32.8 C
Delhi
Monday, May 13, 2024
spot_img
spot_img

ਕੈਪਟਨ ਵੱਲੋਂ ਕੋਰੋਨਾਵਾਇਰਸ ਦੀ ਜਾਂਚ ਲਈ ਨਿੱਜੀ ਹਸਪਤਾਲਾਂ ਤੇ ਲੈਬਾਂ ਨੂੰ ਵੀ ਅਧਿਕਾਰਤ ਕਰਨ ਦੀ ਵਕਾਲਤ

ਚੰਡੀਗੜ੍ਹ, 19 ਮਾਰਚ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰੋਨਾ ਵਾਇਰਸ ਕਾਰਨ ਦੇਸ਼ ਵਿਚ ਸਥਿਤੀ ਹੋਰ ਗੰਭੀਰ ਹੋਣ ਦਾ ਖਦਸ਼ਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਿੱਜੀ ਹਸਪਤਾਲਾਂ ਤੇ ਲੈਬਾਂ ਨੂੰ ਇਸ ਵਾਇਰਸ ਦੀ ਜਾਂਚ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਸ਼ੱਕੀ ਮਾਮਲਿਆਂ ਵਿੱਚ ਜਾਂਚ ਕਰਵਾਉਣ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਇਸ ਵਾਇਰਸ ਨਾਲ ਪੰਜਾਬ ਅੰਦਰ ਅੱਜ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਇਸ ਖਤਰਨਾਕ ਵਾਇਰਸ ਵਿਰੁੱਧ ਜੰਗੀ ਪੱਧਰ ‘ਤੇ ਲੜਾਈ ਛੇੜਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਹਸਪਤਾਲਾਂ ਤੇ ਲੈਬਾਂ ਨੂੰ ਕਰੋਨਾ ਵਾਇਰਸ ਦੀ ਜਾਂਚ ਦੀ ਇਜਾਜ਼ਤ ਦੇਣ ਸਬੰਧੀ ਮਸਲਾ ਕੱਲ੍ਹ ਪ੍ਰਧਾਨ ਮੰਤਰੀ ਵਲੋਂ ਸਾਰੇ ਮੁੱਖ ਮੰਤਰੀਆਂ ਨਾਲ ਹੋਣ ਵਾਲੀ ਵੀਡੀਓ ਕਾਨਫਰੰਸ ਦਰਮਿਆਨ ਚੁੱਕਣਗੇ।

ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਸਬੰਧੀ ਇਕ ਸੰਮੇਲਨ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਸਾਰੇ ਵੱਡੇ ਸ਼ਹਿਰਾਂ ਤੇ ਕਸਬਿਆਂ ਅੰਦਰ ਨਿੱਜੀ ਲੈਬਾਂ ਹਨ, ਜਿਸ ਕਰਕੇ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਕਰੋਨਾ ਨਾਲ ਪ੍ਰਭਾਵਿਤ ਕਿਸੇ ਸ਼ੱਕੀ ਵਿਅਕਤੀ ਨੂੰ ਆਪਣੀ ਜਾਂਚ ਲਈ ਚੰਡੀਗੜ੍ਹ ਜਾਂ ਕਿਸੇ ਹੋਰ ਥਾਂ ‘ਤੇ ਜਾਣਾ ਪਵੇ।

ਉਨ੍ਹਾਂ ਕਿਹਾ ਕਿ ਉਹ ਬਹੁਤ ਆਸ਼ਾਵਾਦੀ ਵਿਅਕਤੀ ਹਨ, ਪਰ ਜਿਸ ਤਰੀਕੇ ਨਾਲ ਸਾਰੇ ਵਿਸ਼ਵ ਵਿਚ ਕਰੋਨਾ ਵਾਇਰਸ ਨੇ ਪੈਰ ਪਸਾਰੇ ਹਨ, ਉਸ ਅਨੁਸਾਰ ਭਾਰਤ ਨੂੰ ਔਖੇ ਸਮੇਂ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਅਜੇ ਭਾਰਤ ਵਿਚ ਦਾਖਲ ਹੋਇਆ ਹੈ, ਪਰ ਦੂਜੇ ਦੇਸ਼ਾਂ ਵਿਚ ਇਸਦੇ ਫੈਲਾਅ ਦੇ ਪੈਮਾਨੇ ਦੇ ਮੱਦੇਨਜ਼ਰ ਇਸ ਹੋਰ ਤੇਜ਼ੀ ਨਾਲ ਪਸਾਰ ਦਾ ਅੰਦੇਸ਼ਾ ਹੈ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਇਹ ਮਸ਼ਵਰਾ ਵੀ ਦਿੱਤਾ ਕਿ ਕਰੋਨਾ ਵਾਇਰਸ ਕਾਰਨ ਰੋਜ਼ੀ ਰੋਟੀ ਤੋਂ ਵੀ ਮੁਥਾਜ਼ ਹੋਣ ਵਾਲੇ ਗਰੀਬ ਤਬਕੇ ਦੇ ਲੋਕਾਂ ਦੀ ਸਹਾਇਤਾ ਲਈ ਪੰਜਾਬ ਦੇ ਗੋਦਾਮਾਂ ਅੰਦਰ ਪਿਆ ਅਨਾਜ ਵੰਡਣ ਦੀ ਮਨਜ਼ੂਰੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਕਿਉਂਕਿ ਇਹ ਅਨਾਜ ਕੇਂਦਰ ਸਰਕਾਰ ਦਾ ਹੈ ਅਤੇ ਕੇਂਦਰੀ ਖੁਰਾਕ ਨਿਗਮ ਵਲੋਂ ਪੰਜਾਬ ਵਿੱਚੋਂ 20 ਮਿਲੀਅਨ ਟਨ ਅਨਾਜ ਚੁੱਕਿਆ ਜਾਣਾ ਬਾਕੀ ਹੈ, ਜਿਸ ਕਰਕੇ ਇਸ ਔਖੇ ਸਮੇਂ ਵਿਚ ਲੋੜਵੰਦਾਂ ਦੀ ਮਦਦ ਲਈ ਅਨਾਜ ਵੰਡਣ ਦਾ ਫੈਸਲਾ ਕੇਂਦਰ ਸਰਕਾਰ ‘ਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਇਹ ਅਨਾਜ ਨਾ ਕੇਵਲ ਪੰਜਾਬ ਸਗੋਂ ਸਾਰੇ ਦੇਸ਼ ਵਿਚ ਲੋੜ ਅਨੁਸਾਰ ਵੰਡਿਆ ਜਾ ਸਕਦਾ ਹੈ, ਜਿਸ ਨਾਲ ਗਰੀਬ ਤਬਕੇ ਦੇ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ।

ਮੁੱਖ ਮੰਤਰੀ ਵਲੋਂ ਪੰਜਾਬ ਦੇ ਇਕ 70 ਸਾਲਾ ਵਿਅਕਤੀ , ਜੋ ਕਿ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ 7 ਮਾਰਚ ਨੂੰ ਭਾਰਤ ਪੁੱਜਾ ਸੀ, ਦੀ ਕਰੋਨਾ ਵਾਇਰਸ ਕਾਰਨ ਮੌਤ ਤੋਂ ਬਾਅਦ ਨਿੱਜੀ ਲੈਬਾਂ ਰਾਹੀਂ ਟੈਸਟਿੰਗ ਦੀ ਇਜ਼ਾਜ਼ਤ ਦੇਣ ਦੀ ਮੰਗ ਉਠਾਈ ਗਈ ਹੈ। ਮ੍ਰਿਤਕ ਵਿਅਕਤੀ ਸ਼ੂਗਰ ਤੇ ਉੱਚ ਤਣਾਅ ਤੋਂ ਪੀੜਤ ਸੀ ਅਤੇ ਉਸਦੀ ਮੌਤ ਤੋਂ ਬਾਅਦ ਹੀ ਉਸਦੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਹੈ।

ਕਰੋਨਾ ਵਾਇਰਸ ਦੀ ਰੋਕਥਾਮ ਲਈ ਹੋਰ ਗੰਭੀਰ ਤੇ ਸਖਤ ਕਦਮ ਚੁੱਕਣ ਦੀ ਲੋੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੇਕਾਂ ਇਹਤਿਆਤੀ ਫੈਸਲੈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਮਜ਼ੋਰ ਵਿੱਤੀ ਹਾਲਤ ਨੂੰ ਕਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ਜਾਂਚ, ਇਕਾਂਤ ‘ਚ ਰੱਖਣ ਤੇ ਇਲਾਜ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਗੁਰਦੁਆਰਾ ਸਾਹਿਬਾਨਾਂ ਤੇ ਹੋਰ ਧਾਰਮਿਕ ਸਥਾਨਾਂ ਉੱਪਰ ਇਕੱਠਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਦੀ ਧਾਰਮਿਕ ਸੰਸਥਾਵਾਂ/ਆਗੂਆਂ ਨੂੰ ਅਪੀਲ ਕਰ ਚੁੱਕੇ ਹਨ ਇਸ ਥਾਂ ‘ਤੇ 50 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਆਸ ਜਤਾਈ ਕਿ ਸਾਰੇ ਧਾਰਮਿਕ ਆਗੂ ਮਨੁੱਖਤਾ ਦੀ ਖਾਤਰ ਇਸ ਫੈਸਲੇ ਨਾਲ ਸਹਿਮਤੀ ਜਤਾਉਂਦੇ ਹੋਏ ਇਸਦੀ ਪਾਲਣਾ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ ਚੁੱਕੇ ਗਏ ਕਦਮ ਕੇਵਲ ਤੇ ਕੇਵਲ ਲੋਕਾਂ ਦੀ ਭਲਾਈ ਲਈ ਹਨ।

ਪ੍ਰਦੂਸ਼ਣ ਦੀ ਸਮੱਸਿਆ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਸਾੜਨ ਦੀ ਥਾਂ ਖੇਤਾਂ ਵਿਚ ਹੀ ਨਿਪਟਾਉਣ ਲਈ ਵੱਡਮੁੱਲੇ ਯਤਨ ਕੀਤੇ ਗਏ ਹਨ ਪਰ ਇਸ ਲਈ ਕੇਂਦਰ ਸਰਕਾਰ ਦੇ ਵਡੇਰੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਦੇ ਨਿਪਟਾਰੇ ਲਈ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਸਬੰਧੀ ਕੇਂਦਰ ਸਰਕਾਰ ਕੋਲੋਂ ਅਨੇਕਾਂ ਵਾਰ ਮੰਗ ਰੱਖ ਚੁੱਕੇ ਹਨ ਪਰ ਕੇਂਦਰ ਸਰਕਾਰ ਵਲੋਂ ਅਜੇ ਤੱਕ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ ਹੈ।

ਉਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਪੰਜਾਬ ਦੇ ਗੋਦਾਮਾਂ ਅੰਦਰ ਪਏ ਅਨਾਜ ਨੂੰ ਚੁੱਕਣ ਦੇ ਨਾਲ-ਨਾਲ ਪਰਾਲੀ ਅਤੇ ਨਾੜ ਦੇ ਪ੍ਰਬੰਧਨ ਲਈ 100 ਰੁਪੈ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕਰੇ ਤਾਂ ਜੋ ਛੋਟੀ ਕਿਸਾਨੀ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵਲੋਂ ਕਰਜ਼ਾ ਮੁਕਤੀ ਯੋਜਨਾ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਤੇਜ਼ੀ ਨਾਲ ਹੋ ਰਹੀ ਗਿਰਾਵਟ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਆਪਣੀ ਇਸ ਇਕਲੌਤੀ ਕੁਦਰਤੀ ਦਾਤ ਨੂੰ ਹੋਰਨਾਂ ਰਾਜਾਂ ਨੂੰ ਦੇਣ ਦੇ ਸਮਰੱਥ ਨਹੀਂ ਹੈ।

ਉਨ੍ਹਾਂ ਚੇਤੇ ਕਰਵਾਇਆ ਕਿ ਹਰਿਆਣਾ ਰਾਜ ਦੇ ਗਠਨ ਵੇਲੇ ਪਾਣੀ ਤੋਂ ਬਿਨਾਂ ਸਾਰੇ ਸ੍ਰੋਤਾਂ ਵਿਚੋਂ ਪੰਜਾਬ ਨੂੰ 60 ਫੀਸਦੀ ਹਿੱਸਾ ਦਿੱਤਾ ਗਿਆ ਸੀ, ਜਿਸ ਕਾਰਨ ਪਾਣੀ ਦੀ ਕਮੀ ਕਾਰਨ ਕਿਸਾਨੀ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION