਹੁਕਮਾਂ ’ਤੇ ਹੀ ਕੋਈ ਕਾਰਵਾਈ ਹੋਣੀ ਸੀ।
ਇਕ ਤਰਕ ਇਹ ਵੀ ਦਿੱਤਾ ਗਿਆ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਕਿਸੇ ਨੇ ਵੀ ਐਸ.ਪੀ.ਸਿੱਧੂ ਦਾ ਨਾਂਅ ਨਹੀਂ ਲਿਆ ਅਤੇ ਨਾ ਹੀ ਉਨ੍ਹਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ।