29 C
Delhi
Monday, May 6, 2024
spot_img
spot_img

ਕੈਪਟਨ ਨੇ ਪੰਜਾਬ ਨੂੰ ਵਪਾਰ ਲਈ ਸਭ ਤੋਂ ਸੁਰੱਖ਼ਿਅਤ ਸਥਾਨ ਵਜੋਂ ਕੀਤਾ ਪੇਸ਼, 30 ਸਾਲਾਂ ਤੋਂ ਨਾ ਕੋਈ ਲਾਕਆਊਟ, ਨਾ ਹੜਤਾਲ

ਯੈੱਸ ਪੰਜਾਬ
ਚੰਡੀਗੜ, 16 ਅਪ੍ਰੈਲ, 2021:
ਇਨਵੈਸਟ ਪੰਜਾਬ ਰਾਹੀਂ ਜਾਪਾਨ ਤੋਂ ਸੂਬੇ ਵਿਚ ਨਿਵੇਸ਼ ਲਿਆਉਣ ਪ੍ਰਤੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਚ ‘ਛੋਟਾ ਜਾਪਾਨ’ ਬਣਾਉਣ ਦੀ ਸੋਚ ਦਾ ਪ੍ਰਗਟਾਵਾ ਕੀਤਾ ਜੋ ਕਿ ਸੂਬੇ ਵਿਚ ਮੌਜੂਦਾ ਸਮੇਂ ਵਪਾਰਕ ਗਤੀਵਿਧੀਆਂ ਚਲਾ ਰਹੀਆਂ 100 ਤੋਂ ਵੱਧ ਜਾਪਾਨੀ ਕੰਪਨੀਆਂ ਨਾਲ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਵੇਗੀ।

ਇਨਵੈਸਟ ਪੰਜਾਬ ਦੇ ਜਾਪਾਨ ਡੈਸਕ ਵੱਲੋਂ ਪੰਜਾਬ ਵਿਚ ਨਿਵੇਸ਼ ਦੇ ਮੌਕੇ ਤਲਾਸ਼ਣ ਲਈ ਟੋਕੀਓ ਵਿਚਲੇ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਕਰਵਾਏ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਮੌਕੇ ਮੁੱਖ ਮੰਤਰੀ ਨੇ ਵਰਚੁਅਲ ਤੌਰ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਪਾਰਕ ਗਤੀਵਿਧੀਆਂ ਚਲਾਉਣ ਪੱਖੋਂ ਸਭ ਤੋਂ ਸੁਰੱਖਿਅਤ ਸਥਾਨ ਹੈ ਕਿਉਂ ਜੋ ਇੱਥੇ ਬੀਤੇ 30 ਵਰਿਆਂ ਦੌਰਾਨ ਨਾ ਤਾਂ ਕੋਈ ਲਾਕਆਊਟ ਅਤੇ ਨਾ ਹੀ ਕੋਈ ਹੜਤਾਲ ਵੇਖਣ ਨੂੰ ਮਿਲੀ ਹੈ।

ਉਨਾਂ ਅੱਗੇ ਕਿਹਾ, ‘‘ਭਾਰਤ ਸਰਕਾਰ ਵੱਲੋਂ ਇਨਵੈਸਟ ਪੰਜਾਬ ਨੂੰ ਚੋਟੀ ਦੀ ਕਾਰਗੁਜ਼ਾਰੀ ਵਾਲੀ ਸੂਬਾਈ ਨਿਵੇਸ਼ ਪ੍ਰੋਮੋਸ਼ਨ ਅਥਾਰਟੀ ਐਲਾਨਿਆ ਗਿਆ ਹੈ ਅਤੇ ਇੱਥੇ ਜਾਪਾਨ ਡੈਸਕ ਦੀ ਸਥਾਪਨਾ ਵੀ ਕੀਤੀ ਗਈ ਹੈ ਤਾਂ ਜੋ ਸੂਬੇ ਵਿਚ ਨਿਵੇਸ਼ ਕਰਨ ਦੇ ਚਾਹਵਾਨ ਜਾਪਾਨੀ ਨਿਵੇਸ਼ਕਾਰਾਂ ਦੀ ਮਦਦ ਕੀਤੀ ਜਾ ਸਕੇ ਅਤੇ ਜਾਪਾਨ ਤੇ ਪੰਜਾਬ ਦੀਆਂ ਕੰਪਨੀਆਂ ਨੂੰ ਇੱਕ ਸਾਂਝਾ ਮੰਚ ਮਿਲ ਸਕੇ।’’

ਜਾਪਾਨੀ ਉਦਯੋਗਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਟੈਕਨੀਕਲ ਟੈਕਸਟਾਈਲ, ਇੰਜੀਨੀਅਰਿੰਗ, ਫਾਰਮਾ ਤੇ ਮੈਡੀਕਲ ਉਪਕਰਣ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਭਾਈਵਾਲੀ ਦੀ ਕਾਫੀ ਸੰਭਾਵਨਾ ਹੈ। ਉਨਾਂ ਇਹ ਗੱਲ ਵੀ ਦੁਹਰਾਈ ਕਿ ਸੂਬੇ ਵਿਚ ਜਾਪਾਨੀ ਉਦਯੋਗਿਕ ਟਾਊਨਸ਼ਿਪ ਦੇ ਵਿਕਾਸ ਲਈ ਰਾਜਪੁਰਾ ਨੇੜੇ 1000 ਏਕੜ ਜ਼ਮੀਨ ਵੀ ਮੁਹੱਈਆ ਕਰਵਾਈ ਜਾਵੇਗੀ।

ਆਪਣੇ ਉਦਘਾਟਨੀ ਭਾਸ਼ਣ ਵਿੱਚ ਜਾਪਾਨ ’ਚ ਭਾਰਤੀ ਰਾਜਦੂਤ ਸੰਜੇ ਵਰਮਾ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਜਾਪਾਨੀ ਕੰਪਨੀਆਂ ਦਾ ਸਵਾਗਤ ਕੀਤਾ। ਉਨਾਂ ਪੰਜਾਬ ਨੂੰ ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿੱਚੋਂ ਇੱਕ ਵਜੋਂ ਪੇਸ਼ ਕੀਤਾ ਜੋ ਕੌਮਾਂਤਰੀ ਕੰਪਨੀਆਂ ਲਈ ਤਰਜੀਹੀ ਨਿਵੇਸ਼ ਸਥਾਨ ਵੀ ਹੈ।

ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਉੱਤੇ ਚਾਨਣਾ ਪਾਉਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਵਿੱਚ ਹੋਰਨਾਂ ਲਈ ਚਾਨਣ ਮੁਨਾਰਾ ਬਣਨ ਦੇ ਰਾਹ ’ਤੇ ਹੈ। ਸੂਬੇ ਵਿਚਲੇ ਨਿਵੇਸ਼ਕ ਪੱਖੀ ਮਾਹੌਲ ਨਾਲ ਪੰਜਾਬ ਸਰਕਾਰ ਨੂੰ 80,000 ਕਰੋੜ ਰੁਪਏ ਦੇ ਨਿਵੇਸ਼ ਹਾਸਲ ਹੋਏ ਹਨ ਜੋ ਲਾਗੂਕਰਨ ਦੇ ਵੱਖ ਵੱਖ ਪੜਾਵਾਂ ’ਤੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਤਿੰਨ ਥਾਵਾਂ ’ਤੇ 1000 ਏਕੜ ਤੋਂ ਵੱਧ ਜ਼ਮੀਨ ਦੇਖੀ ਹੈ ਜਿਸਦੀ ਜਾਪਾਨੀ ਉਦਯੋਗਾਂ ਦੁਆਰਾ ਘੋਖ ਕੀਤੀ ਜਾ ਸਕਦੀ ਹੈ।

ਇਸ ਮੌਕੇ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਾਪਾਨ ਅਤੇ ਪੰਜਾਬ ਦਰਮਿਆਨ ਦੁਵੱਲੇ ਸਬੰਧ ਸਥਾਪਤ ਕਰਨ ਲਈ ਪੰਜਾਬ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਚੀਨ ਨੂੰ ਛੱਡ ਰਹੀਆਂ ਜਾਪਾਨੀ ਕੰਪਨੀਆਂ ਲਈ ਪੰਜਾਬ ਨੂੰ ਇੱਕ ਆਕਰਸ਼ਕ ਥਾਂ ਵਜੋਂ ਪੇਸ਼ ਕੀਤਾ।

ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਸੂਬੇ ਵਿੱਚ ਜਾਪਾਨੀ ਕੰਪਨੀਆਂ ਲਈ ਵੱਖ ਵੱਖ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੱਤੀ। ਰਾਜ ਵਿਚ ਖੇਤਰੀ ਸਮਰੱਥਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਰਾਜ ਵਿਚ ਨਿਵੇਸ਼ ਦੇ ਅਨੁਕੂਲ ਵੱਖ-ਵੱਖ ਪੱਖਾਂ ਜਿਵੇਂ ਕਿ ਸ਼ਾਂਤਮਈ ਕਿਰਤ ਸਬੰਧਾਂ, ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਅਧੀਨ ਨਿਵਾਸ ਦੀ ਸ਼ਰਤ ਦੇ ਬਿਨਾਂ ਲਾਹੇਵੰਦ ਰਿਆਇਤਾਂ ਅਤੇ ਇਨਵੈਸਟ ਪੰਜਾਬ ਦੇ ਵਨ ਸਟਾਪ ਆਫਿਸ ਮਾਡਲ ਬਾਰੇ ਜਾਣਕਾਰੀ ਦਿੱਤੀ।

ਭਾਰਤ ਦੇ ਟੋਕੀਓ ਸਫ਼ਾਰਤਖਾਨੇ ਵਿਚ ਮੰਤਰੀ (ਈ ਐਂਡ ਸੀ) ਮੋਨਾ ਖੰਧਾਰ ਨੇ ਭਾਰਤ-ਜਾਪਾਨ ਉਦਯੋਗਿਕ ਅਤੇ ਤਕਨੀਕੀ ਸਹਿਯੋਗ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਥਾਂ ਵਜੋਂ ਪੰਜਾਬ ਦੀ ਮਹੱਤਤਾ ’ਤੇ ਚਾਨਣਾ ਪਾਇਆ।

ਸੈਸ਼ਨ ਵਿੱਚ ਐਮਡੀ ਅਤੇ ਸੀਈਓ ਐਸ.ਐਮ.ਐਲ. ਇਸੂਜੂ ਯੂਗੋ ਹਾਸ਼ੀਮੋਤੋ ਅਤੇ ਐਮਡੀ ਯਨਮਰ ਇੰਡੀਆ ਪ੍ਰਾਈਵੇਟ ਲਿਮਟਿਡ ਕਾਜ਼ੂਨੋਰੀ ਅਜ਼ੀਕੀ ਨੇ ਪੰਜਾਬ ਵਿਚ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨਾਂ ਢੁੱਕਵੀਂ ਗਿਣਤੀ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਅਤੇ ਕਾਰੋਬਾਰ ਕਰਨ ਵਿੱਚ ਸੌਖ ਦੇ ਲਿਹਾਜ਼ ਤੋਂ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸੰਪੂਰਨ ਸਹਿਯੋਗ ਬਾਰੇ ਵੀ ਗੱਲ ਕੀਤੀ।

ਜਾਪਾਨ ਦੀਆਂ ਸਰਕਾਰੀ ਸੰਸਥਾਵਾਂ ਤੋਂ ਨੁਮਾਇੰਦੇ ਜਿਵੇਂ ਕਿ ਡਿਪਟੀ ਡਾਇਰੈਕਟਰ-ਜਨਰਲ, ਅਰਥ-ਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ, ਜਾਪਾਨ ਸਰਕਾਰ, ਓਸਾਮੂ ਓਨੋਡੀਰਾ ਨੇ ਉਮੀਦ ਜਤਾਈ ਕਿ ਜਾਪਾਨ ਅਤੇ ਪੰਜਾਬ ਸਨਅਤੀ ਸਹਿਯੋਗ ਲਈ ਆਪਣੇ ਸਬੰਧਾਂ ਨੂੰ ਮਜਬੂਤ ਕਰਨ ਦੇ ਯੋਗ ਹਨ।

ਇਸੇ ਤਰਾਂ ਜਾਪਾਨ ਵਿਦੇਸ਼ੀ ਵਪਾਰ ਸੰਗਠਨ (ਜੇ.ਈ.ਟੀ.ਆਰ.ਓ.) ਦੇ ਕਾਰਜਕਾਰੀ ਉਪ ਪ੍ਰਧਾਨ, ਕਾਜੂਯਾ ਨਾਕਾਜੋ ਨੇ ਪੰਜਾਬ ਦੇ ਅਨੁਕੂਲ ਮਾਹੌਲ ਬਾਰੇ ਗੱਲ ਕੀਤੀ ਜਿਸ ਵਿੱਚ ਇਸਦੀ ਰਣਨੀਤਕ ਥਾਂ, ਕਾਬਲ ਲੀਡਰਸ਼ਿਪ, ਬਿਜਲੀ ਦੀ ਢੁੱਕਵੀਂ ਉਪਲੱਬਧਤਾ, ਆਕਰਸ਼ਕ ਰਿਆਇਤਾਂ ਅਤੇ ਮਜ਼ਬੂਤ ਯੋਜਨਾਬੰਦੀ ਤੇ ਸੰਪਰਕ ਸ਼ਾਮਲ ਹਨ।

ਇਨਵੈਸਟ ਪੰਜਾਬ ਦੀ ਏ.ਸੀ.ਈ.ਓ. ਈਸ਼ਾ ਕਾਲੀਆ ਨੇ ਜਾਪਾਨ ਅਤੇ ਪੰਜਾਬ ਦੇ ਮਜ਼ਬੂਤ ਦੁਵੱਲੇ ਸਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇ ਵਿੱਚ ਨਿਵੇਸ਼ ਕਰਨ ਲਈ ਜਾਪਾਨੀ ਉਦਯੋਗਾਂ ਦਾ ਸਵਾਗਤ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION